supreme court

ਨਵੀਂ ਦਿੱਲੀ (ਪੀਟੀਆਈ), 14 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਸੁਪਰੀਮ ਕੋਰਟ ਨੇ ਇਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਚਾਰ ਦਹਾਕਿਆਂ ਤੋ ਜ਼ਿਆਦਾ ਸਮੇਂ ਬਾਅਦ ਧੀਆਂ ਨੂੰ ਉਨ੍ਹਾਂ ਦੇ ਪਿਤਾ ਦੀ ਜਾਇਦਾਦ ’ਤੇ ਅਧਿਕਾਰ ਦਿਵਾਇਆ ਹੈ। ਸਰਬਉੱਚ ਅਦਾਲਤ ਨੇ ਜਾਇਦਾਦ ਵਿਵਾਦ ਦੇ ਇਸ ਮਾਮਲੇ ’ਚ ਇਕ ਵਿਅਕਤੀ ਦੇ ਗੋਦ ਲਏ ਪੁੱਤਰ ਸੰਬੰਧੀ ਦਸਤਾਵੇਜ਼ ਖ਼ਾਰਜ ਕਰਨ ਦੇ ਇਲਾਹਾਬਾਦ ਹਾਈ ਕੋਰਟ ਦੇ ਆਦੇਸ਼ ’ਚ ਦਖ਼ਲ ਦੇਣ ਤੋਂ ਨਾਂਹ ਕਰ ਦਿੱਤੀ। ਕੋਰਟ ਨੇ ਕਿਹਾ ਕਿ ਇਹ ਧੀਆਂ ਨੂੰ ਉਨ੍ਹਾਂ ਦੇ ਪਿਤਾ ਦੀ ਜਾਇਦਾਦ ਹਾਸਲ ਕਰਨ ਦੇ ਅਧਿਕਾਰ ਤੋਂ ਵਾਂਝਾ ਕਰਨ ਦੀ ਇਕ ਸੋਚੀ-ਸਮਝੀ ਚਾਲ ਹੈ।

ਹਾਈ ਕੋਰਟ ਨੇ 1983 ’ਚ ਦਾਖ਼ਲ ਕੀਤੇ ਗੋਦ ਲਏ ਪੁੱਤਰ ਸੰਬੰਧੀ ਦਸਤਾਵੇਜ਼ ਦੀ ਜਾਇਜ਼ਤਾ ’ਤੇ ਫੈਸਲਾ ਕਰਨ ’ਚ ਚਾਰ ਦਹਾਕਿਆਂ ਤੋਂ ਵੱਧ ਦੀ ਦੇਰੀ ’ਤੇ ਵੀ ਅਫ਼ਸੋਸ ਪ੍ਰਗਟਾਇਆ। ਇਸ ਦੇ ਨਾਲ ਹੀ ਕੋਰਟ ਨੇ ਕਿਹਾ ਕਿ ਦਸਤਾਵੇਜ਼ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ ਬੱਚੇ ਨੂੰ ਗੋਦ ਲੈਣ ਵਾਲੇ ਵਿਅਕਤੀ ਨੇ ਆਪਣੀ ਪਤਨੀ ਦੀ ਸਹਿਮਤੀ ਲਈ ਸੀ ਜਾਂ ਨਹੀਂ। ਇਹ ਇਕ ਲਾਜ਼ਮੀ ਸ਼ਰਤ ਹੈ।

ਸ਼ਿਵ ਕੁਮਾਰੀ ਦੇਵੀ ਤੇ ਹਰਮੁਨੀਆ ਉੱਤਰ ਪ੍ਰਦੇਸ਼ ਵਾਸੀ ਭੁਨੇਸ਼ਵਰ ਸਿੰਘ ਦੀਆਂ ਧੀਆਂ ਹਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਪਟੀਨਸ਼ਨਰ ਅਸ਼ੋਕ ਕੁਮਾਰ ਨੇ ਦਾਅਵਾ ਕੀਤਾ ਕਿ ਭੁਨੇਸ਼ਵਰ ਸਿੰਘ ਨੇ ਉਸ ਨੂੰ ਉਨ੍ਹਾਂ ਦੇ ਜੈਵਿਕ ਪਿਤਾ ਸੂਬੇਦਾਰ ਸਿੰਘ ਤੋਂ ਇਕ ਸਮਾਗਮ ਵਿਚ ਗੋਦ ਲਿਆ ਸੀ। ਅਦਾਲਤ ਸਾਹਮਣੇ ਇਸ ਦਾਅਵੇ ਨਾਲ ਸੰਬੰਧਿਤ ਇਕ ਤਸਵੀਰ ਵੀ ਪੇਸ਼ ਕੀਤੀ ਗਈ ਸੀ। ਅਸ਼ੋਕ ਕੁਮਾਰ ਨੇ ਭੁਨੇਸ਼ਵਰ ਸਿੰਘ ਦੀ ਵਿਰਾਸਤ ’ਤੇ ਵੀ ਦਾਅਵਾ ਕੀਤਾ।

ਜਸਟਿਸ ਸੂਰਿਆਕਾਂਤ ਤੇ ਐੱਨ ਕੋਟਿਸ਼ਵਰ ਸਿੰਘ ਦੇ ਬੈਂਚ ਨੇ ਹਾਈ ਕੋਰਟ ਦੇ 11 ਦਸੰਬਰ, 2024 ਦੇ ਆਦੇਸ਼ ਖ਼ਿਲਾਫ਼ ਅਸ਼ੋਕ ਕੁਮਾਰ ਵੱਲੋਂ ਦਰਜ ਕੀਤੀ ਗਈ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ। ਹਾਈ ਕੋਰਟ ਨੇ 9 ਅਗਸਤ, 1967 ਦੇ ਗੋਦ ਲਏ ਪੁੱਤਰ ਸੰਬੰਧੀ ਦਸਤਾਵੇਜ਼ ਦੀ ਜਾਇਜ਼ਤਾ ਨੂੰ ਮੰਨਣ ਤੋਂ ਨਾਂਹ ਕਰਦਿਆਂ ਕਿਹਾ ਕਿ ਲਾਜ਼ਮੀ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਆਪਣੇ ਹਾਲੀਆ ਆਦੇਸ਼ ’ਚ ਕਿਹਾ ਕਿ ਹਾਈ ਕੋਰਟ ਨੇ ਉਸ ਦਸਤਾਵੇਜ਼ ਨੂੰ ਖ਼ਾਰਜ ਕਰ ਕੇ ਸਹੀ ਕੀਤਾ ਹੈ ਜਿਸ ਦੀ ਕੋਈ ਕਾਨੂੰਨੀ ਜਾਇਜ਼ਤਾ ਨਹੀਂ ਹੈ।

ਸੰਖੇਪ : ਸੁਪਰੀਮ ਕੋਰਟ ਨੇ ਧੀਆਂ ਨੂੰ ਆਪਣੇ ਪਿਤਾ ਦੀ ਜਾਇਦਾਦ ‘ਤੇ ਅਧਿਕਾਰ ਦਿੱਤਾ ਅਤੇ ਗੋਦ ਲਏ ਪੁੱਤਰ ਦਾ ਦਾਅਵਾ ਖਾਰਜ ਕਰ ਦਿੱਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।