ਨਵੀਂ ਦਿੱਲੀ, 13 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤ ਹੌਲੀ-ਹੌਲੀ ਨੀਂਦ ਦੀ ਘਾਟ ਦੀ ਗੰਭੀਰ ਸਮੱਸਿਆ ਵੱਲ ਵਧਦਾ ਦਿਖਾਈ ਦੇ ਰਿਹਾ ਹੈ। ਲੋਕਲ ਸਰਕਲਸ ਦੇ ਹਾਲੀਆ ਸਰਵੇ ਮੁਤਾਬਕ, ਦੇਸ਼ ਦੇ ਲਗਪਗ 46 ਫ਼ੀਸਦੀ ਲੋਕਾਂ ਨੂੰ ਰੋਜ਼ਾਨਾ ਛੇ ਘੰਟੇ ਤੋਂ ਵੀ ਘੱਟ ਨੀਂਦ ਮਿਲਦੀ ਹੈ ਜਦਕਿ ਡਾਕਟਰੀ ਮਾਹਰਾਂ ਦਾ ਕਹਿਣਾ ਹੈ ਕਿ ਸਿਹਤਮੰਦ ਰਹਿਣ ਲਈ ਔਸਤਨ 8 ਘੰਟੇ ਦੀ ਨੀਂਦ ਜ਼ਰੂਰੀ ਮੰਨੀ ਜਾਂਦੀ ਹੈ।
ਇਹ ਸਰਵੇ ਦਸੰਬਰ 2025 ਤੋਂ ਮਾਰਚ 2026 ਦਰਮਿਆਨ ਦੇਸ਼ ਦੇ 393 ਜ਼ਿਲ੍ਹਿਆਂ ਵਿਚ ਕੀਤਾ ਗਿਆ ਜਿਸ ਵਿਚ 89 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਸਰਵੇ ਮੁਤਾਬਕ, ਸਿਰਫ਼ 8 ਫ਼ੀਸਦੀ ਲੋਕਾਂ ਨੂੰ ਹੀ ਰੋਜ਼ਾਨਾ 8 ਤੋਂ 10 ਘੰਟੇ ਦੀ ਨੀਂਦ ਮਿਲ ਰਹੀ ਹੈ ਜਦਕਿ 42 ਫ਼ੀਸਦੀ ਲੋਕ 6 ਤੋਂ 8 ਘੰਟੇ ਸੌਂ ਪਾਉਂਦੇ ਹਨ। ਦੂਜੇ ਪਾਸੇ, 23 ਫ਼ੀਸਦੀ ਲੋਕ ਸਿਰਫ਼ 4 ਤੋਂ 6 ਘੰਟੇ ਅਤੇ ਇੰਨੇ ਹੀ ਲੋਕ ਚਾਰ ਘੰਟੇ ਜਾਂ ਉਸ ਤੋਂ ਘੱਟ ਨੀਂਦ ਲੈਂਦੇ ਹਨ। ਸਰਵੇ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਲਗਪਗ 70 ਕਰੋੜ ਭਾਰਤੀ ਉਨੀਂਦਰੇ ਦੇ ਸ਼ਿਕਾਰ ਹਨ।
ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਸਥਿਤੀ ਵਿਚ ਕੁਝ ਸੁਧਾਰ ਦਰਜ ਕੀਤਾ ਗਿਆ ਹੈ। 2025 ਵਿਚ ਜਿੱਥੇ 59 ਫ਼ੀਸਦੀ ਲੋਕਾਂ ਨੂੰ ਛੇ ਘੰਟੇ ਤੋਂ ਘੱਟ ਨੀਂਦ ਮਿਲਦੀ ਸੀ, ਹੁਣ ਇਹ ਅੰਕੜਾ ਘੱਟ ਕੇ 46 ਫ਼ੀਸਦੀ ’ਤੇ ਆ ਗਿਆ ਹੈ। ਇਸ ਦੇ ਬਾਵਜੂਦ ਮਾਹਰ ਇਸ ਨੂੰ ਚਿੰਤਾਜਨਕ ਸਥਿਤੀ ਮੰਨ ਰਹੇ ਹਨ।
ਚਿਕਿਤਸਾ ਵਿਗਿਆਨ ਮੁਤਾਬਕ ਲੁੜੀਂਦੀ ਨੀਂਦ ਸਰੀਰ ਤੇ ਦਿਮਾਗ ਦੋਵਾਂ ਲਈ ਬਹੁਤ ਜ਼ਰੂਰੀ ਹੈ। ਨੀਂਦ ਧਿਆਨ, ਯਾਦਦਾਸ਼ਤ, ਫ਼ੈਸਲਾ ਲੈਣ ਦੀ ਸਮਰੱਥਾ ਤੇ ਭਾਵਨਾਤਮਕ ਸੰਤੁਲਨ ਬਣਾਈ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਹਾਰਵਰਡ ਮੈਡੀਕਲ ਸਕੂਲ ਦੇ ਅਧਿਐਨ ਦੱਸਦੇ ਹਨ ਕਿ ਇਕ-ਦੋ ਰਾਤਾਂ ਦੀ ਅਧੂਰੀ ਨੀਂਦ ਵੀ ਦਿਮਾਗ ਦੇ ਉਸ ਹਿੱਸੇ ਦੀ ਸਰਗਰਮੀ ਘਟਾ ਸਕਦੀ ਹੈ ਜੋ ਫ਼ੈਸਲੇ ਤੇ ਸਵੈ-ਨਿਯੰਤਰਣ ਨਾਲ ਜੁੜਿਆ ਹੁੰਦਾ ਹੈ। ਲੰਬੇ ਸਮੇਂ ਤੱਕ ਨੀਂਦ ਦੀ ਕਮੀ ਡਿਪ੍ਰੈਸ਼ਨ, ਚਿੰਤਾ, ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਅਤੇ ਮੈਟਾਬੋਲਿਕ ਬਿਮਾਰੀਆਂ ਦਾ ਖ਼ਤਰਾ ਵੀ ਵਧਾਉਂਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਡਿਜੀਟਲ ਉਪਕਰਨਾਂ ਦੀ ਬਹੁਤ ਜ਼ਿਆਦਾ ਵਰਤੋਂ, ਅਨਿਯਮਿਤ ਰੂਟੀਨ ਤੇ ਵਧਦਾ ਤਣਾਅ ਇਸ ਸਮੱਸਿਆ ਨੂੰ ਹੋਰ ਵਧਾ ਰਹੇ ਹਨ।
ਸਰਵੇ ਵਿਚ ਇਹ ਵੀ ਸਾਹਮਣੇ ਆਇਆ ਕਿ ਬਿਹਤਰ ਜੀਵਨ ਸ਼ੈਲੀ ਅਪਣਾਉਣ ਨਾਲ ਨੀਂਦ ਦੀ ਗੁਣਵੱਤਾ ਸੁਧਰ ਸਕਦੀ ਹੈ। ਜਿਨ੍ਹਾਂ ਲੋਕਾਂ ਦੀ ਨੀਂਦ ’ਚ ਸੁਧਾਰ ਹੋਇਆ, ਉਨ੍ਹਾਂ ਵਿਚੋਂ ਲਗਪਗ 60 ਫ਼ੀਸਦੀ ਲੋਕਾਂ ਨੇ ਰਾਤ ਦਾ ਹਲਕਾ-ਫੁਲਕਾ ਭੋਜਨ, ਨਿਯਮਿਤ ਕਸਰਤ ਅਤੇ ਘਰ ਦਾ ਹਾਂ-ਪੱਖੀ ਮਾਹੌਲ ਇਸ ਦੇ ਪ੍ਰਮੁੱਖ ਕਾਰਨ ਦੱਸੇ।
ਰੈਂਡ ਕਾਰਪੋਰੇਸ਼ਨ ਦੇ ਅਨੁਮਾਨ ਮੁਤਾਬਕ, ਅਧੂਰੀ ਨੀਂਦ ਕਾਰਨ ਪੰਜ ਵੱਡੇ ਅਰਥਚਾਰਿਆਂ ’ਤੇ 680 ਅਰਬ ਡਾਲਰ ਦਾ ਬੋਝ ਵਧਿਆ ਹੈ। ਨੀਂਦ ਦੀ ਘਾਟ ਕਾਰਨ ਉਤਪਾਦਕਤਾ ਵਿਚ ਕਮੀ, ਕੰਮ ਵਾਲੀ ਥਾਂ ਦੇ ਹਾਦਸੇ, ਸਿਹਤ ਦੇਖਰੇਖ ਦੇ ਖ਼ਰਚੇ ਅਤੇ ਸਮੇਂ ਤੋਂ ਪਹਿਲਾਂ ਮੌਤ ਦੇ ਮਾਮਲੇ ਇਸ ਬੋਝ ਨੂੰ ਵਧਾ ਰਹੇ ਹਨ।
ਨਵੀਂ ਤਕਨਾਲੋਜੀ ਨਾਲ ਸੁਧਰ ਸਕਦੀ ਹੈ ਨੀਂਦ ਦੀ ਗੁਣਵੱਤਾ
ਨੀਂਦ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਵਿਚ ਉੱਭਰਦੀਆਂ ਤਕਨਾਲੋਜੀਆਂ ਮਹੱਤਵਪੂਰਨ ਭੂਮਿਕਾ ਨਿਭਾਅ ਰਹੀਆਂ ਹਨ। ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਆਧਾਰਤ ਸਲੀਪ ਟ੍ਰੈਕਿੰਗ, ਪਹਿਨਣਯੋਗ ਨਿਊਰੋਟੈੱਕ ਡਿਵਾਈਸ ਤੇ ਉਨੀਂਦਰੇ ਲਈ ਡਿਜੀਟਲ ਥਰੈਪੀ ਲੋਕਾਂ ਨੂੰ ਆਪਣੀ ਨੀਂਦ ਦੇ ਪੈਟਰਨ ਨੂੰ ਸਮਝਣ ਅਤੇ ਸੁਧਾਰਨ ਵਿਚ ਮਦਦ ਕਰ ਰਹੀਆਂ ਹਨ। ਕੁਝ ਡਿਜੀਟਲ ਕੋਗਨੀਟਿਵ ਬਿਹੇਵੀਅਰਲ ਥਰੈਪੀ ਪਲੇਟਫਾਰਮ ਹਲਕੇ ਤੋਂ ਦਰਮਿਆਨੇ ਉਨੀਂਦਰੇ ਦੇ ਇਲਾਜ ਵਿਚ ਰਵਾਇਤੀ ਥਰੈਪੀ ਦੇ ਬਰਾਬਰ ਪ੍ਰਭਾਵਸ਼ਾਲੀ ਸਾਬਤ ਹੋ ਰਹੇ ਹਨ ਜਿਸ ਨਾਲ ਭਵਿੱਖ ਵਿਚ ਨੀਂਦ ਸੰਬੰਧੀ ਦੇਖਭਾਲ ਹੋਰ ਜ਼ਿਆਦਾ ਸਹਿਜ ਹੋ ਸਕਦੀ ਹੈ।
ਨੀਂਦ ਦਾ ਵਿਗੜਿਆ ਗਣਿਤ
– 46% ਭਾਰਤੀ ਸਿਰਫ਼ ਛੇ ਘੰਟੇ ਹੀ ਸੌਂਦੇ ਹਨ
– 42% ਸਿਰਫ਼ 6-8 ਘੰਟੇ ਨੀਂਦ ਲੈਂਦੇ ਹਨ
– 23% ਲੈਂਦੇ ਹਨ ਸਿਰਫ਼ 4-6 ਘੰਟੇ ਨੀਂਦ
– 23% ਲੋਕ ਸਿਰਫ਼ 4 ਘੰਟੇ ਹੀ ਸੌਂਦੇ ਹਨ
– 4% ਭਾਰਤੀ ਸੌਂਦੇ ਹਨ 10 ਘੰਟੇ ਤੋਂ ਜ਼ਿਆਦਾ
– 8% ਲੋਕਾਂ ਨੂੰ ਮਿਲਦੀ ਹੈ 8-10 ਘੰਟੇ ਦੀ ਨੀਂਦ
