28 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬੀ ਸਿਨੇਮਾ ਦੀ ਡਾਂਵਾਡੋਲ ਭਰੀ ਕਾਰੋਬਾਰ ਸਥਿਤੀ ਦਰਮਿਆਨ ਰਿਲੀਜ਼ ਹੋਣ ਜਾ ਰਹੀ ‘ਡਾਕੂਆਂ ਦਾ ਮੁੰਡਾ 3’ ਦੀ ਸਫ਼ਲਤਾ ਲਈ ਹਰ ਹੀਲਾ ਅਪਣਾਏ ਜਾਣ ਦੀ ਕਵਾਇਦ ਜਾਰੀ ਹੈ, ਜਿਸ ਦਾ ਟੀਜ਼ਰ 2 ਸਵਰਗੀ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ, ਜੋ ਅੱਜ ਵੱਖ-ਵੱਖ ਚੈੱਨਲਸ ਅਤੇ ਪਲੇਟਫ਼ਾਰਮ ਉਪਰ ਵੱਡੇ ਪੱਧਰ ਉੱਪਰ ਜਾਰੀ ਕੀਤਾ ਜਾਵੇਗਾ।
ਇਸ ਵਰ੍ਹੇ 2025 ਦੇ ਇੱਕ ਹੋਰ ਬਹੁ-ਚਰਚਿਤ ਸੀਕਵਲ ਵਜੋਂ ਵਜ਼ੂਦ ਵਿੱਚ ਲਿਆਂਦੀ ਗਈ ਹੈ ਉਕਤ ਫਿਲਮ, ਜਿਸ ਨੂੰ ਹਰ ਫਿਲਮੀ ਮਸਾਲੇ ਅਤੇ ਤੜਕੇ ਨਾਲ ਅੋਤ ਪੋਤ ਕੀਤਾ ਗਿਆ ਹੈ, ਜੋ ਸਾਊਥ ਪੈਟਰਨ ਦੀ ਪ੍ਰਤੀਬਿੰਬਤਾ ਕਰਨ ਦੇ ਨਾਲ-ਨਾਲ ਵਿਸ਼ਾਲ ਕੈਨਵਸ ਦਾ ਵੀ ਅਹਿਸਾਸ ਦਰਸ਼ਕਾਂ ਨੂੰ ਕਰਵਾਏਗੀ।
‘ਜੀ ਸਟੂਡਿਓਜ਼’ ਅਤੇ ‘ਡਰੀਮ ਰਿਐਲਿਟੀ ਫਿਲਮਜ਼’ ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਐਕਸ਼ਨ-ਡਰਾਮਾ ਫਿਲਮ ਦਾ ਲੇਖਣ ਨਰਿੰਦਰ ਅੰਬਰਸਰੀਆ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਹੈਪੀ ਡੋਡੇ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ, ਜੋ ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈਆਂ ‘ਥਾਨਾ ਸਦਰ’ ਅਤੇ ‘ਰੋਡੇ ਕਾਲਜ’ ਦੇ ਕ੍ਰਮਵਾਰ ਲੇਖਣ ਅਤੇ ਨਿਰਦੇਸ਼ਨ ਨਾਲ ਪਾਲੀਵੁੱਡ ਗਲਿਆਰਿਆਂ ਵਿੱਚ ਚੌਖੀ ਭੱਲ ਕਾਇਮ ਕਰ ਚੁੱਕੇ ਹਨ।
ਪੰਜਾਬ ਤੋਂ ਇਲਾਵਾ ਜਿਆਦਾਤਰ ਉੱਤਰਾਖੰਡ ਦੇ ਵੱਖ-ਵੱਖ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਵਿੱਚ ਦੇਵ ਖਰੌੜ ਲੀਡ ਭੂਮਿਕਾ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਸਾਊਥ ਸਿਨੇਮਾ ਦੇ ਮੰਨੇ-ਪ੍ਰਮੰਨੇ ਐਕਟਰ ਕਬੀਰ ਦੁਹਾਨ ਸਿੰਘ ਨੂੰ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜੋ ਅਪਣੀ ਇਸ ਪਹਿਲੀ ਪੰਜਾਬੀ ਫਿਲਮ ਨਾਲ ਪਾਲੀਵੁੱਡ ਸਫਾਂ ਵਿੱਚ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ।
13 ਜੂਨ ਨੂੰ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਨੂੰ ਲੈ ਕੇ ਅਦਾਕਾਰ ਦੇਵ ਖਰੌੜ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜੋ ਇਸ ਮਲਟੀ-ਸਟਾਰਰ ਫਿਲਮ ਦੀ ਸਫ਼ਲਤਾ ਲਈ ਬੇਹੱਦ ਆਸਵੰਦ ਵੀ ਹਨ। 2018 ਵਿੱਚ ਆਈ ‘ਡਾਕੂਆਂ ਦਾ ਮੁੰਡਾ’ ਅਤੇ 2021 ਵਿੱਚ ਆਈ ‘ਡਾਕੂਆਂ ਦਾ ਮੁੰਡਾ 2’ ਤੋਂ ਬਾਅਦ ਤੀਜੇ ਸੀਕਵਲ ਦੇ ਰੂਪ ਵਿੱਚ ਲਿਆਂਦੀ ਜਾ ਰਹੀ ਹੈ ਇਹ ਫਿਲਮ, ਜਿਸ ਦੇ ਪਹਿਲੇ ਦੋ ਭਾਗਾਂ ਨੂੰ ਮਨਦੀਪ ਬੈਨੀਪਾਲ ਦੁਆਰਾ ਨਿਰਦੇਸ਼ਿਤ ਕੀਤਾ ਗਿਆ, ਜੋ ਇਸ ਵਾਰ ਇਸ ਦਾ ਹਿੱਸਾ ਨਹੀਂ ਹਨ।
ਸੰਖੇਪ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸਮਰਪਿਤ ‘ਡਾਕੂਆਂ ਦਾ ਮੁੰਡਾ 3’ ਦਾ ਨਵਾਂ ਟੀਜ਼ਰ ਜਲਦੀ ਰਿਲੀਜ਼ ਹੋਵੇਗਾ, ਜੋ ਫੈਨਸ ਵਿੱਚ ਉਤਸ਼ਾਹ ਪੈਦਾ ਕਰ ਰਿਹਾ ਹੈ।