11 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਬੀਬੀਸੀ ਵੱਲੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ ਅਤੇ ਕਤਲ ਆਧਾਰਿਤ ਵਿਵਾਦਿਤ ਦਸਤਾਵੇਜ਼ੀ ਫਿਲਮ ‘ਦਿ ਕਿਲਿੰਗ ਕਾਲ’ ਨੂੰ ਅਪਣੇ ਸੋਸ਼ਲ ਪਲੇਟਫ਼ਾਰਮ ਉਪਰ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਉਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਸੰਬੰਧਤ ਪਰਿਵਾਰ ਵੱਲੋਂ ਮਾਨਯੋਗ ਹਾਈਕੋਰਟ ਦਾ ਰੁਖ਼ ਕੀਤਾ ਗਿਆ ਹੈ।
ਇਸ ਮਾਮਲੇ ਦੀ ਪੈਰਵਾਈ ਪੀੜਤ ਮਾਪਿਆ ਦੇ ਵਕੀਲ ਗੁਰਵਿੰਦਰ ਸਿੰਘ ਸੰਧੂ ਕਰ ਰਹੇ ਹਨ, ਜਿੰਨ੍ਹਾਂ ਅਨੁਸਾਰ ਪਰਿਵਾਰਿਕ ਅਸਹਿਮਤੀ ਦੇ ਬਾਵਜੂਦ ਇਸ ਦਸਤਾਵੇਜ਼ੀ ਫਿਲਮ ਨੂੰ ਰਿਲੀਜ਼ ਕਰ ਦਿੱਤੇ ਜਾਣਾ ਬੇਹੱਦ ਦੁਖਦ ਹੈ, ਜਿਸ ਨੂੰ ਹਰ ਹੀਲੇ ਬੈਨ ਕਰਵਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਸੰਬੰਧਤ ਵਿਸ਼ੇਸ਼ ਪਟੀਸ਼ਨ ਦਾਇਰ ਕਰਨ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਓਧਰ ਇਸੇ ਮਾਮਲੇ ਵਿੱਚ ਅਪਣਾ ਪੱਖ ਜਾਰੀ ਕਰਦਿਆਂ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਉਕਤ ਦਸਤਾਵੇਜ਼ੀ ਫਿਲਮ ਦਾ ਪ੍ਰਸਾਰਣ ਜਿੱਥੇ ਸਮਾਜ ਵਿੱਚ ਅਸ਼ਾਂਤੀ ਫੈਲਾ ਸਕਦਾ ਹੈ, ਉੱਥੇ ਇਸ ਨਾਲ ਉਨ੍ਹਾਂ ਦੁਆਰਾ ਅਪਣੇ ਪੁੱਤਰ ਦੀ ਮੌਤ ਲਈ ਇਨਸਾਫ਼ ਦੀ ਮੰਗ ਲਈ ਮਾਨਯੋਗ ਅਦਾਲਤ ਵਿੱਚ ਸੁਣਵਾਈ ਅਧੀਨ ਮਾਮਲਾ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰ ਦੇ ਅਧਿਕਾਰਾਂ ਅਤੇ ਉਨਾਂ ਦੇ ਮ੍ਰਿਤਕ ਬੇਟੇ ਦੀ ਨਿੱਜਤਾ ਦਾ ਨਿਰਾਦਰ ਕਰਦੀ ਹੈ ਉਕਤ ਦਸਤਾਵੇਜ਼ੀ ਫਿਲਮ, ਜਿਸ ਲਈ ਉਨ੍ਹਾਂ ਦੀ ਸਹਿਮਤੀ ਲਿਆ ਜਾਣਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ ਅਤੇ ਇਸ ਅਪਣਾਏ ਰਵੱਈਏ ਨਾਲ ਉਨ੍ਹਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ, ਜਿਸ ਨਾਲ ਕਾਤਲਾਂ ਤੋਂ ਬਾਅਦ ਹੁਣ ਉਨ੍ਹਾਂ ਨੂੰ ਇੱਕ ਹੋਰ ਫ੍ਰੰਟ ਖਿਲਾਫ਼ ਅਪਣੀ ਅਵਾਜ਼ ਬੁਲੰਦ ਕਰਨੀ ਪਵੇਗੀ।
ਓਧਰ ਇਸੇ ਮਾਮਲੇ ਸੰਬੰਧੀ ਮਿਲੀ ਹੋਰ ਜਾਣਕਾਰੀ ਅਨੁਸਾਰ ਸੰਬੰਧਤ ਪ੍ਰਸਾਰਨ ਹਾਊਸ ਵੱਲੋਂ ਮਿਲੇ ਕਾਨੂੰਨੀ ਨੋਟਿਸ ਦਾ ਜਵਾਬ ਦੇਣ ਲਈ 10 ਦਿਨਾਂ ਦਾ ਟਾਈਮ ਮੰਗਿਆ ਗਿਆ ਹੈ, ਜ਼ਿਕਰਯੋਗ ਹੈ ਕਿ ਮਰਹੂਮ ਸਿੱਧੂ ਮੂਸੇਵਾਲਾ ਦੀ ਜਾਰੀ ਕਰ ਦਿੱਤੀ ਉਕਤ ਦਸਤਾਵੇਜ਼ੀ ਫਿਲਮ ਵਿੱਚ ਉਨ੍ਹਾਂ ਦੇ ਕਰੀਅਰ ਉਭਾਰ, ਅੰਤਰ-ਰਾਸ਼ਟਰੀ ਪੱਧਰ ਉੱਪਰ ਛਾਅ ਜਾਣ ਦੇ ਪੜਾਵਾਂ, ਰਾਜਨੀਤੀ ‘ਚ ਆਮਦ ਆਦਿਕ ਹਰ ਪਹਿਲੂ ਨੂੰ ਦਰਸਾਇਆ ਗਿਆ ਹੈ, ਜਿਸ ਵਿੱਚ ਉਸਦੇ ਨਜ਼ਦੀਕੀ ਦੋਸਤਾਂ ਦੀ ਰਾਏ ਵੀ ਸ਼ੁਮਾਰ ਕੀਤੀ ਗਈ ਹੈ, ਪਰ ਇਸ ਦੇ ਕਿਸੇ ਵੀ ਹਿੱਸੇ ਵਿੱਚ ਪੀੜਤ ਪਰਿਵਾਰ ਦੀ ਕੋਈ ਪ੍ਰਤੀਕਿਰਿਆ ਸ਼ਾਮਿਲ ਨਹੀਂ ਹੈ।
ਸੰਖੇਪ: ਸਿੱਧੂ ਮੂਸੇਵਾਲਾ ਉੱਤੇ ਆਧਾਰਿਤ ਡਾਕੂਮੈਂਟਰੀ ‘ਤੇ ਵਿਵਾਦ ਛਿੜਿਆ ਹੋਇਆ ਹੈ। ਕੁਝ ਗਿਰੋਹਾਂ ਵੱਲੋਂ ਇਨ੍ਹਾਂ ਵਿਚਾਰਾਂ ‘ਤੇ ਐਤਰਾਜ਼ ਜਤਾਇਆ ਜਾ ਰਿਹਾ ਹੈ।