Supreme Court

30 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਕ ਦਿਲ ਦੇ ਰੋਗਾਂ ਦੇ ਮਾਹਰ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਸ਼ਰਾਬ ਪੀਣ ਤੋਂ ਬਾਅਦ ਵਿਅਕਤੀ ਜਾਨਵਰ ਬਣ ਜਾਂਦਾ ਹੈ। ਆਪਣੀ ਸੱਤ ਸਾਲਾ ਧੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਮੁਲਜ਼ਮ ਡਾਕਟਰ ਨੇ ਆਪਣੇ ਖ਼ਿਲਾਫ਼ ਸਜ਼ਾ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਜਸਟਿਸ ਬੀਵੀ ਨਾਗਰਤਨਾ ਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਕਿਹਾ ਕਿ ਡਾਕਟਰ ਨੂੰ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ ਅਤੇ ਕੋਰਟ ਵੀ ਉਸ ਨੂੰ ਕੋਈ ਰਾਹਤ ਦੇਣ ਦੀ ਚਾਹਵਾਨ ਨਹੀਂ ਹੈ।

ਬੈਂਚ ਨੇ ਟਿੱਪਣੀ ਕੀਤੀ, ‘ਦੇਖੋ, ਉਸ ਨੇ ਬੱਚੀ ਨਾਲ ਕਿਹੋ ਜਿਹੀਆਂ ਹਰਕਤਾਂ ਕੀਤੀਆਂ ਹਨ। ਉਹ ਕਿਸੇ ਵੀ ਰਾਹਤ ਦਾ ਹੱਕਦਾਰ ਨਹੀਂ ਹੈ। ਬੱਚੀ ਨੇ ਤੁਹਾਡੇ ਮੁਵੱਕਿਲ ਖ਼ਿਲਾਫ਼ ਬਿਆਨ ਦਿੱਤੇ ਹਨ। ਉਹ ਗੰਦੀ ਮਾਨਸਿਕਤਾ ਵਾਲਾ ਵਿਅਕਤੀ ਹੈ, ਉਸ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਦਾ ਹੱਕਦਾਰ ਨਹੀਂ ਮੰਨਿਆ ਜਾ ਸਕਦਾ। ਉਹ ਨਸ਼ੇ ਵਿਚ ਸੀ।’

ਬੈਂਚ ਨੇ ਕਿਹਾ, ‘ਤੁਸੀਂ ਆਪਣੀ ਧੀ ਨਾਲ ਅਜਿਹਾ ਨਹੀਂ ਕਰ ਸਕਦੇ। ਉਹ ਪਿਤਾ ਖ਼ਿਲਾਫ਼ ਗਵਾਹੀ ਕਿਉਂ ਦੇਵੇਗੀ? ਉਹ ਇਕ ਛੋਟੀ ਬੱਚੀ ਹੈ ਜਿਸ ਨੇ ਜਿਰਹਾ ਦਾ ਸਾਹਮਣਾ ਕੀਤਾ ਹੈ। ਸ਼ਰਾਬ ਪੀਣ ਤੋਂ ਬਾਅਦ ਆਦਮੀ ਜਾਨਵਰ ਬਣ ਜਾਂਦਾ ਹੈ। ਸਾਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ… ਅਸੀਂ ਸਭ ਤੋਂ ਉਦਾਰ ਬੈਂਚ ਹਾਂ। ਜੇ ਅਸੀਂ ਜ਼ਮਾਨਤ ਨਹੀਂ ਦੇ ਰਹੇ ਤਾਂ ਇਸ ਦੇ ਪਿੱਛੇ ਕਈ ਕਾਰਨ ਹਨ।’

ਡਾਕਟਰ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੀ ਨਾਬਾਲਿਗ ਧੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਡਾਕਟਰ ਵੱਲੋਂ ਪੇਸ਼ ਹੋਏ ਵਕੀਲ ਨੇ ਦਲੀਲ ਦਿੱਤੀ ਕਿ ਜਿਰਹਾ ਦੌਰਾਨ ਧੀ ਨੇ ਜੋ ਕੁਝ ਵੀ ਕਿਹਾ, ਉਸ ਨੂੰ ਸਿਖਾਇਆ ਗਿਆ ਸੀ। ਵਕੀਲ ਨੇ ਕਿਹਾ ਕਿ ਇਲਾਹਾਬਾਦ ਹਾਈ ਕੋਰਟ ਵਿਚ 12 ਲੱਖ ਤੋਂ ਵੱਧ ਮਾਮਲੇ ਪੈਂਡਿੰਗ ਹਨ, ਇਸ ਲਈ ਸਜ਼ਾ ਖ਼ਿਲਾਫ਼ ਅਪੀਲ ’ਤੇ ਜਲਦੀ ਸੁਣਵਾਈ ਨਹੀਂ ਹੋ ਸਕੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਜ਼ਾ ਦੀ ਮੁਅੱਤਲੀ ਦਾ ਆਧਾਰ ਨਹੀਂ ਹੋ ਸਕਦਾ। ਇਸ ਤੋਂ ਬਾਅਦ ਵਕੀਲ ਨੇ ਪਟੀਸ਼ਨ ਵਾਪਸ ਲੈ ਲਈ ਤੇ ਮਾਮਲੇ ਨੂੰ ਵਾਪਸ ਲਿਆ ਹੋਇਆ ਮੰਨ ਕੇ ਖ਼ਾਰਜ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਐੱਫਆਈਆਰ ਵਿਚ ਪੀੜਤਾ ਦੀ ਮਾਂ ਨੇ ਆਪਣੇ ਪਤੀ ’ਤੇ ਧੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਦੱਸਿਆ ਸੀ ਕਿ ਮੈਂ ਵਾਰਾਨਸੀ ਵਿਚ ਰਹਿੰਦੀ ਹਾਂ, ਜਦਕਿ ਮੇਰਾ ਪਤੀ ਹਲਦਵਾਨੀ ’ਚ ਰਹਿੰਦਾ ਹੈ ਜਿੱਥੇ ਉਹ ਨਰਸਿੰਗ ਹੋਮ ਚਲਾਉਂਦਾ ਹੈ। 23 ਮਾਰਚ, 2018 ਨੂੰ ਡਾਕਟਰ ਆਪਣੀ ਧੀ ਨੂੰ ਆਪਣੇ ਨਾਲ ਹਲਦਵਾਨੀ ਲੈ ਗਿਆ ਅਤੇ 30 ਮਾਰਚ ਨੂੰ ਆਪਣੀ ਪਤਨੀ ਨੂੰ ਫੋਨ ਕਰ ਕੇ ਧੀ ਨੂੰ ਵਾਪਸ ਲਿਜਾਣ ਲਈ ਕਿਹਾ। ਬਾਅਦ ’ਚ ਲੜਕੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦਾ ਪਿਤਾ ਬੁਰਾ ਆਦਮੀ ਹੈ ਤੇ ਉਸ ਨੇ ਉਸ ਦੇ ਨਾਲ ਗਲਤ ਵਿਹਾਰ ਕੀਤਾ ਹੈ।

ਸੰਖੇਪ: ਸੁਪਰੀਮ ਕੋਰਟ ਨੇ 7 ਸਾਲਾ ਧੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਡਾਕਟਰ ਦੀ ਸਜ਼ਾ ਰਾਹਤ ਲਈ ਦਾਇਰ ਅਰਜ਼ੀ ਰੱਦ ਕਰ ਦਿੱਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।