23 ਸਤੰਬਰ 2024 : Art and Craft for Mental Health : ਕਲਪਨਾ ਕਰੋ ਤੁਸੀਂ ਇਕ ਖਾਲੀ ਕੈਨਵਸ ਸਾਹਮਣੇ ਖੜ੍ਹੇ ਹੋ ਤੇ ਤੁਹਾਡੇ ਬ੍ਰਸ਼ ਵਿਚ ਰੰਗਾਂ ਦੀ ਦੁਨੀਆ ਬਸ ਸਮਾ ਗਈ ਹੈ। ਜਾਂ ਫਿਰ ਤੁਹਾਡੀਆਂ ਉਂਗਲਾਂ ਨੇ ਸੂਈ ਤੇ ਧਾਗੇ ਨੂੰ ਫੜਿਆ ਹੋਇਆ ਹੈ, ਤੇ ਤੁਸੀਂ ਆਪਣੀ ਕਲਪਨਾ ਨੂੰ ਇਕ ਸੁੰਦਰ ਪੈਟਰਨ ‘ਚ ਬੁਣ ਰਹੇ ਹੋ। ਕੀ ਤੁਸੀਂ ਕਦੀ ਸੋਚਿਆ ਹੈ ਕਿ ਇਹ ਕ੍ਰਿਏਟਿਵ ਐਕਟੀਵਿਟੀ ਸਿਰਫ਼ ਮਨੋਰੰਜਨ ਹੀ ਨਹੀਂ ਬਲਕਿ ਤੁਹਾਡੀ ਮਾਨਸਿਕ ਸਿਹਤ (Mental Health) ਲਈ ਵੀ ਅਨਮੋਲ ਤੋਹਫ਼ਾ ਹੋ ਸਕਦੀ ਹੈ ?
ਇਕ ਅਧਿਐਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਆਰਟ ਐਂਡ ਕਰਾਫਟ , ਜਿਵੇਂ ਕਿ ਸਿਲਾਈ, ਬੁਣਾਈ, ਕ੍ਰੋਸੈਟਿੰਗ ਆਦਿ ਨਾ ਸਿਰਫ਼ ਮਨੋਰੰਜਕ ਹਨ, ਸਗੋਂ ਇਹ ਸਾਡੀ ਮਾਨਸਿਕ ਸਿਹਤ ਨੂੰ ਵੀ ਬਿਹਤਰ ਬਣਾਉਂਦੇ ਹਨ। ਬ੍ਰਿਟੇਨ ‘ਚ 7,000 ਤੋਂ ਵੱਧ ਲੋਕਾਂ ਉੱਤੇ ਕੀਤੀ ਗਈ ਇੱਕ ਖੋਜ ‘ਚ ਪਾਇਆ ਗਿਆ ਕਿ ਜੋ ਲੋਕ ਆਰਟ ਐਂਡ ਕਰਾਫਟ ‘ਚ ਸ਼ਾਮਲ ਹੁੰਦੇ ਹਨ, ਉਹ ਜੀਵਨ ਵਿਚ ਵਧੇਰੇ ਖੁਸ਼, ਵਧੇਰੇ ਸੰਤੁਸ਼ਟ ਤੇ ਵਧੇਰੇ ਸਕਾਰਾਤਮਕ ਮਹਿਸੂਸ ਕਰਦੇ ਹਨ।
ਆਰਟ ਐਂਡ ਕਰਾਫਟ ਕਿਵੇਂ ਕਰਦਾ ਹੈ ਮਨ ਨੂੰ ਖੁਸ਼ ?
ਤਣਾਅ ਘਟਾਉਣ ਦਾ ਪੱਕਾ ਨੁਸਖਾ : ਜਦੋਂ ਅਸੀਂ ਆਰਟ ਐਂਡ ਕਰਾਫਟ ‘ਚ ਰੁੱਝੇ ਹੁੰਦੇ ਹਾਂ ਤਾਂ ਸਾਡਾ ਧਿਆਨ ਪੂਰੀ ਤਰ੍ਹਾਂ ਉਸ ਕੰਮ ‘ਤੇ ਫੋਕਸ ਹੋ ਜਾਂਦਾ ਹੈ। ਇਹ ਸਾਨੂੰ ਸਾਡੀਆਂ ਰੋਜ਼ਾਨਾ ਦੀਆਂ ਚਿੰਤਾਵਾਂ ਤੇ ਤਣਾਅ ਤੋਂ ਦੂਰ ਲੈ ਜਾਂਦਾ ਹੈ। ਇਹ ਇਕ ਤਰ੍ਹਾਂ ਦਾ ਧਿਆਨ ਹੈ ਜੋ ਸਾਡੇ ਮਨ ਨੂੰ ਸ਼ਾਂਤ ਕਰਦਾ ਹੈ।
ਕ੍ਰਿਏਟੀਵਿਟੀ ਨੂੰ ਮਿਲਦੇ ਹਨ ਖੰਭ : ਕਲਾ ਅਤੇ ਸ਼ਿਲਪਕਾਰੀ ਸਾਨੂੰ ਆਪਣੀ ਕ੍ਰਿਏਟੀਵਿਟੀ ਦਰਸਾਉਣ ਦਾ ਮੌਕਾ ਦਿੰਦੇ ਹਨ। ਜਦੋਂ ਅਸੀਂ ਕੁਝ ਨਵਾਂ ਬਣਾਉਂਦੇ ਹਾਂ ਤਾਂ ਸਾਨੂੰ ਇੱਕ ਖਾਸ ਸੰਤੁਸ਼ਟੀ ਮਿਲਦੀ ਹੈ।
ਆਤਮ-ਵਿਸ਼ਵਾਸ ਵਧਾਏ : ਜਦੋਂ ਅਸੀਂ ਆਪਣੀ ਕ੍ਰਿਏਟੀਵਿਟੀ ਰਾਹੀਂ ਕੁਝ ਸੁੰਦਰ ਬਣਾਉਂਦੇ ਹਾਂ ਤਾਂ ਸਾਡਾ ਆਤਮ-ਵਿਸ਼ਵਾਸ ਵਧਦਾ ਹੈ। ਅਸੀਂ ਸੋਚਦੇ ਹਾਂ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ।
ਭਾਵਨਾਵਾਂ ਨੂੰ ਜ਼ਾਹਿਰ ਕਰਨ ਦਾ ਮਾਧਿਅਮ : ਆਰਟ ਐਂਡ ਕਰਾਫਟ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨ ਦਾ ਸੁਰੱਖਿਅਤ ਤੇ ਅਸਰਦਾਰ ਤਰੀਕਾ ਹੈ। ਜਦੋਂ ਅਸੀਂ ਸ਼ਬਦਾਂ ਵਿਚ ਆਪਣਈਆਂ ਭਾਵਨਾਵਾਂ ਨੂੰ ਜ਼ਾਹਿਰ ਕਰਨ ਵਿਚ ਅਸਫਲ ਹੁੰਦੇ ਹਾਂ ਤਾਂ ਅਸੀ ਉਨ੍ਹਾਂ ਨੂੰ ਆਪਣੀ ਕਲਾ ‘ਚ ਉਤਾਰ ਸਕਦੇ ਹਾਂ।
ਦਾਦੀ-ਨਾਨੀ ਦੀ ਖੁਸ਼ੀ ਦਾ ਰਾਜ਼
ਤੁਸੀਂ ਆਪਣੀ ਦਾਦੀ ਨੂੰ ਕਢਾਈ ਜਾਂ ਬੁਣਾਈ ਕਰਦੇ ਦੇਖਿਆ ਹੋਵੇਗਾ। ਇਹ ਕੋਈ ਇਤਫ਼ਾਕ ਨਹੀਂ ਹੈ ਕਿ ਉਹ ਹਮੇਸ਼ਾ ਇੰਨੀ ਖੁਸ਼ ਤੇ ਸੰਤੁਸ਼ਟ ਲਗਦੀ ਹੈ। ਬਹੁਤ ਸਾਰੇ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਬਜ਼ੁਰਗ ਔਰਤਾਂ ਆਰਟ ਐਂਡ ਕਰਾਫਟ ‘ਚ ਲੱਗੇ ਰਹਿ ਕੇ ਆਪਣੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਂਦੀਆਂ ਹਨ। ਇਕ ਅਧਿਐਨ ਅਨੁਸਾਰ, 74% ਔਰਤਾਂ ਨੇ ਮੰਨਿਆ ਕਿ ਆਰਟ ਐਂਡ ਕਰਾਫਟ ਨਾਲ ਜੁੜੀਆਂ ਗਤੀਵਿਧੀਆਂ ਨੇ ਉਨ੍ਹਾਂ ਤਣਾਅ ਘਟਾਉਣ ਤੇ ਚਿੰਤਾ ਤੋਂ ਮੁਕਤ ਰਹਿਣ ‘ਚ ਮਦਦ ਕੀਤੀ ਹੈ।