16 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਦੱਖਣ ਭਾਰਤੀ ਸਿਨੇਮਾ ਦੇ ਖੇਤਰ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਅਦਾਕਾਰ ਕਬੀਰ ਦੁਹਾਨ ਸਿੰਘ, ਜੋ ਹੁਣ ਪਾਲੀਵੁੱਡ ਗਲਿਆਰਿਆਂ ਵਿੱਚ ਵੀ ਧਾਂਕ ਜਮਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿੰਨ੍ਹਾਂ ਦੀ ਇਸ ਖਿੱਤੇ ਵਿੱਚ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਹੈ, ਉਨ੍ਹਾਂ ਦੀ ਪਲੇਠੀ ਪੰਜਾਬੀ ਫਿਲਮ ‘ਡਾਕੂਆਂ ਦਾ ਮੁੰਡਾ 3’, ਜਿਸ ਵਿੱਚ ਦੇਵ ਖਰੌੜ ਵੱਲੋਂ ਮੁੱਖ ਭੂਮਿਕਾ ਅਦਾ ਕੀਤੀ ਗਈ ਹੈ।
‘ਜੀ ਸਟੂਡਿਓਜ਼’ ਅਤੇ ‘ਡ੍ਰੀਮ ਰਿਐਲਟੀ ਮੂਵੀਜ਼’ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਨਰਿੰਦਰ ਅੰਬਰਸਰੀਆ ਜਦਕਿ ਨਿਰਦੇਸ਼ਨ ਹੈਪੀ ਰੋਡੇ ਵੱਲੋਂ ਕੀਤਾ ਗਿਆ ਹੈ। ਪੰਜਾਬ ਅਤੇ ਉਤਰਾਖੰਡ ਦੇ ਦੇਹਰਾਦੂਨ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਵਿੱਚ ਦੇਵ ਖਰੌੜ ਅਤੇ ਬਾਣੀ ਸੰਧੂ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਨਾਲ ਕਾਫ਼ੀ ਮਹੱਤਵਪੂਰਨ ਭੂਮਿਕਾ ਨੂੰ ਅੰਜ਼ਾਮ ਦਿੰਦੇ ਨਜ਼ਰੀ ਪੈਣਗੇ ਅਦਾਕਾਰ ਕਬੀਰ ਦੁਹਨ ਸਿੰਘ, ਜੋ ਅਪਣੀ ਇਸ ਪਹਿਲੀ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਵਿਖਾਈ ਦੇ ਰਹੇ ਹਨ।
ਮੂਲ ਰੂਪ ਵਿੱਚ ਗੋਹਾਨਾ, ਹਰਿਆਣਾ ਨਾਲ ਸੰਬੰਧਤ ਹਨ ਇਹ ਬਾਕਮਾਲ ਅਦਾਕਾਰ, ਜੋ ਤੇਲਗੂ, ਕੰਨੜ, ਤਾਮਿਲ ਅਤੇ ਮਲਿਆਲਮ ਭਾਸ਼ਾ ਦੀਆਂ ਫਿਲਮਾਂ ਵਿੱਚ ਮਹੱਤਵਪੂਰਨ ਅਤੇ ਲੀਡਿੰਗ ਭੂਮਿਕਾਵਾਂ ਅਦਾ ਕਰ ਚੁੱਕੇ ਹਨ। ਜਿੰਨ੍ਹਾਂ ਵਿੱਚ ‘ਵੇਦਾਲਮ’, ‘ਗੱਬਰ ਸਿੰਘ’, ‘ਟਰਬੋ’ ਅਤੇ ਹਾਲ ਹੀ ਵਿੱਚ ਸਾਹਮਣੇ ਆਈ ਪੈਨ ਇੰਡੀਆ ‘ਮਾਰਕੋ’ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਵਿੱਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਸਰਾਹਿਆ ਗਿਆ ਹੈ।
ਓਧਰ ਜੇਕਰ ਉਕਤ ਪੰਜਾਬੀ ਫਿਲਮ ਦੀ ਗੱਲ ਕਰੀਏ ਤਾਂ ਇਸ ਵਿੱਚ ਉਨ੍ਹਾਂ ਵੱਲੋਂ ਵਿਕਰਮ ਚੌਧਰੀ ਦੀ ਚੁਣੌਤੀਪੂਰਨ ਭੂਮਿਕਾ ਅਦਾ ਕੀਤੀ ਗਈ ਹੈ, ਜਿਸ ਨੂੰ ਮੇਨ ਸਟ੍ਰੀਮ ਕਿਰਦਾਰਾਂ ਨਾਲੋਂ ਕਾਫ਼ੀ ਵੱਖਰਾ ਰੂਪ ਦੇਣ ਦੀ ਕੋਸ਼ਿਸ਼ ਉਨ੍ਹਾਂ ਵੱਲੋਂ ਕੀਤੀ ਗਈ ਹੈ। ਆਗਾਮੀ 13 ਜੂਨ ਨੂੰ ਵਰਲਡ-ਵਾਈਡ ਪ੍ਰਦਸ਼ਿਤ ਹੋਣ ਜਾ ਰਹੀ ਉਕਤ ਫਿਲਮ ਨੂੰ ਜੀ ਸਟੂਡਿਓਜ਼ ਵੱਲੋਂ ਕਾਫ਼ੀ ਵੱਡੇ ਪੱਧਰ ਉਪਰ ਸਾਹਮਣੇ ਲਿਆਂਦਾ ਜਾ ਰਿਹਾ ਹੈ।
ਸੰਖੇਪ: ਦੱਖਣੀ ਭਾਰਤ ਦਾ ਪ੍ਰਸਿੱਧ ਅਦਾਕਾਰ ਹੁਣ ਪਾਲੀਵੁੱਡ ‘ਚ ਕਰੇਗਾ ਧਮਾਕੇਦਾਰ ਐਂਟਰੀ। ‘ਡਾਕੂਆਂ ਦਾ ਮੁੰਡਾ 3’ ਰਾਹੀਂ ਹੋਵੇਗਾ ਡੈਬਿਊ, ਫੈਨਸ ਦੇ ਵਿਚਕਾਰ ਉਤਸ਼ਾਹ।