26 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਸਾਬਕਾ ਭਾਰਤੀ ਕ੍ਰਿਕਟ ਕਪਤਾਨ ਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਨੇ ਸ਼ੁੱਕਰਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਪਾਕਿਸਤਾਨ ਨਾਲ ਕ੍ਰਿਕਟ ਸਬੰਧਾਂ ਨੂੰ ਪੂਰੀ ਤਰ੍ਹਾਂ ਤੋੜਨ ਦੀ ਮੰਗ ਕੀਤੀ। ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ। ਸੌਰਵ ਗਾਂਗੁਲੀ ਨੇ ਵਾਰ-ਵਾਰ ਹੋ ਰਹੇ ਅੱਤਵਾਦੀ ਹਮਲਿਆਂ ਦੇ ਜਵਾਬ ਵਿੱਚ ਸਖ਼ਤ ਕਾਰਵਾਈ ਦੀ ਤੁਰੰਤ ਲੋੜ ਦਾ ਵੀ ਜ਼ਿਕਰ ਕੀਤਾ।
ਕੋਲਕਾਤਾ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਸੌਰਵ ਗਾਂਗੁਲੀ ਨੇ ਸਪੱਸ਼ਟ ਤੌਰ ‘ਤੇ ਕਿਹਾ 100 ਫੀਸਦੀ ਸਖ਼ਤ ਕਾਰਵਾਈ ਜ਼ਰੂਰੀ ਹੈ ਇਹ ਕੀਤਾ ਜਾਣਾ ਚਾਹੀਦਾ ਹੈ। ਇਹ ਕੋਈ ਮਜ਼ਾਕ ਨਹੀਂ ਹੈ ਕਿ ਅਜਿਹੀਆਂ ਚੀਜ਼ਾਂ ਹਰ ਸਾਲ ਹੁੰਦੀਆਂ ਹਨ। ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਆਈਸੀਸੀ ਈਵੈਂਟ ‘ਚ ਆਹਮੋ-ਸਾਹਮਣੇ
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਤੇ ਪਾਕਿਸਤਾਨ ਸਿਰਫ਼ ਆਈਸੀਸੀ ਮੁਕਾਬਲਿਆਂ ਵਿੱਚ ਹੀ ਆਹਮੋ-ਸਾਹਮਣੇ ਹੁੰਦੇ ਰਹੇ ਹਨ, ਜਿਵੇਂ ਕਿ ਟੀ-20 ਤੇ 50 ਓਵਰਾਂ ਦੇ ਵਿਸ਼ਵ ਕੱਪ, ਆਈਸੀਸੀ ਚੈਂਪੀਅਨਜ਼ ਟਰਾਫੀ ਤੇ ਏਸ਼ੀਆਈ ਕ੍ਰਿਕਟ ਕੌਂਸਲ (ਏਸੀਸੀ) ਦੁਆਰਾ ਆਯੋਜਿਤ ਏਸ਼ੀਆ ਕੱਪ ਮੁਕਾਬਲੇ।
ਨਹੀਂ ਹੋਈ ਦੋਵਾਂ ਦੇਸ਼ਾਂ ਵਿਚਕਾਰ ਕੋਈ ਸੀਰੀਜ਼
ਇਹ ਧਿਆਨ ਦੇਣ ਯੋਗ ਹੈ ਕਿ ਕ੍ਰਿਕਟ ਵਿੱਚ ਸਭ ਤੋਂ ਵੱਡੀ ਦੁਸ਼ਮਣੀ ਹੋਣ ਦੇ ਬਾਵਜੂਦ, ਭਾਰਤ ਤੇ ਪਾਕਿਸਤਾਨ 2012-13 ਤੋਂ ਬਾਅਦ ਕਿਸੇ ਵੀ ਦੁਵੱਲੀ ਲੜੀ ਵਿੱਚ ਇੱਕ ਦੂਜੇ ਦਾ ਸਾਹਮਣਾ ਨਹੀਂ ਕੀਤਾ ਹੈ। ਦੋਵਾਂ ਦੇਸ਼ਾਂ ਵਿਚਕਾਰ ਤਣਾਅਪੂਰਨ ਰਾਜਨੀਤਿਕ ਸਬੰਧਾਂ ਕਾਰਨ ਭਾਰਤ ਨੇ 2008 ਤੋਂ ਬਾਅਦ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ।
ਹਾਈਬ੍ਰਿਡ ਮਾਡਲ ‘ਤੇ ਹੋਈ ਚੈਂਪੀਅਨਜ਼ ਟਰਾਫੀ
ਹਾਲ ਹੀ ਵਿੱਚ ਹੋਈ ਆਈਸੀਸੀ ਚੈਂਪੀਅਨਜ਼ ਟਰਾਫੀ ਦੌਰਾਨ ਭਾਰਤ ਨੇ ਪਾਕਿਸਤਾਨ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਇਸ ਦੀ ਬਜਾਏ ਇੱਕ ਹਾਈਬ੍ਰਿਡ ਮਾਡਲ ਤਹਿਤ ਟੂਰਨਾਮੈਂਟ ਖੇਡਿਆ ਸੀ, ਜਿਸ ਨਾਲ ਭਾਰਤ ਦੇ ਮੈਚ ਦੁਬਈ ਵਿੱਚ ਤਬਦੀਲ ਕਰ ਦਿੱਤੇ ਗਏ ਸਨ।
ਸੰਖੇਪ: ਸੌਰਵ ਗਾਂਗੁਲੀ ਨੇ ਪਹਿਲਗਾਮ ਹਮਲੇ ਦੇ ਮੱਦੇਨਜ਼ਰ ਪਾਕਿਸਤਾਨ ਨਾਲ ਕ੍ਰਿਕਟ ਸਬੰਧ ਤੋੜਨ ਦੀ ਮੰਗ ਕੀਤੀ ਅਤੇ ਅੱਤਵਾਦੀ ਹਮਲਿਆਂ ਦੇ ਜਵਾਬ ਵਿੱਚ ਸਖ਼ਤ ਕਾਰਵਾਈ ਦੀ ਲੋੜ ਤੇ ਜ਼ੋਰ ਦਿੱਤਾ।