ਪਟਨਾ 16 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ ):- ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ’ਚ ਹੁਕਮਨਾਮੇ ਨੂੰ ਲੈ ਕੇ ਵਿਵਾਦ ਜਾਰੀ ਹੈ। ਇਸ ਮਾਮਲੇ ਨੂੰ ਲੈ ਕੇ ਐਤਵਾਰ ਨੂੰ ਪੰਜ ਪਿਆਰਿਆਂ ਨੇ ਜਥੇਦਾਰ ਗਿਆਨੀ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਬੈਠਕ ਕਰਕੇ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਹਾਜ਼ਰ ਹੋਣ ਲਈ 20 ਦਿਨਾਂ ਦੀ ਮੋਹਲਤ ਦਿੱਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 10 ਦਿਨ ਅਤੇ 24 ਘੰਟੇ ਦਾ ਸਮਾਂ ਦਿੱਤਾ ਗਿਆ ਸੀ, ਜੋ ਪੂਰਾ ਹੋ ਚੁੱਕਾ ਹੈ।
ਹੁਕਮਨਾਮੇ ਮੁਤਾਬਕ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਪਿਆਰਿਆਂ ਤੋਂ ਟੈਲੀਫੋਨ ’ਤੇ ਸਮਾਂ ਮੰਗਿਆ ਸੀ। ਉਨ੍ਹਾਂ ਦੀ ਬੇਨਤੀ ’ਤੇ ਵਿਚਾਰ ਕਰਦਿਆਂ ਪੰਜ ਪਿਆਰਿਆਂ ਨੇ 20 ਦਿਨਾਂ ਦੀ ਮੋਹਲਤ ਦਾ ਫ਼ੈਸਲਾ ਕੀਤਾ।
ਇਹ ਹੈ ਪੂਰਾ ਮਾਮਲਾ
ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਵਿਚ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਸਾਜ਼ਿਸ਼ਕਰਤਾ ਮੰਨਿਆ ਗਿਆ ਸੀ ਅਤੇ ਉਨ੍ਹਾਂ ਨੂੰ ਦਸ ਦਿਨਾਂ ਦੇ ਅੰਦਰ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਚ ਪੰਜ ਪਿਆਰਿਆਂ ਦੇ ਸਾਹਮਣੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਗਿਆ ਸੀ। ਇਸ ਤੋਂ ਬਾਅਦ 24 ਘੰਟੇ ਦੀ ਮੋਹਲਤ ਦਾ ਸਮਾਂ ਪੂਰਾ ਹੋਣ ’ਤੇ 20 ਦਿਨਾਂ ਦੀ ਮੋਹਲਤ ਦਿੱਤੀ ਗਈ ਹੈ। ਇਹ ਮਾਮਲਾ ਤਖਤ ਸ਼੍ਰੀ ਹਰਿਮੰਦਰ ਦੇ ਸਾਬਕਾ ਬਰਖਾਸਤ ਜਥੇਦਾਰ ਰਣਜੀਤ ਸਿੰਘ ਦੇ ਪੱਖ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲਾ ਆਉਣ ਤੋਂ ਬਾਅਦ ਹੀ ਵਿਵਾਦ ਸ਼ੁਰੂ ਹੋਇਆ ਹੈ। 21 ਮਈ ਨੂੰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੀ ਐਮਰਜੈਂਸੀ ਬੈਠਕ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਦੇ ਜਥੇਦਾਰ ਗਿਆਨੀ ਬਾਬਾ ਟੇਕ ਸਿੰਘ ਨੂੰ ਤਖਤ ਪਟਨਾ ਸਾਹਿਬ ਵੱਲੋਂ ਜਾਰੀ ਤਿੰਨ ਹੁਕਮਨਾਮਿਆਂ ਦਾ ਉਲੰਘਣ ਕਰਨ ਵਿਚ ਦੋਸ਼ੀ ਮੰਨ ਕੇ ਤਨਖਾਹੀਆ ਕਰਾਰ ਦਿੱਤਾ ਗਿਆ ਸੀ।
ਸੰਖੇਪ:
ਤਖਤ ਪਟਨਾ ਸਾਹਿਬ ਅਤੇ ਅਕਾਲ ਤਖਤ ਵਿਚ ਹੁਕਮਨਾਮੇ ਨੂੰ ਲੈ ਕੇ ਵਿਵਾਦ ਚਲ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੂੰ ਪੰਜ ਪਿਆਰਿਆਂ ਦੇ ਸਾਹਮਣੇ ਹਾਜ਼ਰੀ ਲਈ ਹੁਣ 20 ਦਿਨਾਂ ਦੀ ਆਖਰੀ ਮੋਹਲਤ ਮਿਲੀ ਹੈ।