ਚੰਡੀਗੜ੍ਹ, 03 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੁਰੂ ਹੋ ਚੁੱਕਾ ਹੈ।ਜਨਰਲ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ਼ਮੂਲੀਅਤ ਕਰਨ ਲਈ ਪਹੁੰਚ ਚੁੱਕੇ ਹਨ। ਇਸ ਜਨਰਲ ਇਜਲਾਸ ਵਿੱਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ 11 ਅੰਤਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਹੋਵੇਗੀ l
ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਨੇ ਮੈਂਬਰਾਂ ਦੀ ਰਾਏ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਪ੍ਰਧਾਨ ਦੇ ਉਮੀਦਵਾਰ ਵਜੋਂ ਇਸ ਚੋਣ ਲਈ ਉਤਾਰਿਆ ਹੈ ਉੱਥੇ ਹੀ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਨਾਲ ਸੰਬੰਧਿਤ ਮੈਂਬਰਾਂ ਨੂੰ ਅਧਿਕਾਰ ਦਿੱਤੇ ਹਨ ਕਿ ਉਹ ਹਾਊਸ ਵਿੱਚ ਮੌਕੇ ਅਨੁਸਾਰ ਨਿਰਨਾ ਲੈ ਸਕਦੇ ਹਨ ਕਿ ਚੋਣ ਕਿਸ ਉਮੀਦਵਾਰ ਨੂੰ ਲੜਾਉਣੀ ਹੈ।
ਫਿਲਹਾਲ ਇਜਲਾਸ ਦੀ ਕਾਰਵਾਈ ਆਰੰਭ ਹੋ ਰਹੀ ਹੈ ਇਸ ਵਿੱਚ ਜਿੱਥੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬੀਬੀ ਜਗੀਰ ਕੌਰ, ਰਘੁਜੀਤ ਸਿੰਘ ਵਿਰਕ, ਗੁਰਚਰਨ ਸਿੰਘ ਗਰੇਵਾਲ ਸਮੇਤ 100 ਤੋਂ ਵੱਧ ਮੈਂਬਰ ਪਹੁੰਚ ਚੁੱਕੇ ਹਨ । ਇਜਲਾਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਅਤੇ ਹੋਰ ਸਿੰਘ ਸਾਹਿਬਾਨ ਵੀ ਸ਼ਾਮਿਲ ਹੋਣ ਲਈ ਪਹੁੰਚੇ ਹਨ |
ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਹੁਤਾਂਤ ਮੈਂਬਰ ਹੋਣ ਕਾਰਨ ਇਸ ਜਨਰਲ ਇਜਲਾਸ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਮੁੜ ਪ੍ਰਧਾਨ ਬਣਨ ਦੀ ਸੰਭਾਵਨਾ ਪੂਰੀ ਹੈ। ਵਿਰੋਧੀ ਧਿਰ ਵੱਲੋਂ ਜਨਰਲ ਹਾਊਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰਨਾਂ ਅਹੁਦੇਦਾਰਾਂ ਨੂੰ ਵੱਖ-ਵੱਖ ਪੰਥਕ ਮੁੱਦਿਆਂ ਤੇ ਘੇਰਨ ਦੀ ਵੀ ਚਰਚਾ ਹੈ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਦੀ ਚੋਣ ਦਾ ਮੁਕਾਬਲਾ ਇਸ ਵਾਰ ਦਿਲਚਸਪ ਹੋਵੇਗੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਧੜੇ ਨੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਦੁਬਾਰਾ ਨਾਮਜ਼ਦ ਕੀਤਾ ਹੈ, ਜਦੋਂ ਕਿ ਵਿਰੋਧੀ ਸ਼੍ਰੋਮਣੀ ਅਕਾਲੀ ਦਲ (ਭੁੱਲਰ-ਸੁਰਜੀਤ) ਨੇ ਮਾਸਟਰ ਮਿੱਠੂ ਸਿੰਘ ਕਾਹਨਕੇ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਇਹ ਧਾਮੀ ਅਤੇ ਕਾਹਨਕੇ ਵਿਚਕਾਰ ਦੂਜਾ ਸਿੱਧਾ ਮੁਕਾਬਲਾ ਹੋਵੇਗਾ। ਤਿੰਨ ਸਾਲ ਪਹਿਲਾਂ, ਉਨ੍ਹਾਂ ਨੇ ਪਹਿਲਾਂ ਚੋਣ ਲੜੀ ਸੀ, ਜਿਸ ਵਿੱਚ ਹਰਜਿੰਦਰ ਸਿੰਘ ਧਾਮੀ ਜੇਤੂ ਰਹੇ ਸਨ। ਹੁਣ, ਉਹ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋ ਰਹੇ ਹਨ, ਜਿਸ ਨਾਲ ਮੁਕਾਬਲਾ ਹੋਰ ਦਿਲਚਸਪ ਹੋ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਧੜਾ ਧਾਮੀ ਦੇ ਤਜਰਬੇਕਾਰ ਅਤੇ ਸੰਤੁਲਿਤ ਅਕਸ ‘ਤੇ ਨਿਰਭਰ ਕਰ ਰਿਹਾ ਹੈ, ਜਦੋਂ ਕਿ ਭੁੱਲਰ-ਸੁਰਜੀਤ ਧੜੇ ਨੇ ਕਾਹਨਕੇ ਨੂੰ ਪੰਥਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਵਾਲੇ ਉਮੀਦਵਾਰ ਵਜੋਂ ਮਜ਼ਬੂਤੀ ਨਾਲ ਖੜ੍ਹਾ ਕੀਤਾ ਹੈ।
ਸੰਪਰਦਾਇਕ ਹਲਕਿਆਂ ਵਿੱਚ, ਇਸ ਮੁਕਾਬਲੇ ਨੂੰ ਸਿਰਫ਼ ਪ੍ਰਧਾਨਗੀ ਦੀ ਦੌੜ ਵਜੋਂ ਹੀ ਨਹੀਂ, ਸਗੋਂ ਅਕਾਲੀ ਰਾਜਨੀਤੀ ਲਈ ਇੱਕ ਫੈਸਲਾਕੁੰਨ ਮੁਕਾਬਲੇ ਵਜੋਂ ਦੇਖਿਆ ਜਾ ਰਿਹਾ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਦੁਬਾਰਾ ਚੋਣ ਕੌਣ ਜਿੱਤੇਗਾ: ਤਜਰਬੇਕਾਰ ਧਾਮੀ ਜਾਂ ਚੁਣੌਤੀ ਦੇਣ ਵਾਲਾ।
