badal

ਚੰਡੀਗੜ੍ਹ,13 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਵਿਚ ਅਤਿਵਾਦੀਆਂ ਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੂੰ ਕਰਾਰੀ ਹਾਰ ਦੇਣ ’ਤੇ ਦੇਸ਼ ਵਾਸੀਆਂ ਖਾਸ ਤੌਰ ’ਤੇ ਸਾਡੀਆਂ ਹਥਿਆਰਬੰਦ ਫੌਜਾਂ ਨੂੰ ਵਧਾਈ ਦਿੱਤੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਉਹਨਾਂ ਨੇ ਸਰਹੱਦ ਪਾਰ ਤੋਂ ਸ਼ਾਂਤੀ ਦੇ ਵਿਰੋਧੀ ਦੁਸ਼ਮਣਾਂ ਨਾਲ ਨਜਿੱਠਣ ਵੇਲੇ ਇਕ ਮਜ਼ਬੂਤ ਤੇ ਸਪਸ਼ਟ ਲੀਡਰਸ਼ਿਪ ਪ੍ਰਦਾਨ ਕੀਤੀ ਹੈ। ਬਾਦਲ ਨੇ ਪ੍ਰਧਾਨ ਮੰਤਰੀ ਦੀ ਇਸ ਗੱਲੋਂ ਵੀ ਸ਼ਲਾਘਾ ਕੀਤੀ ਕਿ ਉਹਨਾਂ ਨੇ ਹਾਲਾਤ ਨਾਲ ਕੂਟਨੀਤਕ ਢੰਗ ਨਾਲ ਨਜਿੱਠਣ ਵਾਸਤੇ ਰਾਜਨੇਤਾ ਵਾਂਗੂ ਅਗਵਾਈ ਕੀਤੀ ਤੇ ਪਾਕਿਸਤਾਨੀ ਦੀ ਫੌਜੀ ਲੀਡਰਸ਼ਿਪ ਨੂੰ ਜੰਗਬੰਦੀ ਵਾਸਤੇ ਵਾਸ਼ਿੰਗਟਨ ਦੇ ਤਰਲੇ ਕੱਢਣ ਵਾਸਤੇ ਮਜਬੂਰ ਕੀਤਾ।
ਉਹਨਾਂ ਕਿਹਾ ਕਿ ਜੰਗੀ ਮੈਦਾਨ ਵਿਚ ਫੈਸਲਾਕੁੰਨ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਕਰਾਅ ਬੰਦ ਕਰਨ ਲਈ ਪ੍ਰਵਾਨਗੀ ਦੇ ਕੇ ਸਹੀ ਰਾਜਨੇਤਾ ਹੋਣ ਦਾ ਸਬੂਤ ਦਿੱਤਾ। ਉਹਨਾਂ ਕਿਹਾ ਕਿ ਜਿੱਤ ਤੋਂ ਬਾਅਦ ਸ਼ਾਂਤੀ ਦੇ ਰਾਹ ’ਤੇ ਚੱਲਣਾ ਸਭ ਤੋਂ ਵੱਧ ਸਨਮਾਨਯੋਗ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਸਿਆਸਤਦਾਨਾਂ ਦੀ ਨਿਖੇਧੀ ਕੀਤੀ ਜਿਹਨਾਂ ਨੇ ਜੰਗਬੰਦੀ ਦੀ ਆਲੋਚਨਾ ਕੀਤੀ ਤੇ ਜੰਗ ਦੀ ਹਮਾਇਤ ਕੀਤੀ। ਉਹਨਾਂ ਕਿਹਾ ਕਿ ਇਹਨਾਂ ਸਿਆਸਤਦਾਨਾਂ ਨੇ ਕਦੇ ਵੀ ਜੰਗ ਨਾਲ ਹੋਇਆ ਨੁਕਸਾਨ ਨਹੀਂ ਵੇਖਿਆ ਅਤੇ ਸਿਰਫ ਆਪਣੇ ਮਹਿਮਾਨ ਕਮਰਿਆਂ ਵਿਚ ਬੈਠ ਕੇ ਆਪਣੇ ਟੀ ਵੀ ’ਤੇ ਹੀ ਜੰਗਾਂ ਵੇਖੀਆਂ ਹਨ। ਉਹਨਾਂ ਕਿਹਾ ਕਿ ਇਹ ਲੋਕ ਦੇਸ਼ ਦੇ ਅਸਲ ਦੁਸ਼ਮਣ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਜੰਗ ਲੰਬੀ ਚਲਦੀ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੀ ਝੱਲਣਾ ਪੈਂਦਾ। ਉਹਨਾਂ ਕਿਹਾ ਕਿ ਸਾਡੀ ਆਬਾਦੀ ਦੀ ਬਹੁ ਗਿਣਤੀ ਸਰਹੱਦੀ ਇਲਾਕਿਆਂ ਦੇ ਨੇੜੇ ਰਹਿੰਦੀ ਹੈ। ਉਹਨਾਂ ਕਿਹਾ ਕਿ ਜ਼ਿਆਦਾ ਸੰਘਣੀ ਆਬਾਦੀ ਵਾਲੇ ਸ਼ਹਿਰ ਵੀ ਸਰਹੱਦ ਦੇ ਨੇੜੇ ਹਨ। ਉਹਨਾਂ ਕਿਹਾ ਕਿ ਜੇਕਰ ਇਕ ਪੂਰਨ ਜੰਗ ਲੱਗ ਜਾਂਦੀ ਤਾਂ ਅਸੀਂ ਜੀਵਨ ਤੇ ਮਾਲ ਦੀ ਤਬਾਹੀ ਵੇਖਣੀ ਸੀ। ਉਹਨਾਂ ਕਿਹਾ ਕਿ ਅਪਰੇਸ਼ਨ ਸਿੰਦੂਰ ਤੋਂ ਬਾਅਦ ਅਕਾਲ ਪੁਰਖ ਦਾ ਦਾ ਧੰਨਵਾਦ ਹੈ ਕਿ ਦੋਹਾਂ ਮੁਲਕਾਂ ਵਿਚਾਲੇ ਜੰਗ ਬੰਦ ਹੋਈ।
ਬਾਦਲ ਨੇ ਕਿਹਾ ਕਿ ਇਸ ਸੰਕਟ ਵੇਲੇ ਵੀ ਸਿੱਖ ਕੌਮ ਦੇਸ਼ ਨਾਲ ਡੱਟ ਕੇ ਖੜ੍ਹੀ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਇਕ ਵਾਰ ਫਿਰ ਤੋਂ ਸਾਬਤ ਕੀਤਾ ਹੈ ਕਿ ਜਦੋਂ ਦੇਸ਼ ਨੂੰ ਬਾਹਰੀ ਤਾਕਤਾਂ ਤੋਂ ਖ਼ਤਰਾ ਹੋਵੇ ਤਾਂ ਸਿੱਖ ਹਮੇਸ਼ਾ ਦੇਸ਼ ਦੀ ਰੱਖਿਆ ਵਾਸਤੇ ਮੋਹਰੀ ਨਜ਼ਰ ਆਉਂਦੇ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਨੇ ਸ੍ਰੀ ਨਨਕਾਣਾ ਸਾਹਿਬ ਨੂੰ ਭਾਰਤੀ ਫੌਜ ਵੱਲੋਂ ਨਿਸ਼ਾਨਾ ਬਣਾਏ ਜਾਣ ਵਰਗੀਆਂ ਦਲੀਲਾਂ ਦੇ ਕੇ ਸਿੱਖਾਂ ਨੂੰ ਭੜਕਾਉਣ ਦੇ ਬਹੁਤ ਯਤਨ ਕੀਤੇ ਪਰ ਉਹ ਸਫਲ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਸਿੱਖ ਕੌਮ ਜੰਗ ਵੀ ਨਹੀਂ ਚਾਹੁੰਦੀ ਸੀ ਪਰ ਉਹ ਉਹਨਾਂ ਦੇ ਅਤੇ ਦੇਸ਼ ਦੇ ਹਿੱਤਾਂ ਵਿਚ ਭੁਗਤਣ ਵਾਸਤੇ ਕੇਂਦਰ ਸਰਕਾਰ ਦਾ ਧੰਨਵਾਦ ਵੀ ਕਰਦੀ ਹੈ।
ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਨ ਜੋ ਚਾਹੁੰਦਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਉਹਨਾਂ ਦੇ ਬੰਦੀ ਸਿੰਘਾਂ ਬਾਰੇ ਸਹੀ ਫੈਸਲੇ ਲਏ ਜਾਣ। ਉਹਨਾਂ ਕਿਹਾ ਕਿ ਸਿੱਖ ਕੌਮ ਤੇ ਪੰਜਾਬ ਦੇ ਹੋਰ ਸਾਰੇ ਲਟਕਦੇ ਮਸਲਿਆਂ ਦੇ ਹੱਲ ਵਾਸਤੇ ਵੀ ਯਤਨ ਹੋਣੇ ਚਾਹੀਦੇ ਹਨ।

ਸੰਖੇਪ: ਸੁਖਬੀਰ ਸਿੰਘ ਬਾਦਲ ਨੇ ਦੇਸ਼ ਭਗਤੀ, ਸਿੱਖ ਕੌਮ ਦੀ ਭੂਮਿਕਾ, ਜੰਗ ਬੰਦ ਅਤੇ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਉਤੇ ਵੱਡੇ ਬਿਆਨ ਦਿੱਤੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।