ਮਈ 29( ਪੰਜਾਬੀ ਖਬਰਨਾਮਾ):ਬਿਹਾਰ ਦੇ ਸ਼ੇਖਪੁਰਾ ‘ਚ ਕਹਿਰ ਦੀ ਗਰਮੀ ਪੈ ਰਹੀ ਹੈ, ਜਿਸ ਦਾ ਸਿੱਧਾ ਅਸਰ ਸਕੂਲੀ ਬੱਚਿਆਂ ਉਤੇ ਦੇਖਣ ਨੂੰ ਮਿਲ ਰਿਹਾ ਹੈ। ਅਰਰੀਆ ਬਲਾਕ ਦੇ ਮਾਨਕੌਲ ਅੱਪਗਰੇਡ ਮਿਡਲ ਸਕੂਲ ਵਿੱਚ ਸਵੇਰ ਦੀ ਸਭਾ ਸਮੇਂ ਸੱਤ ਦੇ ਕਰੀਬ ਵਿਦਿਆਰਥਣਾਂ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਪਈਆਂ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਨ੍ਹਾਂ ਨੂੰ ਇਲਾਜ ਲਈ ਸਦਰ ਹਸਪਤਾਲ ਭੇਜਿਆ ਗਿਆ ਹੈ। ਸਕੂਲ ਮੁਖੀ ਨੇ ਦੱਸਿਆ ਕਿ ਘਟਨਾ ਸਬੰਧੀ ਸਿਹਤ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰ ਐਂਬੂਲੈਂਸ ਨਾ ਮਿਲਣ ਕਾਰਨ ਸਥਾਨਕ ਪੱਧਰ ’ਤੇ ਪ੍ਰਬੰਧ ਕੀਤੇ ਗਏ ਅਤੇ ਬੇਹੋਸ਼ ਹੋਏ ਬੱਚਿਆਂ ਨੂੰ ਆਟੋ ਰਾਹੀਂ ਇਲਾਜ ਲਈ ਸਦਰ ਹਸਪਤਾਲ ਭੇਜਿਆ ਗਿਆ।
ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਸਥਾਨਕ ਲੋਕ ਵੀ ਕਾਫੀ ਗੁੱਸੇ ਵਿਚ ਹਨ। ਪਿਛਲੇ ਦੋ-ਤਿੰਨ ਦਿਨਾਂ ਤੋਂ ਲਗਾਤਾਰ ਕਹਿਰ ਦੀ ਗਰਮੀ ਪੈ ਰਹੀ ਹੈ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਇਸ ਦੇ ਬਾਵਜੂਦ ਸਕੂਲ ਖੁੱਲ੍ਹੇ ਹੋਣ ਕਾਰਨ ਬੱਚਿਆਂ ਨੂੰ ਆਉਣਾ ਪੈਂਦਾ ਹੈ, ਜਿਸ ਕਾਰਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਕੂਲ ਆਉਣ ਦੇ ਹੁਕਮ ਦੇਣ ਵਾਲੇ ਆਪ ਏਸੀ ਵਿਚ ਬੈਠੇ ਹਨ ਤੇ ਬੱਚਿਆਂ ਦੀ ਸਿਹਤ ਉਤੇ ਮਾੜਾ ਅਸਰ ਪੈ ਰਿਹਾ ਹੈ।
ਇਸੇ ਤਰ੍ਹਾਂ ਬੇਗੂਸਰਾਏ ਵਿਚ ਵਧਦੀ ਗਰਮੀ ਦੇ ਵਿਚਕਾਰ ਅਚਾਨਕ ਇਕ ਦਰਜਨ ਤੋਂ ਵੱਧ ਸਕੂਲੀ ਵਿਦਿਆਰਥੀ ਬੇਹੋਸ਼ ਹੋ ਕੇ ਡਿੱਗਣ ਲੱਗੇ ਹਨ। ਬੇਹੋਸ਼ੀ ਦੀ ਹਾਲਤ ‘ਚ ਵਿਦਿਆਰਥੀਆਂ ਨੂੰ ਇਲਾਜ ਲਈ ਪੀ.ਐਚ.ਸੀ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਸਾਰੇ ਵਿਦਿਆਰਥੀਆਂ ਦਾ ਇਲਾਜ ਚੱਲ ਰਿਹਾ ਹੈ।
ਇਹ ਪੂਰਾ ਮਾਮਲਾ ਮਟਿਹਾਨੀ ਥਾਣਾ ਖੇਤਰ ਦੇ ਮਿਡਲ ਸਕੂਲ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਬੇਗੂਸਰਾਏ ‘ਚ ਬੇਹੱਦ ਗਰਮੀ ਹੈ। ਇਸ ਗਰਮੀ ਕਾਰਨ ਅੱਜ ਅਚਾਨਕ ਇੱਕ ਦਰਜਨ ਤੋਂ ਵੱਧ ਵਿਦਿਆਰਥੀ ਬੇਹੋਸ਼ ਹੋ ਕੇ ਸਕੂਲ ਵਿੱਚ ਹੀ ਡਿੱਗ ਪਏ। ਸਕੂਲ ਦੇ ਅਧਿਆਪਕਾਂ ਨੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਕੂਲ ਦੇ ਅਧਿਆਪਕਾਂ ਨੇ ਦੱਸਿਆ ਹੈ ਕਿ ਇਹ ਬਿਹਾਰ ਸਰਕਾਰ ਦਾ ਤੁਗਲਕੀ ਫ਼ਰਮਾਨ ਹੈ। ਇਥੇ ਸਕੂਲਾਂ ਵਿਚ ਛੁੱਟੀਆਂ ਨਾ ਹੋਣ ਕਾਰਨ ਅਧਿਆਪਕਾਂ ਵਿਚ ਕਾਫੀ ਰੋਸ ਹੈ।