ਉੱਤਰ ਪ੍ਰਦੇਸ਼ ਦੇ ਸੰਭਲ ਸਥਿਤ ਮੁਗਲ ਕਾਲ ਦੀ ਜਾਮਾ ਮਸਜਿਦ ਦੇ ਦੂਜੇ ਸਰਵੇਖਣ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 20 ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ‘ਤੇ ਪਥਰਾਅ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਹਲਕਾ ਲਾਠੀਚਾਰਜ ਕੀਤਾ।
ਪ੍ਰਸ਼ਾਸਨ ਨੇ ਸੰਭਲ ਤਹਿਸੀਲ ਵਿਚ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ ਅਤੇ ਸੋਮਵਾਰ ਨੂੰ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਉਤਰ ਪ੍ਰਦੇਸ਼ ਦੇ ਸੰਭਲ ਵਿਚ ਜਾਮਾ ਮਸਜਿਦ ‘ਚ ਐਤਵਾਰ ਨੂੰ ਸਰਵੇ ਦੇ ਕੰਮ ਦੌਰਾਨ ਹੋਈ ਹਿੰਸਾ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਨੇ 30 ਨਵੰਬਰ ਤੱਕ ਜ਼ਿਲੇ ‘ਚ ਬਾਹਰੀ ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਹੁਣ ਕਿਸੇ ਵੀ ਬਾਹਰੀ ਵਿਅਕਤੀ, ਸਮਾਜਿਕ ਸੰਗਠਨ ਜਾਂ ਜਨ ਪ੍ਰਤੀਨਿਧੀ ਨੂੰ ਜ਼ਿਲ੍ਹੇ ਵਿਚ ਦਾਖਲ ਹੋਣ ਲਈ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਪਵੇਗੀ। ਘਟਨਾ ਤੋਂ ਬਾਅਦ ਸੰਭਲ ਜ਼ਿਲੇ ‘ਚ ਮਾਹੌਲ ਕਾਫੀ ਸੰਵੇਦਨਸ਼ੀਲ ਹੈ।
ਜ਼ਿਲ੍ਹਾ ਮੈਜਿਸਟਰੇਟ ਰਾਜਿੰਦਰ ਪਾਸੀਆ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐਨਐਸ) 163 ਤਹਿਤ 30 ਨਵੰਬਰ ਤੱਕ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ, “ਹੁਣ ਕੋਈ ਵੀ ਬਾਹਰੀ ਵਿਅਕਤੀ, ਕੋਈ ਹੋਰ ਸਮਾਜਿਕ ਸੰਸਥਾ ਜਾਂ ਜਨ ਪ੍ਰਤੀਨਿਧੀ ਸਮਰੱਥ ਅਧਿਕਾਰੀ ਦੀ ਆਗਿਆ ਤੋਂ ਬਿਨਾਂ ਜ਼ਿਲ੍ਹੇ ਦੀ ਹੱਦ ਵਿੱਚ ਦਾਖਲ ਨਹੀਂ ਹੋਵੇਗਾ।” ਹੁਕਮ 2024 ਅਤੇ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਜਾਵੇਗਾ। ਇਸ ਹੁਕਮ ਦੀ ਉਲੰਘਣਾ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 223 ਤਹਿਤ ਸਜ਼ਾਯੋਗ ਅਪਰਾਧ ਹੋਵੇਗਾ।
ਸਥਾਨਕ ਅਦਾਲਤ ਦੇ ਹੁਕਮਾਂ ’ਤੇ ਪਿਛਲੇ ਮੰਗਲਵਾਰ ਜਾਮਾ ਮਸਜਿਦ ਦਾ ਸਰਵੇਖਣ ਕੀਤੇ ਜਾਣ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਸੰਭਲ ’ਚ ਤਣਾਅ ਬਣਿਆ ਹੋਇਆ ਹੈ। ਅਦਾਲਤ ’ਚ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਗਿਆ ਹੈ ਕਿ ਜਿਸ ਜਗ੍ਹਾ ਉਤੇ ਜਾਮਾ ਮਸਜਿਦ ਸਥਿਤ ਹੈ, ਉੱਥੇ ਪਹਿਲਾਂ ਹਰੀਹਰ ਮੰਦਰ ਸੀ। ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਨਈਮ, ਬਿਲਾਲ ਅਤੇ ਨੌਮਾਨ ਵਜੋਂ ਹੋਈ ਹੈ। ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐੱਸਐੱਏ ਤਹਿਤ ਕਾਰਵਾਈ ਕੀਤੀ ਜਾਵੇਗੀ।
ਸਥਾਨਕ ਪ੍ਰਸ਼ਾਸਨ ਮੁਤਾਬਕ ਅਦਾਲਤ ਦੇ ਹੁਕਮਾਂ ’ਤੇ ‘ਐਡਵੋਕੇਟ ਕਮਿਸ਼ਨਰ’ ਨੇ ਸਵੇਰੇ 7 ਵਜੇ ਦੇ ਕਰੀਬ ਵਿਵਾਦਤ ਜਗ੍ਹਾ ’ਤੇ ਦੂਜੀ ਵਾਰ ਸਰਵੇਖਣ ਦਾ ਕੰਮ ਸ਼ੁਰੂ ਕੀਤਾ ਤਾਂ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਇਨ੍ਹਾਂ ’ਚੋਂ ਕੁੱਝ ਨੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਿਸ ਉਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ।