23 ਸਤੰਬਰ 2024 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਤਿਵਾਦ ’ਤੇ ਸਖ਼ਤ ਰੁਖ਼ ਅਪਣਾਉਂਦਿਆਂ ਅੱਜ ਇੱਥੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਕਿਸੇ ਵੀ ਪੱਥਰਬਾਜ਼ ਜਾਂ ਅਤਿਵਾਦੀ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਅਤਿਵਾਦ ਦਾ ਸਫ਼ਾਇਆ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ।
ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਨਾ ਦੇ ਸਮਰਥਨ ’ਚ ਨੌਸ਼ਹਿਰਾ ਵਿੱਚ ਇੱਕ ਚੋਣ ਰੈਲੀ ਦੌਰਾਨ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ‘ਸ਼ੇਰ’ ਦੱਸਦਿਆਂ ਕਿਹਾ, ‘‘ਮੈਂ ਜੰਮੂ ਕਸ਼ਮੀਰ ਦੇ ਨੌਜਵਾਨਾਂ ਨਾਲ ਗੱਲ ਕਰਨਾ ਚਾਹੁੰਦਾ ਹਾਂ।’’ ਸ਼ਾਹ ਨੇ ਕਿਹਾ, ‘‘ਉਹ (ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ) ਪੱਥਰਬਾਜ਼ਾਂ ਅਤੇ ਅਤਿਵਾਦੀਆਂ ਨੂੰ ਰਿਹਾਅ ਕਰਨਾ ਚਾਹੁੰਦੇ ਹਨ (ਜਿਵੇਂ ਕਿ ਉਨ੍ਹਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਹੈ)। ਫਾਰੂਖ ਅਬਦੁੱਲਾ ਜੰਮੂ ਦੀਆਂ ਪਹਾੜੀਆਂ ਵਿੱਚ ਅਤਿਵਾਦ ਦੇ ਫਿਰ ਤੋਂ ਸਿਰ ਚੁੱਕਣ ਦੀ ਗੱਲ ਕਰ ਰਹੇ ਹਨ ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਮੋਦੀ ਸਰਕਾਰ ਹੈ ਅਤੇ ਅਸੀਂ ਅਤਿਵਾਦ ਨੂੰ ਪਾਤਾਲ ਵਿੱਚ ਦਫ਼ਨ ਕਰ ਦਿਆਂਗੇ। ਕਿਸੇ ਵੀ ਅਤਿਵਾਦੀ ਜਾਂ ਪੱਥਰਬਾਜ਼ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ।’’ ਭਾਜਪਾ ਨੇਤਾ ਨੇ ਕਿਹਾ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਪੱਖ ਵਿੱਚ ਹਨ। ਉਨ੍ਹਾਂ ਕਿਹਾ, ‘‘ਮੈਂ ਫਾਰੂਖ ਅਬਦੁੱਲਾ ਅਤੇ ਰਾਹੁਲ ਗਾਂਧੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਅਤਿਵਾਦ ਦਾ ਸਫਾਇਆ ਨਹੀਂ ਹੋ ਜਾਂਦਾ, ਉਦੋਂ ਤੱਕ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਮੈਂ ਆਪਣੇ ਸ਼ੇਰਾਂ (ਜੰਮੂ ਕਸ਼ਮੀਰ ਦੇ ਨੌਜਵਾਨਾਂ) ਨਾਲ ਗੱਲ ਕਰਾਂਗਾ, ਪਾਕਿਸਤਾਨ ਨਾਲ ਨਹੀਂ।’’