29 ਅਗਸਤ 2024 : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਅੱਜ ਐੱਮਪੀ/ਐੱਮਐੱਲਏ ਅਦਾਲਤ ਵਿੱਚ ਆਤਮ-ਸਮਰਪਣ ਕੀਤਾ, ਜਿਸ ਮਗਰੋਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਉਨ੍ਹਾਂ ਦੇ ਵਕੀਲ ਮਦਨ ਸਿੰਘ ਨੇ ਕਿਹਾ, ‘‘ਸੰਜੇ ਸਿੰਘ ਨੇ ਇੱਥੋਂ ਦੀ ਐੱਮਪੀ/ਐੱਮਐੱਲਏ ਅਦਾਲਤ ’ਚ ਆਤਮ-ਸਮਪਰਣ ਕੀਤਾ। ਅਦਾਲਤ ਨੇ 50,000 ਰੁਪਏ ਦੇ ਮੁਚਲਕੇ ’ਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ।’’ ਇਹ ਜ਼ਮਾਨਤੀ ਬਾਂਡ ਇਲਾਹਾਬਾਦ ਹਾਈ ਕੋਰਟ ਦੀਆਂ ਹਦਾਇਤਾਂ ’ਤੇ ਭਰਿਆ ਗਿਆ। ਇਲਾਹਾਬਾਦ ਹਾਈ ਕੋਰਟ ਨੇ 22 ਅਗਸਤ ਨੂੰ ਸੁਲਤਾਨਪੁਰ ਦੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਦੇ ਅਮਲ ’ਤੇ ਰੋਕ ਲਗਾਈ ਸੀ। ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਵਿੱਚ ਇਕ ਪ੍ਰਦਰਸ਼ਨ ਦੌਰਾਨ ਆਵਾਜਾਈ ਵਿੱਚ ਅੜਿੱਕਾ ਡਾਹੁਣ ਅਤੇ ਹਿੰਸਾ ਭੜਕਾਉਣ ਦੇ ਦੋਸ਼ ਹੇਠ ਪਿਛਲੇ ਸਾਲ 11 ਜਨਵਰੀ ਨੂੰ ਸੰਜੇ ਸਿੰਘ ਨੂੰ ਤਿੰਨ ਮਹੀਨੇ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਸੀ।