11 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ) : ਬੰਗਲਾਦੇਸ਼ ਦੀ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਰੁੱਧ ਇਕ ਹੋਰ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਰਾਜਧਾਨੀ ਢਾਕਾ ਦੀ ਅਦਾਲਤ ਨੇ ਵੀਰਵਾਰ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਸ਼ੇਖ ਹਸੀਨਾ, ਉਨ੍ਹਾਂ ਦੀ ਬੇਟੀ ਸਾਈਮਾ ਵਾਜਿਦ ਪੁਤੁਲ ਅਤੇ 17 ਹੋਰਨਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ। ਇਨ੍ਹਾਂ ਸਾਰਿਆਂ ਨੂੰ ਧੋਖਾਦੇਹੀ ਜ਼ਰੀਏ ਇਕ ਰਿਹਾਇਸ਼ੀ ਪਲਾਟ ਹਾਸਲ ਕਰਨ ਦੇ ਮਾਮਲੇ ’ਚ ਮੁਲਜ਼ਮ ਬਣਾਇਆ ਗਿਆ ਹੈ।
ਢਾਕਾ ਮੈਟਰੋਪੋਲੀਟਨ ਦੇ ਸੀਨੀਅਰ ਜੱਜ ਜਾਕਿਰ ਹੁਸੈਨ ਗਾਲਿਬ ਨੇ ਵੀਰਵਾਰ ਨੂੰ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ (ਏਸੀਸੀ) ਵੱਲੋਂ ਦਾਖਲ ਦੋਸ਼-ਪੱਤਰ ਨੂੰ ਮਨਜ਼ੂਰ ਕਰ ਲਿਆ। ਹਾਲਾਂਕਿ ਮੁਲਜ਼ਮ ਫਰਾਰ ਹਨ, ਇਸ ਲਈ ਕੋਰਟ ਨੇ ਉਨ੍ਹਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਕਮਿਸ਼ਨ ਦੇ ਵਕੀਲ ਮੀਰ ਅਹਿਮਦ ਸਲਾਮ ਨੇ ਪੱਤਰਕਾਰਾਂ ਨੂੰ ਦੱਸਿਆ,‘ਸੀਨੀਅਰ ਜੱਜ ਜਾਕਿਰ ਹੁਸੈਨ ਗਾਲਿਬ ਨੇ ਏਸੀਸੀ ਦੇ ਦੋਸ਼-ਪੱਤਰ ਨੂੰ ਮਨਜ਼ੂਰ ਕਰਨ ਦੇ ਨਾਲ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।’ ਉਨ੍ਹਾਂ ਦੱਸਿਆ ਕਿ ਜੱਜ ਨੇ ਏਸੀਸੀ ਨੂੰ ਸੁਣਵਾਈ ਲਈ ਮਾਮਲੇ ਨਾਲ ਜੁੜੀ ਜਾਂਚ ਰਿਪੋਰਟ 4 ਮਈ ਨੂੰ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ• ਏਸੀਸੀ ਨੇ ਸਾਬਕਾ ਪ੍ਰਧਾਨ ਮੰਤਰੀ ਹਸੀਨਾ ਅਤੇ ਹੋਰਾਂ ਵਿਰੁੱਧ 12 ਜਨਵਰੀ ਨੂੰ ਮੁਕੱਦਮਾ ਦਾਖਲ ਕੀਤਾ ਸੀ।
ਦੋਸ਼-ਪੱਤਰ ਅਨੁਸਾਰ ਸਾਈਮਾ ਨੇ ਆਪਣੀ ਮਾਂ ਅਤੇ ਤਤਕਾਲੀ ਪ੍ਰਧਾਨ ਮੰਤਰੀ ਹਸੀਨਾ ਨੂੰ ਪਲਾਟ ਹਾਸਲ ਕਰਨ ਲਈ ਪ੍ਰਭਾਵਿਤ ਕੀਤਾ ਸੀ। ਇਕ ਨਵੰਬਰ, 2023 ਤੋਂ ਸਾਈਮਾ ਨਵੀਂ ਦਿੱਲੀ ਸਥਿਤ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਦੱਖਣੀ ਪੂਰਬ ਏਸ਼ੀਆਈ ਖੇਤਰੀ ਡਾਇਰੈਕਟਰ ਦੇ ਰੂਪ ’ਚ ਕੰਮ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਨੇ ਹਸੀਨਾ, ਉਨ੍ਹਾਂ ਦੇ ਸਿਆਸੀ ਸਹਿਯੋਗੀਆਂ ਅਤੇ ਹੋਰਾਂ ਵਿਰੁੱਧ 2 ਵਾਰ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਇਨ੍ਹਾਂ ’ਤੇ ਮਨੁੱਖਤਾ ਵਿਰੁੱਧ ਅਪਰਾਧ ਅਤੇ ਲੋਕਾਂ ਨੂੰ ਜਬਰੀ ਗਾਇਬ ਕਰਨ ਵਰਗੇ ਦੋਸ਼ ਲਾਏ ਗਏ ਹਨ। ਬੀਤੇ 5 ਅਗਸਤ ਨੂੰ ਹਿੰਸਕ ਵਿਦਿਆਰਥੀ ਅੰਦੋਲਨ ਦੇ ਕਾਰਨ ਹਸੀਨਾ ਦੀ ਅਗਵਾਈ ਵਾਲੀ ਆਵਾਮੀ ਲੀਗ ਸਰਕਾਰ ਦਾ ਪਤਨ ਹੋ ਗਿਆ ਸੀ। ਇਸ ਤੋਂ ਬਾਅਦ ਮੁਹੰਮਦ ਯੂਨੁਸ ਦੀ ਅਗਵਾਈ ’ਚ ਅੰਤ੍ਰਿਮ ਸਰਕਾਰ ਗਠਿਤ ਹੋਈ ਸੀ। ਉਦੋਂ ਤੋਂ ਹਸੀਨਾ ਨੂੰ ਕਈ ਮਾਮਲਿਆਂ ’ਚ ਮੁਲਜ਼ਮ ਬਣਾਇਆ ਜਾ ਚੁੱਕਾ ਹੈ।
ਸੰਖੇਪ: ਬੰਗਲਾਦੇਸ਼ੀ ਕੋਰਟ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਰੁੱਧ ਇਕ ਹੋਰ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ, ਜੋ ਕਿ ਇਕ ਪੁਰਾਣੇ ਮਾਮਲੇ ਨਾਲ ਜੁੜਿਆ ਹੋਇਆ ਹੈ।