15 ਅਕਤੂਬਰ 2024 : ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਇਸ ਸਮੇਂ ਸੁਰਖੀਆਂ ਵਿੱਚ ਬਣੇ ਹੋਏ ਹਨ। ਹਾਲ ਹੀ ਦੇ ਵਿੱਚ ਉਨ੍ਹਾਂ ਦੀ ਸਮਾਗਮ ਦੀ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਖੰਨਾ ਦੇ ਲਲਹੇੜੀ ਰੋਡ ‘ਤੇ ਚੱਲ ਰਹੇ ਦੁਸਹਿਰੇ ਦੇ ਪ੍ਰੋਗਰਾਮ ਦੌਰਾਨ ਅਚਾਨਕ ਮਾਹੌਲ ਤਣਾਅਪੂਰਨ ਹੋ ਗਿਆ ਸੀ।
ਸਮਾਗਮ ਵਿੱਚ ਪੁੱਜੇ ਗਾਇਕ ਗੁਲਾਬ ਸਿੱਧੂ ਦੇ ਬਾਊਂਸਰਾਂ ਨੇ ਇੱਕ ਬਜ਼ੁਰਗ ਅਤੇ ਨੌਜਵਾਨ ਨੂੰ ਸਟੇਜ ਤੋਂ ਹੇਠਾਂ ਧੱਕ ਦਿੱਤਾ, ਜਿਸ ਕਾਰਨ ਬਜ਼ੁਰਗ ਦੀ ਪੱਗ ਉਤਰ ਗਈ। ਇਸ ਘਟਨਾ ਕਾਰਨ ਸਟੇਜ ‘ਤੇ ਮਾਹੌਲ ਗਰਮ ਹੋ ਗਿਆ ਅਤੇ ਗੁੱਸੇ ‘ਚ ਆਏ ਗਾਇਕ ਨੇ ਤੁਰੰਤ ਗਾਉਣਾ ਬੰਦ ਕਰ ਦਿੱਤਾ।
ਹੁਣ ਗਾਇਕ ਨੇ ਇਸ ਹਰਕਤ ਲਈ ਫੈਨਜ਼ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਵਾਹਿਗੁਰੂ ਜੀ ਮੇਹਰ ਕਰਨ ਬਾਪੂ ਜੀ ਹਮੇਸਾ ਨਾਲ ਆਂ ਥੋਡੇ ਮਾਫੀ ਦੇਣ ਵਾਲਾ ਵੱਡਾ ਹੁੰਦਾ ਮੈਂ ਫੇਰ ਥੋਡੇ ਤੌ ਮਾਫੀ ਮੰਗਦਾ ਵਾਹਿਗੁਰੂ ਸਭ ਨੂੰ ਚੜਦੀਕਲਾ ਚ ਰੱਖੇ ਹੋਰ ਵੀ ਕਿਸੇ ਵੀਰ-ਭੈਣ ਦਾ ਮੇਰੇ ਕਰਕੇ ਦਿਲ ਦੁਖਿਆ ਹੋਵੇ ਤਾਂ ਆਪਣੇ ਚਰਨਾਂ ਦੀ ਧੂੜ ਆਪਣਾ ਬੱਚਾ ਸਮਝ ਕੇ ਮਾਫ ਕਰਿਓ….
ਦੱਸ ਦੇਈਏ ਕਿ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਗੁਲਾਬ ਸਿੱਧੂ ਨੇ ਕਿਹਾ ਕਿ ਸਾਡੇ ਇੱਕ ਭਰਾ ਦੀ ਪੱਗ ਲਾਹੁਣੀ ਬਹੁਤ ਹੀ ਸ਼ਰਮਨਾਕ ਘਟਨਾ ਹੈ। ਕਿਸੇ ਵੀ ਵਿਅਕਤੀ ਦੀ ਦਸਤਾਰ ਦਾ ਇਸ ਤਰ੍ਹਾਂ ਅਪਮਾਨ ਨਹੀਂ ਹੋਣਾ ਚਾਹੀਦਾ। ਸਿੱਧੂ ਦੀ ਟਿੱਪਣੀ ਤੋਂ ਬਾਅਦ ਪ੍ਰੋਗਰਾਮ ‘ਚ ਤਣਾਅ ਵਧ ਗਿਆ ਸੀ।
ਇਸ ਦੌਰਾਨ ਸਟੇਜ ‘ਤੇ ਖੜ੍ਹੇ ਇਕ ਵਿਅਕਤੀ ਨੇ ਟਰੈਕਟਰ ਚਾਲਕ ਨੂੰ ਟਰੈਕਟਰ ਨੂੰ ਸਟੇਜ ਵੱਲ ਲਿਜਾਣ ਲਈ ਕਿਹਾ। ਸਟੇਜ ਵੱਲ ਵਧਦੇ ਟਰੈਕਟਰ ਦੀ ਰਫ਼ਤਾਰ ਦੇਖ ਉੱਥੇ ਮੌਜੂਦ ਲੋਕ ਡਰ ਗਏ ਅਤੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਸਥਿਤੀ ਇੰਨੀ ਖਰਾਬ ਹੋ ਗਈ ਕਿ ਟਰੈਕਟਰ ਸਟੇਜ ਦੇ ਨੇੜੇ ਆ ਗਿਆ, ਜਿਸ ਨਾਲ ਹੋਰ ਵੀ ਹਫੜਾ-ਦਫੜੀ ਮਚ ਗਈ ਸੀ।
ਘਟਨਾ ਦੀ ਸੂਚਨਾ ਮਿਲਣ ‘ਤੇ ਐੱਸ.ਪੀ. ਸੌਰਭ ਜਿੰਦਲ ਅਤੇ ਡੀ.ਐਸ.ਪੀ. ਖੰਨਾ ਅੰਮ੍ਰਿਤਪਾਲ ਸਿੰਘ ਭਾਟੀ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪੁੱਜੇ। ਪੁਲਿਸ ਨੇ ਸਥਿਤੀ ‘ਤੇ ਕਾਬੂ ਪਾ ਲਿਆ ਪਰ ਦੇਰ ਰਾਤ ਤੱਕ ਮੌਕੇ ‘ਤੇ ਤਣਾਅ ਬਣਿਆ ਰਿਹਾ। ਸਟੇਜ ਤੋਂ ਧੱਕੇ ਮਾਰੇ ਗਏ ਬਜ਼ੁਰਗ ਅਤੇ ਨੌਜਵਾਨ ਸਮਰਥਕਾਂ ਨੇ ਬਾਊਂਸਰਾਂ ਤੋਂ ਜਨਤਕ ਮੁਆਫੀ ਦੀ ਮੰਗ ਕੀਤੀ। ਸਮਰਥਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਸਟੇਜ ‘ਤੇ ਆ ਕੇ ਮੁਆਫ਼ੀ ਨਾ ਮੰਗੇ ਤਾਂ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਸਮਾਨ ਨਹੀਂ ਲਿਜਾਣ ਦਿੱਤਾ ਜਾਵੇਗਾ।