Music Journey

29 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): 29 ਮਈ 2022 ਦੀ ਉਹ ਕਾਲੀ ਸ਼ਾਮ, ਜਿਸ ਨੇ ਸਾਡੇ ਤੋਂ ਸਦਾ ਲਈ ਇੱਕ ਵੱਡਾ ਫ਼ਨਕਾਰ ਖੋਹ ਲਿਆ, ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸਦੀ ਗੱਲ ਕਰ ਰਹੇ ਹਾਂ, ਜੀ ਹਾਂ…ਅਸੀਂ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਬਾਰੇ ਗੱਲ ਕਰ ਰਹੇ ਹਾਂ।

ਪੰਜਾਬੀ ਸਿਨੇਮਾ ਦੇ ਇਸ ਮਰਹੂਮ ਗਾਇਕ ਨੇ ਜਿੱਥੇ ਆਪਣੀ ਗਾਇਕੀ ਦੇ ਵੱਖਰੇ ਅੰਦਾਜ਼ ਕਾਰਨ ਪੂਰੀ ਦੁਨੀਆ ਵਿੱਚ ਮਸ਼ਹੂਰੀ ਪ੍ਰਾਪਤ ਕੀਤੀ, ਉੱਥੇ ਹੀ ਉਨ੍ਹਾਂ ਨਾਲ ਜੁੜੇ ਵਿਵਾਦਾਂ ਦੀ ਚਰਚਾ ਵੀ ਅਕਸਰ ਹੁੰਦੀ ਰਹੀ ਹੈ। ਸਿੱਧੂ ਮੂਸੇਵਾਲਾ ਨਾਲ ਕਈ ਤਰ੍ਹਾਂ ਦੇ ਵਿਵਾਦ ਵੀ ਨਾਲੋਂ-ਨਾਲ ਚੱਲਦੇ ਰਹੇ ਹਨ। ਹੁਣ ਜਿਵੇਂ ਕਿ ਅੱਜ 29 ਮਈ ਨੂੰ ਗਾਇਕ ਦੁਆਰਾ ਸਾਨੂੰ ਅਲਵਿਦਾ ਬੋਲਿਆ 3 ਸਾਲ ਪੂਰੇ ਹੋ ਗਏ ਹਨ, ਅਸੀਂ ਇੱਥੇ ਗਾਇਕ ਬਾਰੇ ਕੁੱਝ ਖਾਸ ਗੱਲਾਂ ਲੈ ਕੇ ਆਏ ਹਾਂ, ਜੋ ਯਕੀਨਨ ਤੁਹਾਨੂੰ ਪਤਾ ਹੋਣੀਆਂ ਜ਼ਰੂਰੀ ਹਨ।

ਸਿੱਧੂ ਮੂਸੇਵਾਲਾ ਦਾ ਸ਼ੁਰੂਆਤੀ ਜੀਵਨ

ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਪਿੰਡ ਮੂਸੇਵਾਲਾ (ਮਾਨਸਾ) ਵਿਖੇ ਹੋਇਆ ਸੀ। ਮੂਸੇਵਾਲਾ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਹੈ। ਗਾਇਕ ਨੇ ਪੰਜਾਬੀ ਮਨੋਰੰਜਨ ਜਗਤ ਵਿੱਚ ਬਤੌਰ ਗਾਇਕ, ਗੀਤਕਾਰ ਅਤੇ ਅਦਾਕਾਰ ਕੰਮ ਕੀਤਾ।

ਇੰਜੀਨੀਅਰਿੰਗ ਦਾ ਵਿਦਿਆਰਥੀ ਸੀ ਸਿੱਧੂ ਮੂਸੇਵਾਲਾ

ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਸਿੱਧੂ ਮੂਸੇਵਾਲਾ ਨੇ ਇੰਜੀਨੀਅਰਿੰਗ ਕੀਤੀ ਹੋਈ ਸੀ ਅਤੇ ਕਾਲਜ ਦੇ ਦਿਨਾਂ ਵਿੱਚ ਉਹਨਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਗਾਇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਸ਼ਹੂਰ ਗੀਤ ‘ਲਾਈਸੈਂਸ’ ਤੋਂ ਇੱਕ ਗੀਤਕਾਰ ਵਜੋਂ ਕੀਤੀ ਸੀ। ਮਰਹੂਮ ਗਾਇਕ ਦੇ ਇਸ ਗੀਤ ਨੂੰ ਨਿੰਜਾ ਨੇ ਗਾਇਆ ਸੀ। ਹਾਲਾਂਕਿ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਸਿੱਧੂ ਮੂਸੇਵਾਲਾ ਨੇ ਗੀਤ ‘ਜੀ ਵੈਗਨ’ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬ੍ਰਾਊਨ ਬੁਆਏਜ਼ ਨਾਲ ਕਈ ਟਰੈਕਾਂ ‘ਤੇ ਕੰਮ ਕੀਤਾ।

ਲੁਧਿਆਣੇ ਵਿੱਚ ਹਰਵਿੰਦਰ ਬਿੱਟੂ ਤੋਂ ਸਿੱਖੀ ਸੰਗੀਤ ਦੀ ਕਲਾ

ਸਿੱਧੂ ਮੂਸੇਵਾਲਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਇੰਜੀਨੀਅਰਿੰਗ ਕੀਤੀ ਸੀ। ਉਸਨੇ ਡੀਏਵੀ ਕਾਲਜ ਫੈਸਟ ਵਿੱਚ ਵੀ ਪ੍ਰਦਰਸ਼ਨ ਕੀਤਾ ਸੀ। ਮੂਸੇਵਾਲਾ ਰੈਪਰ ਤੁਪਕ ਸ਼ਕੂਰ ਤੋਂ ਬਹੁਤ ਪ੍ਰੇਰਿਤ ਸੀ। ਉਸਨੇ ਲੁਧਿਆਣੇ ਵਿੱਚ ਹਰਵਿੰਦਰ ਬਿੱਟੂ ਤੋਂ ਸੰਗੀਤ ਦੀ ਕਲਾ ਸਿੱਖੀ ਸੀ।

ਆਪਣੇ ਗੀਤ ‘ਸੋ ਹਾਈ’ ਨਾਲ ਵਿਸ਼ਵ ਭਰ ਵਿੱਚ ਹਾਸਿਲ ਕੀਤੀ ਸਫਲਤਾ

ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੇ ਆਪਣੇ ਟਰੈਕ ‘ਸੋ ਹਾਈ’ ਨਾਲ ਵਿਸ਼ਵ ਭਰ ਵਿੱਚ ਸਫਲਤਾ ਹਾਸਲ ਕੀਤੀ ਅਤੇ ਰਾਤੋਂ ਰਾਤ ਗਾਇਕ ਸਟਾਰ ਬਣ ਗਿਆ। ਬਾਅਦ ਵਿੱਚ ਉਸਨੇ ਆਪਣੀ ਪਹਿਲੀ ਐਲਬਮ ‘PBX 1’ ਰਿਲੀਜ਼ ਕੀਤੀ, ਜੋ ਬਿਲਬੋਰਡ ਕੈਨੇਡੀਅਨ ਐਲਬਮਾਂ ਚਾਰਟ ‘ਤੇ 66ਵੇਂ ਨੰਬਰ ‘ਤੇ ਸੀ। ਐਲਬਮ ਦੀ ਸਫਲਤਾ ਤੋਂ ਬਾਅਦ ਉਸਨੇ ਆਪਣੇ ਗੀਤ ਸੁਤੰਤਰ ਤੌਰ ‘ਤੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ। ਉਸਦੇ ਸਿੰਗਲ ’47’ ਨੇ ਵੀ ਯੂਕੇ ਸਿੰਗਲ ਚਾਰਟ ਵਿੱਚ ਜਗ੍ਹਾਂ ਬਣਾਈ।

ਸਿੱਧੂ ਮੂਸੇਵਾਲਾ ਨਾਲ ਜੁੜੇ ਕੁੱਝ ਵਿਵਾਦ

ਗਾਇਕੀ ਦੌਰਾਨ ਮੂਸੇਵਾਲਾ ’ਤੇ ਗਾਣਿਆਂ ਅਤੇ ਹੋਰ ਕਈ ਮਾਮਲਿਆਂ ਨੂੰ ਲੈਕੇ ਕੇਸ ਦਰਜ ਵੀ ਹੋਏ ਸਨ। ਉਲੇਖਯੋਗ ਹੈ ਕਿ ਉਸ ਦੇ ਗੀਤ ‘ਸੰਜੂ’ ਕਾਰਨ ਹਿੰਸਾ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮ ‘ਚ ਉਸ ਵਿਰੁੱਧ ਐੱਫਆਈਆਰ ਕੋਵਿਡ ਲੌਕਡਾਊਨ ਦੌਰਾਨ ਫਾਇਰਿੰਗ ਰੇਂਜ ‘ਤੇ ਏਕੇ-47 ਰਾਈਫਲਾਂ ਨਾਲ ਗੋਲੀਆਂ ਚਲਾਈਆਂ ਜਾ ਰਹੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ।

ਮੂਸੇਵਾਲਾ ਦੀ ਸਿਆਸਤ ‘ਚ ਐਂਟਰੀ

ਗਾਇਕੀ ਵਿੱਚ ਪ੍ਰਸਿੱਧੀ ਹਾਸਿਲ ਕਰਨ ਤੋਂ ਬਾਅਦ ਮੂਸੇਵਾਲਾ ਵੱਲੋਂ ਸਿਆਸਤ ਵਿੱਚ ਐਂਟਰੀ ਕੀਤੀ ਗਈ। ਮੂਸੇਵਾਲਾ ਪੰਜਾਬ ਕਾਂਗਰਸ ਵਿੱਚ ਸ਼ਾਮਿਲ ਹੋਏ ਅਤੇ ਮਾਨਸਾ ਵਿਧਾਨਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਉੱਪਰ ਚੋਣ ਲੜੀ। ਇਸ ਚੋਣ ਵਿੱਚ ਮੂਸੇਵਾਲਾ ਨੂੰ ਆਪ ਉਮੀਦਵਾਰ ਡਾ. ਵਿਜੇ ਸਿੰਗਲਾ ਤੋਂ ਕਰਾਰੀ ਹਾਰ ਮਿਲੀ, ਜਿਸ ਤੋਂ ਬਾਅਦ ਮੂਸੇਵਾਲਾ ਨੂੰ ਕਾਫੀ ਟਰੋਲ ਵੀ ਕੀਤਾ ਗਿਆ।

ਸੰਖੇਪ: ਸਿੱਧੂ ਮੂਸੇਵਾਲਾ ਨੇ ਇੰਜੀਨੀਅਰਿੰਗ ਤੋਂ ਪੰਜਾਬੀ ਮਿਊਜ਼ਿਕ ਸਟਾਰ ਬਣਨ ਦਾ ਸਫਰ ਤੈਅ ਕੀਤਾ। ਲੁਧਿਆਣਾ ਦੇ ਹਰਵਿੰਦਰ ਬਿੱਟੂ ਤੋਂ ਸੰਗੀਤ ਸਿੱਖ ਕੇ ਉਹ ਲੋਕਾਂ ਦੇ ਦਿਲਾਂ ਵਿੱਚ ਵੱਸ ਗਏ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।