Sri Guru Arjun Dev Ji(ਪੰਜਾਬੀ ਖ਼ਬਰਨਾਮਾ): ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਸਾਹਿਬ (ਪੰਜਾਬ) ਵਿਖੇ 1563 ਈਸਵੀ ਨੂੰ ਹੋਇਆ। ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਇਸ ਸਮੇਂ ਗੁਰੂ ਅਮਰਦਾਸ ਜੀ ਗੁਰਤਾਗੱਦੀ ‘ਤੇ ਬਿਰਾਜਮਾਨ ਸਨ, ਜੋ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਸਨ।

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਬਚਪਨ ਦੇ ਮੁੱਢਲੇ 11 ਸਾਲ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਛੱਤਰ ਛਾਇਆ ਹੇਠ ਬਿਤਾਏ। ਇਸ ਦੌਰਾਨ ਗੁਰੂ ਅਰਜਨ ਦੇਵ ਜੀ ਨੇ ਇਥੇ ਆਪਣੇ ਨਾਨਾ ਜੀ ਕੋਲੋਂ ਗੁਰਮੁਖੀ ਦੀ ਵਿਦਿਆ ਲਈ ਤੇ ਗੁਰਮੁਖੀ ‘ਚ ਮੁਹਾਰਤ ਹਾਸਲ ਕੀਤੀ। ਇਸ ਤੋਂ ਇਲਾਵਾ ਗੁਰੂ ਜੀ ਨੇ ਕਈ ਹੋਰਨਾਂ ਭਾਸ਼ਵਾਂ ਦੇਵਨਾਗਰੀ, ਸੰਸਕ੍ਰਿਤ ਅਤੇ ਗਣਿਤ ਦੀ ਵਿਦਿਆ ਹਾਸਲ ਕੀਤੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਬਾਬਾ ਮੋਹਨ ਸਿੰਘ ਜੀ ਨੇ ਗੁਰੂ ਜੀ ਨੂੰ ਅਧਿਆਤਮ ਤੇ ਧਿਆਨ ਲਗਾਉਣ ਦੀ ਵਿਦਿਆ ਵੀ ਸਿਖਾਈ।

1574 ਵਿੱਚ ਹੀ ਸ੍ਰੀ ਗੁਰੂ ਰਾਮਦਾਸ ਜੀ, ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨੋਂ ਪੁੱਤਰਾਂ ਪ੍ਰਿਥੀ ਚੰਦ, ਸ੍ਰੀ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ, ਸਭ ਤੋਂ ਪਹਿਲੀ ਸੇਵਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖਸਰ ਦੀ ਚਲ ਰਹੀ ਸੀ, ਉਸ ਨੂੰ ਅਰੰਭਿਆ ਗਿਆ। ਇਸ ਟਾਹਲੀ ਹੇਠ ਬੈਠ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੇਵਾ ਕਰਦੇ ਸਨ, ਅੱਜਕਲ੍ਹ ਇਸ ਸਥਾਨ ‘ਤੇ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ।

ਇਸ ਤੋਂ ਇਲਾਵਾ 1577 ‘ਚ ਸ੍ਰੀ ਗੁਰੂ ਰਾਮਦਾਸ ਜੀ ਨੇ ਦੁੱਖਭੰਜਨੀ ਬੇਰੀ ਵਾਲੀ ਥਾਂ ਇੱਕ ਸਰੋਵਰ ਦੀ ਖੁਦਵਾਈ ਸ਼ੁਰੂ ਕਰਵਾਈ, ਜਿਸ ਨੂੰ ਬਾਅਦ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ। ਇਸ ਸਰੋਵਰ ਦਾ ਨਾਂਅ ਅੰਮ੍ਰਿਤਸਰ ਰੱਖਿਆ ਗਿਆ। ਇਸ ਤੋਂ ਹੀ ਇਸ ਨਗਰ ਦਾ ਨਾਂਅ ਅੰਮ੍ਰਿਤਸਰ ਪਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।