7 ਜੂਨ (ਪੰਜਾਬੀ ਖਬਰਨਾਮਾ): ਪਹਿਲਾਂ ਰੇਡੀਓ ਸਟੇਸ਼ਨ ’ਤੇ ਅਨਾਊਂਰ ਸੀ ਤੇ ਉਸ ਦਾ ਪਹਿਲਾ ਨਾਂ ਬਲਰਾਜ ਦੱਤ ਸੀ। ਉਸ ਨੇ ਵਿਆਹ ਤੋਂ ਪਹਿਲਾਂ ਆਪਣੀ ਪਤਨੀ ਨਰਗਿਸ ਦੀ ਇੰਟਰਵਿਊ ਕੀਤੀ ਸੀ ਤੇ ਉਸ ਸ਼ਖ਼ਸ ਨੂੰ ਬਦਲਵੇਂ ਨਾਂ ਸੁਨੀਲ ਦੱਤ ਨਾਲ ਪਛਾਣ ਮਿਲੀ। ਫਿਲਮ ਉਯੋਦਗ ’ਚ ਬਤੌਰ ਹੀਰੋ ਉਸ ਦੀ ਪਹਿਲੀ ਫਿਲਮ ‘ਰੇਲਵੇ ਪਲੇਟਫਾਰਮ’ ਸੀ। ਫਿਲਮ ਮਦਰ ਇੰਡੀਆ ’ਚ ਬੇਸ਼ੱਕ ਨਰਗਿਸ ਦੇ ਪਤੀ ਦੇ ਰੂਪ ਵਿਚ ਹੀਰੋ ਰਾਜ ਕੁਮਾਰ ਸੀ ਪਰ ਨਰਗਿਸ ਦੇ ਦੂਸਰੇ ਬੇਟੇ ਵਜੋਂ ਸੁਨੀਲ ਦੱਤ ਸੀ, ਜਿਸ ਵੱਲੋਂ ਨਿਭਾਏ ਬਿਰਜੂ ਦੀ ਬਹੁਤ ਸਲਾਹੁਣਾ ਹੋਈ। ਇਸ ਕਾਲੇ ਬਿਰਜੂ ਦੇ ਪਾਤਰ ਨੂੰ ਹੀ ਨੀਝ ਨਾਲ ਪਰਖਦੇ-ਪੜਚੋਲਦੇ ਹੋਏ ਕਹਾਣੀਕਾਰ ਤੇ ਡਾਇਲਾਗ ਰਾਈਟਰ ਸਲੀਮ ਜਾਵੇਦ ਹੁਰਾਂ ਜ਼ੰਜੀਰ, ਦੀਵਾਰ ਆਦਿ ਫਿਲਮਾਂ ਵਿਚ ਅਮਿਤਾਬ ਬਚਨ ਨੂੰ ਐਂਗਰੀਯੰਗ ਮੈਨ ਵਜੋਂ ਘੜਿਆ ਸੀ। ਇਸ ਬਾਰੇ ਬਕੌਲ ਜਾਵੇਦ ਦੇ ਕਥਨ ਦੀ ਪ੍ਰੋੜਤਾ ਕਰਦਿਆਂ ਇਹ ਮੰਨ ਸਕਦੇ ਹਾਂ ਕਿ ਫਿਲਮੀ ਪਰਦੇ ਦਾ ਸਭ ਤੋਂ ਪਹਿਲਾ ਕਿਰਦਾਰ ਜੋ ਸੁਨੀਲ ਹੁਰਾਂ ਨਿਭਾਇਆ, ਉਹ ਅਂੈਗਰੀਮੈਨ ਬਿਰਜੂ ਦਾ ਹੀ ਸੀ। ਅਗਾਂਹ ਹੋਰ ਅਨੇਕਾਂ ਫਿਲਮਾਂ ਵਿਚ ਵੀ ਉਨ੍ਹਾਂ ਵੱਲੋਂ ਨਿਭਾਏ ਵਿਭਿੰਨ ਕਿਰਦਾਰਾਂ ਨਾਲ ਇਹ ਐਗਰਰੀਮੈਨ ਦੀ ਛਾਪ ਹੋਰ ਪੱਕੀ ਹੰੁਦੀ ਚਲੀ ਗਈ।

ਵਿਆਹ ਦਾ ਪ੍ਰਸਤਾਵ

ਮਦਰ ਇੰਡੀਆ ’ਚ ਇਕ ਦਿ੍ਰਸ਼ ਦੇ ਫਿਲਮਾਂਕਣ ਸਮੇ ਜਦਂੋ ਸੱਚਮੁੱਚ ਹੀ ਨਰਗਿਸ ਅੱਗ ਦੀ ਲਪੇਟ ਵਿਚ ਆ ਗਈ ਤਾਂ ਸੁਨੀਲ ਨੇ ਜਿਸ ਦਲੇਰੀ ਤੇ ਬਹਾਦਰੀ ਨਾਲ ਉਸ ਨੂੰ ਅੱਗ ਦੀਆਂ ਲਾਟਾਂ ਵਿੱਚੋਂ ਕੱਢਿਆ, ਉਸ ਦੀ ਚਾਰੇ ਪਾਸਿਓਂ ਵਡਿਆਈ ਹੋਈ। ਸੁਨੀਲ ਦੱਤ ਦੇ ਇਸ ਦਲੇਰਾਨਾ ਕਦਮ ਦੇ ਮੱਦੇਨਜ਼ਰ ਨਰਗਿਸ ਨੇ ਰਾਜ ਕਪੂਰ ਨਾਲ ਚਿਰਾਂ ਤੋਂ ਚੱਲੇ ਆ ਰਹੇ ਰੋਮਾਂਸ ਦੀ ਪ੍ਰਵਾਹ ਨਾ ਕਰਦਿਆਂ ਸੁਨੀਲ ਦੱਤ ਅੱਗੇ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ ਤੇ ਉਹ ਪਤੀ ਪਤਨੀ ਦੇ ਬੰਧਨ ਵਿਚ ਬੱਝ ਗਏ। ਇਹ ਸਾਥ ਅਖ਼ੀਰ ਤਕ ਨਿਭਿਆ। ਨਰਗਿਸ ਦੀ ਕੈਂਸਰ ਨਾਲ ਹੋਈ ਮੌਤ ਮਗਰੋਂ ਸੁਨੀਲ ਨੇ ਕੈਂਸਰ ਪੀੜਤਾਂ ਦੀ ਮਦਦ ਹੀ ਨਹੀਂ ਕੀਤੀ ਸਗੋਂ ਸ਼ਰਧਾਂਜਲੀ ਵਜਂੋ ਸਮਿਤਾ ਪਾਟਿਲ ਨੂੰ ਲੈ ਕੇ ਫਿਲਮ ‘ਦਰਦ ਕਾ ਰਿਸ਼ਤਾ’ ਦਾ ਨਿਰਮਾਣ ਵੀ ਕੀਤਾ, ਜੋ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨਾਲ ਤਾਅਲੁਕ ਰੱਖਦੀ ਸੀ।

ਅਦਾਕਾਰੀ ਨਾਲ ਦਰਸ਼ਕਾਂ ਨੂੰ ਕੀਤਾ ਪ੍ਰਭਾਵਿਤ

ਸੁਨੀਲ ਦੱਤ ਨੇ ਬਹੁਤ ਸਾਰੀਆ ਕਾਲੀਆਂ-ਚਿੱਟੀਆਂ ਤੇ ਰੰਗਦਾਰ ਫਿਲਮਾਂ ਵਿਚ ਬਤੌਰ ਨਾਇਕ ਭੂਮਿਕਾਵਾਂ ਨਿਭਾਈਆਂ, ਜਿਹੜੀਆਂ ਰੋਮਾਂਟਿਕ ਵੀ ਸਨ ਤੇ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਵੀ। ਬੀਆਰ ਚੋਪੜਾ ਦੀਆਂ ਗੰੁਮਰਾਹ ਤੇ ਹਮਰਾਜ਼ ’ਚ ਉਹ ਪ੍ਰੇਮੀ ਦੇ ਰੂਪ ਵਿਚ ਪੇਸ਼ ਹੋਇਆ ਅਤੇ ਵਕਤ ਵਿਚ ਵੀ ਉਸ ਦਾ ਰੋਲ ਕੁਝ ਇਸੇੇ ਤਰ੍ਹਾਂ ਦਾ ਹੀ ਸੀ। ਮੇਰਾ ਸਾਇਆ ’ਚ ਉਹ ਪ੍ਰੇਮੀ ਵੀ ਸੀ, ਪਤੀ ਵੀ ਤੇ ਵਕੀਲ ਵੀ। ਫਿਲਮ ਏਕ ਹੀ ਰਾਸਤਾ ਵਿਚ ਬੇਸ਼ੱਕ ਅਸ਼ੋਕ ਕੁਮਾਰ ਵੀ ਸੀ ਪਰ ਉਸ ਦੀ ਐਕਟਿੰਗ ਵੀ ਦਰਸ਼ਕਾਂ ਨੇ ਪਸੰਦ ਕੀਤੀ। ‘ਮੇਰੀ ਭਾਬੀ, ਚਿਰਾਗ਼, ਜ਼ਖ਼ਮੀ, ਜਾਨੀ ਦੁਸ਼ਮਣ ’ਚ ਵੀ ਉਸ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਅਛੂਤ ਕੰਨਿਆ ਦੇ ਪਾਤਰ ’ਚ ਨੂਤਨ ਨਾਲ ਉਸ ਦੀ ਫਿਲਮ ਸੁਜਾਤਾ ਆਈ। ਇਸਤਰੀ ਪ੍ਰਧਾਨ ਫਿਲਮ ਹੰੁਦਿਆਂ ਵੀ ਸੁਨੀਲ ਦੱਤ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਧਿਆਨ ਖਿੱਚਿਆ।

ਕਈ ਵੱਡੇ ਮਾਣ ਸਨਮਾਨ ਮਿਲੇ

ਉਸ ਦੀ ਆਪਣੀ ਪ੍ਰੋਡਕਸ਼ਨ ਅਜੰਤਾ ਆਰਟਸ ਵੀ ਸੀ, ਜਿਸ ਤਹਿਤ ‘ਮੁਝੇ ਜੀਨੇ ਦੋ’ ਵਰਗੀ ਚਰਚਿਤ ਫਿਲਮ ਤੋਂ ਇਲਾਵਾ ‘ਮਨ ਕਾ ਮੀਤ’ ਵੀ ਪੇਸ਼ ਕੀਤੀ ਗਈ। ਇਸ ਵਿਚ ਉਸ ਨੇ ਆਪਣੇ ਛੋਟੇ ਭਰਾ ਸੋਮ ਦੱਤ ਨੂੰ ਨਾਇਕ ਦੇ ਰੂਪ ’ਚ ਲੈਦਿਆਂ ਨਵੀਂ ਅਦਾਕਾਰਾ ਲੀਨਾ ਚੰਦਾਵਰਕਰ ਵੀ ਪੇਸ਼ ਕੀਤੀ। ਵਿਨੋਦ ਖੰਨਾ ਬਤੌਰ ਖ਼ਲਨਾਇਕ ਪਹਿਲੀ ਵਾਰ ਫਿਲਮੀ ਪਰਦੇ ’ਤੇ ਆਇਆ। ਸੁਨੀਲ ਦੱਤ ਨੇ ਇਕ ਹੋਰ ਕਲਾਤਮਿਕ ਫਿਲਮ ਅਜੰਤਾ ਆਰਟਸ ਵੱਲੋਂ ਨਿਰਮਾਣ ਕੀਤੀ, ਜਿਸ ’ਚ ਉਹ ਖ਼ੁਦ ਸ਼ੇਰਾ ਤੇ ਵਹੀਦਾ ਰਹਿਮਾਨ ਰੇਸ਼ਮਾ ਦੇ ਕਿਰਦਾਰ ਨਿਭਾਉਣ ਵਿਚ ਸਫਲ ਰਹੇ। ਅਮਿਤਾਬ ਬਚਨ ਨੇ ਵੀ ਗੂੰਗੇ ਦੇ ਕਿਰਦਾਰ ਨੂੰ ਬਾਖ਼ੂਬੀ ਅੰਜਾਮ ਦਿੱਤਾ ਸੀ। ਨੂਤਨ ਨਾਲ ਇਕ ਹੋਰ ਫਿਲਮ ‘ਮਿਲਨ’ ਆਈ। ਇਸ ਫਿਲਮ ਦੀ ਕਹਾਣੀ, ਗੀਤ ਸੰਗੀਤ ਬਹੁਤ ਉੱਤਮ ਸਨ। ਨੂਤਨ ਮਾਲਕਨ ਸੀ ਤੇ ਸੁਨੀਲ ਵਫ਼ਾਦਾਰ ਨੌਕਰ। ਦੋਵਾਂ ਦੀ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਹੋਈ। ਰੋਮਾਂਟਿਕ ਹੀਰੋ, ਸਮਾਜਿਕ ਸਰੋਕਾਰਾਂ ਨਾਲ ਤਾਅਲੁਕ ਰੱਖਦੇ ਵਿਭਿੰਨ ਪਾਤਰਾਂ ਨੂੰ ਵਧੀਆ ਤਰੀਕੇ ਨਾਲ ਨਿਭਾਉੇਣ ਵਜੋਂ ਤਾਂ ਸੁਨੀਲ ਦੱਤ ਨੂੰ ਜਾਣਿਆ ਹੀ ਜਾਂਦਾ ਹੈ ਪਰ ‘ਪੜੋਸਨ’ ਫਿਲਮ ਵਿਚ ਨਿਭਾਏ ਕਾਮੇਡੀ ਕਿਰਦਾਰ ਨੂੰ ਤਾਂ ਦਰਸ਼ਕ ਅੱਜ ਵੀ ਯਾਦ ਕਰਦੇ ਹਨ। ਹਾਲਾਂਕਿ ਇਸ ਫਿਲਮ ’ਚ ਮਹਿਮੂਦ, ਕਿਸ਼ੋਰ ਕੁਮਾਰ ਤੇ ਹੋਰ ਅਨੇਕਾਂ ਕਾਮੇਡੀ ਅਦਾਕਾਰ ਮੋਜੂਦ ਸਨ ਪਰ ਸੁਨੀਲ ਨੇ ਵੱਖਰੀ ਛਾਪ ਛੱਡੀ। ਫਿਲਮਾਂ ਲਈ ਉਸ ਨੂੰ ‘ਫਿਲਮ ਫੇਅਰ ਐਵਾਰਡ’ ਤਂੋ ਇਲਾਵਾ ਹੋਰ ਵੀ ਅਨੇਕਾਂ ਇਨਾਮ-ਸਨਮਾਨ ਹਾਸਿਲ ਹੋਏ।

ਪੰਜਾਬੀ ਫਿਲਮਾਂ ’ਚ ਵੀ ਨਿਭਾਈ ਭੂਮਿਕਾ

ਇਸ ਸਮਰੱਥ ਅਦਾਕਾਰ ਤੇ ਸੂਖ਼ਮ ਸੋਚ ਦੇ ਲਖਾਇਕ ਸ਼ਖ਼ਸ ਨੇ ਕੁਝ ਕੁ ਪੰਜਾਬੀ ਫਿਲਮਾਂ ’ਚ ਵੀ ਭੂਮਿਕਾਵਾਂ ਨਿਭਾਈਆਂ ਤੇ ਖ਼ਾਸ ਕਰਕੇ ਮਹੇਸ਼ਵਰੀ ਪ੍ਰਡੋਕਸ਼ਨ ਦੀ ‘ਮਨਿ ਜੀਤੈ ਜਗੁ ਜੀਤੁ’ ਨੂੰ ਪੰਜਾਬੀ ਫਿਲਮ ਹਲਕਿਆਂ ’ਚ ਬਹੁਤ ਸਤਿਕਾਰ ਨਾਲ ਚੇਤੇ ਕੀਤਾ ਜਾਂਦਾ ਹੈ। ਆਪਣੇ ਜ਼ਮਾਨੇ ਦੀਆਂ ਮਸ਼ਹੂਰ ਅਦਾਕਾਰਾਂ ਤਂੋ ਇਲਾਵਾ ਨਵੇਂ ਦੌਰ ਦੀਆਂ ਹੀਰੋਇਨਾਂ ਵੀ ਉਸ ਨਾਲ ਕੰਮ ਕਰਨ ਨੂੰ ਆਪਣਾ ਸੁਭਾਗ ਸਮਝਦੀਆਂ ਸਨ। ਚੰਗੇ ਤੇ ਪ੍ਰਤਿਭਾਸ਼ਾਲੀ ਫਿਲਮ ਪ੍ਰੋਡਿਊਸਰਾਂ ਤੇ ਨਿਰਦੇਸ਼ਕਾਂ ਦਾ ਉਹ ਚਹੇਤਾ ਰਿਹਾ।

ਕੇਂਦਰ ਸਰਕਾਰ ’ਚ ਰਹੇ ਮੰਤਰੀ

ਉਸ ਦੇ ਸਮਾਜਿਕ ਤੇ ਰਾਜਨੀਤਕ ਯੋਗਦਾਨ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਬੰਬੇ ਦੇ ਮੇਅਰ ਤਂੋ ਬਿਨਾਂ ਉਹ ਮੈਂਬਰ ਪਾਰਲੀਮੈਂਟ ਵੀ ਰਿਹਾ ਤੇ ਕੇਂਦਰ ਸਰਕਾਰ ਵਿਚ ਕੈਬਨਿਟ ਖੇਡ ਮੰਤਰੀ ਵੀ ਰਹੇ। ਹਰ ਤਰ੍ਹਾਂ ਦੇ ਵਾਦ-ਵਿਵਾਦ ਤਂੋੋ ਅਲੱਗ ਉਸ ਨੂੰ ਪੰਜਾਬੀ ਤੇ ਖ਼ਾਸ ਕਰਕੇ ਇਕ ਇਨਸਾਨ ਹੋਣ ਨਾਤੇ ਪੰਜਾਬ ਦੀ ਬਹੁਤ ਫ਼ਿਕਰ ਸੀ। ਪੰਜਾਬ ਦੇ ਮਾੜੇ ਹਾਲਾਤ ਦੇ ਮੱਦੇਨਦਜ਼ਰ ਉਹ ਬੰਬਈ ਤਂੋ ਪੈਦਲ ਸ਼ਾਂਤੀ ਸਦਭਾਵਨਾ ਯਾਤਰਾ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਅੱਪੜਿਆ ਸੀ, ਤਾਂ ਜੋ ਪੰਜਾਬ ’ਚ ਸ਼ਾਂਤੀ ਪਰਤ ਆਵੇ।

25 ਮਈ, 2005 ਨੂੰ ਹੋਏ ਰੁਖ਼ਸਤ

ਕੁੱਲ ਮਿਲਾ ਕੇ ਆਪਣੀ ਨਿਵੇਕਲੀ ਤੋਰ, ਅੱਖਾਂ ਵਿੱਚਂੋ ਹੰਝੂ ਹੀ ਨਹੀਂ ਲਹੂ ਟਪਕਾਉਣ ਵਾਲਾ ਬਿਹਤਰ ਇਨਸਾਨ ਤੇ ਉੱਤਮ ਅਦਾਕਾਰ ਬੇਸ਼ੱਕ ਸਾਡੇ ਕੋਲਂੋ 25 ਮਈ 2005 ਨੂੰ ਵਿਛੜ ਗਿਆ ਪਰ ਭਾਰਤੀ ਸਿਨੇਮਾ ’ਚ ਆਪਣੀਆਂ ਅਮਿੱਟ ਪੈੜਾਂ ਛੱਡਣ ਵਾਲੇ ਇਸ ਸਾਊ ਤੇ ਵਿਲੱਖਣ ਕਿਰਦਾਰ ਨੂੰ ਚਾਹੇ ਦਰਸ਼ਕ ਸੰਜੇ ਦੱਤ ਦੇ ਪਿਤਾ ਵਜੋਂ ਜਾਣਦੇ ਹਨ। ਇਸ ਦੇ ਬਾਵਜੂਦ ਬਹੁਤ ਸਾਰੇ ਲੋਕਾਂ ’ਚ ਉਹ ਇਸ ਤਰ੍ਹਾਂ ਵੀ ਜਾਣਿਆ ਜਾਂਦਾ ਹੈ ਕਿ ਉਹ (ਸੰਜੇ ਦੱਤ) ਸੁਨੀਲ ਦੱਤ ਦਾ ਹੁਨਰਮੰਦ ਅਦਾਕਾਰ ਬੇਟਾ ਹੈ। ਦੋਵੇਂ ਪਿਓ-ਪੁੱਤ ਵਡਿਆਈ ਦਾ ਪ੍ਰਤੀਕ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।