05 ਅਗਸਤ 2024 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਸ਼ਾਖਾ ਵਿੱਚ ਸੇਵਾਦਾਰ ਸੁਖਬੀਰ ਸਿੰਘ ਨੇ ਇਕੱਲੇ ਨਹੀਂ ਬਲਕਿ ਆਪਣੇ ਦੋ ਪੁੱਤਰਾਂ ਅਰਸ਼ ਅਤੇ ਸਾਜਨ ਨਾਲ ਮਿਲ ਕੇ ਲੇਖਾ ਸ਼ਾਖਾ ਦੇ ਜੂਨੀਅਰ ਕਲਰਕ ਦਰਬਾਰਾ ਸਿੰਘ ਦਾ ਕਤਲ ਕਰ ਦਿੱਤਾ ਸੀ। ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਤਿੰਨਾਂ ਨੇ ਸ਼ਨੀਵਾਰ ਦੁਪਹਿਰ ਕਰੀਬ ਡੇਢ ਵਜੇ ਦਰਬਾਰ ‘ਤੇ ਉਸ ਸਮੇਂ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਦਫਤਰ ’ਚ ਬੈਠ ਕੇ ਖਾਣਾ ਖਾ ਰਿਹਾ ਸੀ। ਇਹ ਗੱਲ ਮ੍ਰਿਤਕ ਦਰਬਾਰਾ ਸਿੰਘ ਦੀ ਪਤਨੀ ਖੈਰਾਬਾਦ ਅਜਨਾਲਾ ਰੋਡ ਦੀ ਰਹਿਣ ਵਾਲੀ ਬਲਵਿੰਦਰ ਕੌਰ ਨੇ ਸ਼ਨੀਵਾਰ ਦੇਰ ਰਾਤ ਈ ਡਵੀਜ਼ਨ ਥਾਣੇ ‘ਚ ਸੁਖਬੀਰ ਅਤੇ ਉਸ ਦੇ ਦੋ ਪੁੱਤਰਾਂ ਖਿਲਾਫ ਦਰਜ ਕੀਤੇ ਗਏ ਮਾਮਲੇ ‘ਚ ਕਹੀ। ਬਲਵਿੰਦਰ ਕੌਰ ਨੇ ਖੁਲਾਸਾ ਕੀਤਾ ਹੈ ਕਿ ਕੁਝ ਦਿਨ ਪਹਿਲਾਂ ਸੁਖਬੀਰ ਦੀ ਧੀ ਇੱਕ ਅਣਪਛਾਤੇ ਲੜਕੇ ਨਾਲ ਘਰੋਂ ਭੱਜ ਗਈ ਸੀ, ਸੁਖਬੀਰ ਅਤੇ ਉਸ ਦੇ ਪੁੱਤਰਾਂ ਨੂੰ ਸ਼ੱਕ ਸੀ ਕਿ ਲੜਕੀ ਘਰੋਂ ਫਰਾਰ ਹੋ ਗਈ ਹੈ ਫਰਾਰ ਹੋਣ ਪਿੱਛੇ ਦਰਬਾਰਾ ਸਿੰਘ ਦਾ ਹੱਥ ਸੀ, ਇਸੇ ਸ਼ੱਕ ਤੇ ਦੁਸ਼ਮਣੀ ਦੇ ਚੱਲਦਿਆਂ ਸੁਖਬੀਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਸ਼੍ਰੋਮਣੀ ਕਮੇਟੀ ਹੈੱਡਕੁਆਰਟਰ ਸਥਿਤ ਅਕਾਊਂਟਸ ਬ੍ਰਾਂਚ ‘ਚ ਮੌਜੂਦ ਦਰਬਾਰਾ ਦਾ ਕਿਰਪਾਨ ਨਾਲ ਕਈ ਵਾਰ ਕਰ ਕੇ ਕਤਲ ਕਰ ਦਿੱਤਾ। ਘਟਨਾ ਦੇ ਬਾਅਦ ਤੋਂ ਸੁਖਬੀਰ ਅਤੇ ਉਸ ਦੇ ਦੋ ਪੁੱਤਰ ਫਰਾਰ ਹਨ। ਥਾਣਾ ਸਦਰ ਦੇ ਇੰਚਾਰਜ ਹਰਸੰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।