(ਪੰਜਾਬੀ ਖ਼ਬਰਨਾਮਾ): ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਬਚਪਨ ਤੋਂ ਹੀ ਇਹਨਾਂ ਦੇ ਚਿਹਨ-ਚੱਕਰ ਇਹਨਾਂ ਨੂੰ ਇਕ ਅਨੋਖਾ ਬਾਲਕ ਹੋਣ ਦਾ ਮਾਣ ਬਖਸ਼ਦੇ ਹਨ। ਉਹ ਬਚਪਨ ਵਿਚ ਹੀ ਸੂਝਵਾਨ ਲੱਗਦੇ ਸਨ। ਅੰਤਰ-ਆਤਮਾ ਨਾਲ ਜੁੜ ਕੇ ਰੱਬੀ ਰਮਜ਼ਾਂ ਦੇ ਕੌਤਕ ਕਰਦੇ ਸਨ। ਆਮ ਕਰਕੇ ਵੈਰਾਗੀ ਸੁਭਾਅ ਦੇ ਸਨ।

ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਇਕ ਨੂਰਾਨੀ ਬਾਲਕ ਨੇ ਜਨਮ ਲਿਆ। ਇਸ ਅਨਮੋਲ ਬਾਲਕ ਤੋਂ ਪਹਿਲਾਂ ਘਰ ਵਿਚ ਚਾਰ ਸਪੁੱਤਰ ਜਨਮ ਲੈ ਚੁੱਕੇ ਸਨ। ਸੁਭਾਵਿਕ ਹੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਆਪਣੇ ਪੰਜਵੇਂ ਨੌਨਿਹਾਲ ਦੀ ਆਮਦ ਵਿਚ ਪਰਮਾਤਮਾ ਦੀ ਹਸਤੀ ਦਾ ਰੰਗ ਮਾਣਦੇ ਹੋਏ ਸਭ ਪਾਸੇ ਖੁਸ਼ੀਆਂ ਸਾਂਝੀਆਂ ਕਰ ਰਹੇ ਸਨ। ਸਾਰਾ ਪਰਿਵਾਰ, ਸਾਕ-ਸਬੰਧੀ ਤੇ ਸਮੁੱਚੀਆਂ ਸੰਗਤਾਂ ਇਸ ਨਵੀਂ ਆਮਦ ਵਿਚ ਖੁਸ਼ੀਆਂ ਖੇੜਿਆਂ ਦੇ ਮਾਹੌਲ ਦਾ ਆਨੰਦ ਮਾਣਨ ਲੱਗ ਪਈਆਂ। ਬਾਲਕ ਦੀ ਮਾਂ ਮਾਤਾ ਨਾਨਕੀ ਦੀ ਖੁਸ਼ੀ ਸ਼ਬਦਾਂ ਵਿਚ ਅੰਕਿਤ ਹੀ ਨਹੀਂ ਸੀ ਹੁੰਦੀ। ਮਾਂ ਆਪਣੇ ਨਵ ਜਨਮੇ ਬਾਲਕ ਨੂੰ ਵੇਖ-ਵੇਖ ਕੇ ਵਿਸਮਾਦੀ ਤੇ ਖੀਵੀ ਹੋ ਜਾਂਦੀ। ਦਿਨ ਖੁਸ਼ੀਆਂ ਤੇ ਆਸਾਂ-ਮੁਰਾਦਾਂ ਨਾਲ ਲੰਘਣੇ ਸ਼ੁਰੂ ਹੋ ਗਏ ਪਰ ਜਿਉਂ-ਜਿਉਂ ਮਾਤਾ ਆਪਣੇ ਨਵ-ਜਨਮੇ ਬਾਲਕ ਨੂੰ ਨੀਝ ਨਾਲ ਦੇਖਦੀ ਤਾਂ ਉਸਨੂੰ ਇਸ ਬਾਲਕ ਦੇ ਚੱਕਰ-ਚਿਹਨ, ਹਾਵ-ਭਾਵ ਆਮ ਬੱਚਿਆਂ ਤੋਂ ਕਾਫੀ ਹਟਵੇਂ ਪ੍ਰਤੀਤ ਹੁੰਦੇ।

ਮਾਂ ਆਪਣੇ ਸਪੁੱਤਰ ਦੇ ਤੇਜੱਸਵੀ ਸੁਭਾਅ ਦਾ ਜ਼ਿਕਰ ਆਪਣੇ ਗੁਰੂ ਪਤੀ ਪਰਮੇਸ਼ਵਰ ਅੱਗੇ ਵੀ ਕਰਦੀ ਜਿਸ ‘ਤੇ ਗੁਰੂ ਜੀ ਬੱਚੇ ਨੂੰ ਨੀਝ ਲਗਾ ਕੇ ਦੇਖਣ ਉਪਰੰਤ ਅਕਾਲ ਪੁਰਖ ਦੇ ਸ਼ੁਕਰਾਨੇ ਨੂੰ ਆਧਾਰ ਬਣਾ ਕੇ ਕਹਿ ਦਿੰਦੇ ਕਿ ਨਾਨਕੀ ਜੀ ਇਹ ਕੋਈ ਆਮ ਬਾਲਕ ਨਹੀਂ, ਇਹ ਤਾਂ ਮਹਾਨ ਸੋਚਵਾਨ ਹੋਵੇਗਾ, ਤਪੱਸਵੀ ਹੋਵੇਗਾ ਅਤੇ ਸਿਰਮੌਰ ਬਲੀਦਾਨੀ ਹੋਵੇਗਾ। ਇਸ ਦੇ ਜੀਵਨ ਦੇ ਸਾਰੇ ਕੌਤਕ ਨਿਆਰੇ ਹੋਣਗੇ ਅਤੇ ਇਹ ਜਿਵੇਂ-ਜਿਵੇਂ ਆਪਣੇ ਸੰਸਾਰ ਪੰਧ ਨੂੰ ਅੱਗੇ-ਅੱਗੇ ਤੋਰੇਗਾ, ਸੋਚਾਂ ਦੀਆਂ ਸੀਮਾਵਾਂ ਆਪ ਘੇਰਾ ਵੱਡਾ ਕਰਦੀਆਂ ਪਰਮਾਤਮਾ ਦੀ ਲੀਲ੍ਹਾ ਦੀ ਸਾਖੀ ਬਣਨਗੀਆਂ। ਮਾਤਾ ਨੂੰ ਗੁਰੂ ਪਤੀ ਪਰਮੇਸ਼ਵਰ ਦੀਆਂ ਗੱਲਾਂ ਸੁਣ ਕੇ ਹਰ ਸਮੇਂ ਇਕ ਨਵੀਂ ਰੌਚਕਤਾ ਦਾ ਅਨੁਭਵ ਹੁੰਦਾ, ਜਿਸ ਨਾਲ ਉਸਦੇ ਜੀਵਨ ਦੀ ਹਰ ਘੜੀ ਬਾਲਕ ਦੀ ਸਰਬ ਪ੍ਰਤਾਪੀ ਹਸਤੀ ਨਾਲ ਇਕਮਿਕ ਹੋ ਜਾਂਦੀ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਬਚਪਨ ਤੋਂ ਹੀ ਇਹਨਾਂ ਦੇ ਚਿਹਨ-ਚੱਕਰ ਇਹਨਾਂ ਨੂੰ ਇਕ ਅਨੋਖਾ ਬਾਲਕ ਹੋਣ ਦਾ ਮਾਣ ਬਖਸ਼ਦੇ ਹਨ। ਉਹ ਬਚਪਨ ਵਿਚ ਹੀ ਸੂਝਵਾਨ ਲੱਗਦੇ ਸਨ। ਅੰਤਰ-ਆਤਮਾ ਨਾਲ ਜੁੜ ਕੇ ਰੱਬੀ ਰਮਜ਼ਾਂ ਦੇ ਕੌਤਕ ਕਰਦੇ ਸਨ। ਆਮ ਕਰਕੇ ਵੈਰਾਗੀ ਸੁਭਾਅ ਦੇ ਸਨ। ਹਿਰਦਾ ਕੋਮਲ, ਸਰੀਰ ਸੁਡੋਲ ਤੇ ਬਲਵਾਨ ਸੀ। ਆਮ ਬਾਲਕਾਂ ਨਾਲ ਖੇਡਦੇ ਸਨ ਅਤੇ ਸਮਾਂ ਮਿਲਣ ‘ਤੇ ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਵਿਚ ਵੀ ਨਿਪੁੰਨਤਾ ਹਾਸਿਲ ਕੀਤੀ ਸੀ। ਪ੍ਰੇਮ ਉਹਨਾਂ ਦੇ ਜੀਵਨ ਆਧਾਰ ਸੀ ਤੇ ਬਲੀਦਾਨ ਕਰਨਾ ਸ਼ਾਇਦ ਉਹਨਾਂ ਦਾ ਮਕਸਦ ਸੀ। ਬਚਪਨ ਵਿਚ ਉਹਨਾਂ ਦਾ ਨਾਂ ਤਿਆਗ ਮੱਲ ਸੀ ਪਰ ਜਦੋਂ 14 ਸਾਲ ਦੀ ਉਮਰ ਵਿਚ ਕਰਤਾਰਪੁਰ ਦੀ ਜੰਗ ਸਮੇਂ ਉਨ੍ਹਾਂ ਨੇ ਦੁਸ਼ਮਣ ਦੇ ਦੰਦ ਖੱਟੇ ਕੀਤੇ ਤੇ ਜਿੱਤ ਪ੍ਰਾਪਤ ਕੀਤੀ ਤਦ ਸਭ ਸਿੱਖਾਂ ਨੇ ਇਸ ਨੌਜਵਾਨ ਤਿਆਗ ਮੱਲ ਦੀ ਤਲਵਾਰੀ ਸ਼ਕਤੀ ਦੇ ਗੁਣ ਗਾਏ। ਗੁਰੂ ਹਰਗੋਬਿੰਦ ਸਾਹਿਬ ਨੇ ਖੁਸ਼ੀ ਵਿਚ ਆ ਕੇ ਫ਼ੁਰਮਾਇਆ ਕਿ ਬੇਟਾ ! ‘ਤਿਆਗ ਮੱਲ ਜੀ’, ਭਾਵਨਾ ਦੇ ਤੁਸੀਂ ਤੇਜੱਸਵੀ ਹੋ, ਸਿਮਰਨ ਵਿਚ ਰੁੱਝੇ ਰਹਿਣ ਵਾਲੇ ਮਹਾਨ ਪੁਰਸ਼ ਹੋ ਤੇ ਲੋੜ ਪੈਣ ‘ਤੇ ਤੁਸੀਂ ਸ਼ਮਸ਼ੀਰ ਦੇ ਜੌਹਰ ਵਿਖਾਏ ਹਨ, ਅਸੀਂ ਤੁਹਾਡਾ ਨਾਂ ‘ਤਿਆਗ ਮੱਲ’ ਦੀ ਥਾਂ ‘ਤੇ ‘ਤੇਗ ਬਹਾਦਰ’ ਰੱਖਦੇ ਹਾਂ। 

ਗੁਰੂ ਸਾਹਿਬ ਨੇ ਪਿਤਾ ਗੁਰੂ ਦੇ ਬਚਨਾਂ ਨੂੰ ਸਤਿਕਾਰ ਦਿੱਤਾ ਤੇ ਸਾਰਾ ਜੀਵਨ ਸੰਸਾਰ ਦੇ ਕਾਰਜ ਕਰਦਿਆਂ ਤਿਆਗ ਦਾ ਪੱਲਾ ਨਾ ਛੱਡਿਆ ਅਤੇ ਸਾਰਾ ਜੀਵਨ ਬੜੇ ਸੰਜਮ ਵਿਚ ਰਹਿ ਕੇ ਬਤੀਤ ਕੀਤਾ ਅਤੇ ਪਰਉਪਕਾਰ ਤੇ ਹਰ ਪ੍ਰਕਾਰ ਦੇ ਇਨਸਾਨੀ ਗੁਣਾਂ ਦੀ ਭਰਪੂਰ ਵਕਾਲਤ ਕੀਤੀ। 15 ਰਾਗਾਂ ਵਿਚ ਬਾਣੀ ਰਚੀ ਜਿਸ ਵਿਚ 116 ਸਲੋਕ ਤੇ ਸ਼ਬਦ ਵੀ ਸ਼ਾਮਿਲ ਹਨ ਅਤੇ ਇਹਨਾਂ ਰਾਗਾਂ ਵਿਚ ਉਨ੍ਹਾਂ ਗੁਰਬਾਣੀ ਵਿਚ ਇਕ ਨਵਾਂ ਰਾਗ ਵੀ ਸੁਸ਼ੋਭਿਤ ਕਰ ਦਿੱਤਾ ਜਿਸ ਨੂੰ ‘ਰਾਗ ਜੈਜਾਵੰਤੀ’ ਕਰਕੇ ਜਾਣਿਆ ਤੇ ਸਤਿਕਾਰਿਆ ਜਾਂਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਅਖੀਰਲਾ 31ਵਾਂ ਰਾਗ ਹੈ। 

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਜੀਵਨ ਵਿਚ ਤੇ ਆਪਣੀ ਬਾਣੀ ਵਿਚ ਇਸ ਗੱਲ ‘ਤੇ ਜ਼ੋਰ ਦਿੰਦੇ ਰਹੇ ਕਿ ਜਿਹੜਾ ਮਨੁੱਖ ਪਰਮ ਸੁੱਖ ਦੀ ਇੱਛਾ ਰੱਖਦਾ ਹੈ ਉਸ ਨੂੰ ਪਰਮਾਤਮਾ ਦੀ ਸ਼ਰਨ ਵਿਚ ਆਉਣਾ ਸ਼ੋਭਦਾ ਹੈ। ਇਸ ਲਈ ਐ ਦੁਨੀਆ ਦੇ ਲੋਕੋ, ਰੱਬ ਤੋਂ ਦੂਰ ਹੋ ਕੇ ਲਾਪਰਵਾਹੀ ਦੀ ਜ਼ਿੰਦਗੀ ਨੂੰ ਤਿਆਗੋ, ਇਹ ਤੁਹਾਨੂੰ ਆਵਾਗਵਣ ਦੇ ਚੱਕਰ ਵਿਚ ਹੀ ਪਾਈ ਰੱਖੇਗੀ। ਜੇ ਤੁਸੀਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਕੁਸੰਗਤ, ਨਿੰਦਿਆ ਤੇ ਝੂਠੀ ਖੁਸ਼ਾਮਤ ਵਿਚ ਪੈ ਜਾਵੋਗੇ ਤਾਂ ਦਰਗਾਹ ਦੇ ਗਾਡੀ ਰਾਹ ਤੋਂ ਭਟਕ ਜਾਵੋਗੇ। ਇਸ ਲਈ ਵੇਲਾ ਸੰਭਾਲੋ। ਕਿਰਤ ਕਮਾਈ ਕੋਈ ਵੀ ਕਰੋ, ਪਰ ਚਿੱਤ ਪਰਮਾਤਮਾ ਨਾਲ ਜੋੜੀ ਰੱਖੋ, ਅਜਿਹਾ ਕਰਨ ਨਾਲ ਤੁਹਾਨੂੰ ਬਲ ਮਿਲੇਗਾ। ਇਸ ਤਰ੍ਹਾਂ ਦਾ ਵਿਹਾਰ ਕਰੋ ਕਿ ਸਫਲ ਪਾਂਧੀ ਵਾਂਗ ਜ਼ਿੰਦਗੀ ਦੇ ਖਾਤਮੇ ਵਿਚ ਪਰਮਾਤਮਾ ਵਿਚ ਇਵੇਂ ਨਿਰਲੇਪ ਹੋ ਜਾਵੋ ਜਿਵੇਂ ਜਲ- ਜਲ ਵਿਚ ਅਭੇਦ ਹੋ ਜਾਂਦਾ ਹੈ। ਜ਼ਿੰਦਗੀ ਨਾਲ ਕਿਸੇ ਕਿਸਮ ਦਾ ਧੋਖਾ ਕਰਨਾ ਆਪਣੇ ਦੁਰਲਭ ਕਰਮਾਂ ਨੂੰ ਮੈਲਾ ਕਰਨ ਸਮਾਨ ਹੈ। ਗ੍ਰਹਿਸਥੀ ਬਣ ਕੇ ਨੇਕ ਕਿਰਤ ਕਮਾਈ ਕਰਕੇ ਵਾਹਿਗੁਰੂ ਦਾ ਨਾਮ ਜਪਣਾ ਉਚਿਤ ਹੈ ਅਤੇ ਇਸ ਕਿਸਮ ਦੀ ਪਿਰਤ ਪਹਿਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਭਿਲਾਸ਼ੀਆਂ ਵਿਚ ਸੰਚਿਤ ਕੀਤੀ ਸੀ। ਇਸ ਲਈ ਗੁਰੂ ਦੇ ਸਿੱਖ ਨੇ ਸੰਸਾਰ ਨੂੰ ਤਿਆਗਣਾ ਨਹੀਂ, ਸੰਸਾਰ ਵਿਚ ਰਹਿ ਕੇ ਇਸ ‘ਤੇ ਫਤਿਹ ਹਾਸਿਲ ਕਰਨੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਸਾਰੇ ਸਲੋਕ, ਸ਼ਬਦ ਤੇ ਬਚਨ ਅਕਾਲ ਪੁਰਖ ਦੀ ਉਸਤਤ ਨਾਲ ਜੁੜਨ ਦੀ ਖੂਬਸੂਰਤ ਤਰਜ਼ਮਾਨੀ ਕਰਦੇ ਹਨ ਤੇ ਅਜਿਹੇ ਮਾਰਗ ‘ਤੇ ਚੱਲਣ ਵਾਲੇ ਪ੍ਰਾਣੀ ਨੂੰ ਜੇ ਦੂਜੇ ਦੇ ਹੱਕ-ਇਨਸਾਫ਼ ਲਈ ਆਪਣੀ ਜਾਨ ਵੀ ਤਲੀ ਤੇ ਧਰਨੀ ਪਵੇ ਤਾਂ ਉਹ ਪਿੱਛੇ ਨਹੀਂ ਹੱਟਦਾ। ਸਤਿਗੁਰਾਂ ਨੇ ਸੀਸ ਦਿੱਤਾ ਪਰ ਸੀ ਨਾ ਉਚਾਰੀ ਅਤੇ ਅਜਿਹੀ ਕਿਰਿਆ ਕਰ ਗਏ ਜਿਹੜੀ ਕਿਸੇ ਹੋਰ ਕੋਲੋਂ ਹੋਣੀ ਇਕ ਅਤਿਕਥਨੀ ਹੀ ਹੋ ਸਕਦੀ ਹੈ। 

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜ਼ਿੰਦਗੀ ਦੇ ਕੀਤੇ ਲਾਸਾਨੀ ਕਰਤੱਵਾਂ ਨੂੰ ਦੇਖਦਿਆਂ ਹੋਇਆਂ ਜੇ ਉਨ੍ਹਾਂ ਦਾ ਸੰਖੇਪ ਜਿਹਾ ਵਰਣਨ ਵੀ ਕੀਤਾ ਜਾਵੇ ਤਾਂ ਦਿਮਾਗ ਚਕ੍ਰਿਤ ਹੋ ਜਾਂਦਾ ਹੈ ਅਤੇ ਕਲਮ ਆਪਣੇ ਆਪ ਨੂੰ ਨਿਰਬਲ ਜਾਪਦੀ ਹੈ। ਗੁਰੂ ਸਾਹਿਬ ਦੀ ਮਹਿਮਾ ਮਹਾਨ ਹੈ ਅਤੇ ਉਹ ਆਪ ਜਾਣਦੇ ਹਨ ਕਿ ਜੋ ਕੁਝ ਉਹਨਾਂ ਨੇ ਮਨੁੱਖ ਸਮਾਜ ਵਿਚ ਬਿਹਤਰੀ ਲਿਆਉਣ ਲਈ ਕੀਤਾ ਹੈ ਉਹ ਕਿੰਨਾ ਕਠਿਨ ਹੈ ਪਰ ਉਪਯੋਗੀ ਵੀ ਹੈ। ਮਹਾਨ ਸ਼ਹੀਦ ਅਤੇ ਉਨ੍ਹਾਂ ਦੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਰਬੰਸਦਾਨੀ ਨਾ ਕੋਈ ਹੋਇਆ ਹੈ ਤੇ ਨਾ ਹੀ ਹੋ ਸਕਦਾ ਹੈ। ਸਤਿਗੁਰਾਂ ਅੱਗੇ ਨਤਮਸਤਕ ਹੋ ਕੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਨ ਦਾ ਹਰ ਕਿਸੇ ਨੂੰ ਮਾਣ ਪ੍ਰਾਪਤ ਹੋਣਾ ਚਾਹੀਦਾ ਹੈ। ਸਭ ਸੋਚਾਂ ਵਿਚਾਰਾਂ ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿਲਸਿਲੇ ਵਿਚ ਗੱਲ ਇਥੇ ਹੀ ਆ ਕੇ ਮੁੱਕਦੀ ਹੈ ਕਿ ਤੇਗ ਬਹਾਦਰ ਸਿਮਰੀਐ ਘਰਿ ਨਉ ਨਿਧਿ ਆਵੈ ਧਾਇ॥

ਜਿਹ ਮਾਰਗਿ ਇਹੁ ਜਾਤ ਇਕੇਲਾ॥

ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ॥

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।