21 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪੰਜਾਬ ਵਿਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਇਸ ਸਬੰਧੀ ਇਕ ਨਵਾਂ ਅਲਰਟ ਜਾਰੀ ਕੀਤਾ ਹੈ। 20 ਜੁਲਾਈ ਦੀ ਰਾਤ ਤੋਂ ਪੰਜਾਬ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਹ ਸਿਲਸਲਾ ਅਗਲੇ 3 ਦਿਨ ਜਾਰੀ ਰਹੇਗਾ। 21 ਤੋਂ 23 ਜੁਲਾਈ ਤੱਕ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
21 ਜੁਲਾਈ ਨੂੰ ਚੰਡੀਗੜ੍ਹ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਐਸ.ਏ.ਐਸ. ਨਗਰ ਅਤੇ ਰੂਪਨਗਰ ਜ਼ਿਲ੍ਹਿਆਂ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਬਹੁਤ ਭਾਰੀ ਬਾਰਿਸ਼ (12 ਸੈਂਟੀਮੀਟਰ ਜਾਂ ਵੱਧ) ਹੋਣ ਦੀ ਸੰਭਾਵਨਾ ਵੀ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ 1.1 ਮਿਲੀਮੀਟਰ, ਅੰਮ੍ਰਿਤਸਰ ਵਿੱਚ 13.2 ਮਿਲੀਮੀਟਰ, ਲੁਧਿਆਣਾ ਵਿੱਚ 0.6 ਮਿਲੀਮੀਟਰ, ਪਟਿਆਲਾ ਵਿੱਚ 0.2 ਮਿਲੀਮੀਟਰ, ਐਸ.ਬੀ.ਐਸ. ਨਗਰ ਵਿੱਚ 1.2 ਮਿਲੀਮੀਟਰ, ਫਿਰੋਜ਼ਪੁਰ ਵਿੱਚ 2.5 ਮਿਲੀਮੀਟਰ, ਮੋਗਾ ਅਤੇ ਰੋਪੜ ਵਿੱਚ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਸਮੇਂ ਦੌਰਾਨ, ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 32 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ।
ਦੱਸ ਦਈਏ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਮੌਨਸੂਨ ਆਪਣੇ ਸਿਖਰ ਉਤੇ ਹੈ। ਅੱਜ 21 ਜੁਲਾਈ ਤੋਂ ਦਿੱਲੀ ਐਨਸੀਆਰ ਦਾ ਮੌਸਮ ਬਦਲਣ ਵਾਲਾ ਹੈ। ਸਕਾਈਮੇਟ ਵੈਦਰ ਦੀ ਰਿਪੋਰਟ ਅਨੁਸਾਰ, ਦਿੱਲੀ-ਐਨਸੀਆਰ ਵਿੱਚ ਇੱਕ ਵਾਰ ਫਿਰ ਮੀਂਹ ਸ਼ੁਰੂ ਹੋ ਸਕਦਾ ਹੈ। ਸਕਾਈਮੇਟ ਵੈਦਰ ਅਨੁਸਾਰ, 21 ਜੁਲਾਈ ਤੋਂ ਦਿੱਲੀ-ਐਨਸੀਆਰ ਦਾ ਮੌਸਮ ਬਦਲ ਜਾਵੇਗਾ ਅਤੇ ਸੋਮਵਾਰ ਨੂੰ ਪੂਰੀ ਦਿੱਲੀ-ਐਨਸੀਆਰ ਯਾਨੀ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਗੁੜਗਾਓਂ ਅਤੇ ਫਰੀਦਾਬਾਦ ਵਿੱਚ ਮੀਂਹ ਪਵੇਗਾ। ਕੁਝ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ ਅਤੇ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਹੁਣ ਤੱਕ ਧੁੱਪ ਅਤੇ ਨਮੀ ਕਾਰਨ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਇੱਕ ਵਾਰ ਫਿਰ 32 ਡਿਗਰੀ ਤੱਕ ਡਿੱਗ ਜਾਵੇਗਾ। ਘੱਟੋ-ਘੱਟ ਤਾਪਮਾਨ ਵੀ 25 ਤੋਂ 26 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ।
ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ 21 ਜੁਲਾਈ ਨੂੰ ਤੇਜ਼ ਹਵਾਵਾਂ ਦੇ ਨਾਲ ਹਲਕੀ ਬੂੰਦਾ-ਬਾਂਦੀ, ਮੀਂਹ ਅਤੇ ਗਰਜ-ਤੂਫ਼ਾਨ ਆ ਸਕਦੇ ਹਨ। IMD ਨੇ 26 ਜੁਲਾਈ ਤੱਕ ਮੌਸਮ ਅਪਡੇਟ ਵੀ ਜਾਰੀ ਕੀਤਾ ਹੈ। ਇਸ ਅਨੁਸਾਰ 26 ਜੁਲਾਈ ਤੱਕ ਰੁਕ-ਰੁਕ ਕੇ ਭਾਰੀ ਅਤੇ ਹਲਕੀ ਬਾਰਿਸ਼ ਹੋਵੇਗੀ। ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅਤੇ ਹਵਾਵਾਂ ਵੀ ਲਗਭਗ 35 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ। ਹਵਾ ਦੀ ਗਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ।