7 ਅਕਤੂਬਰ 2024 : ਹਲਕੇ ਦੇ ਪਿੰਡ ਚੀਮਾ ’ਚ ਸਰਪੰਚੀ ਦਾ ਦਾਅਵੇਦਾਰ ਨਾਮਜ਼ਦਗੀ ਪੱਤਰ ਰੱਦ ਹੋਣ ਦੇ ਰੋਸ ਵਜੋਂ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਿਆ ਜਦਕਿ ਉਸ ਦੇ ਸਮਰਥਕਾਂ ਵੱਲੋਂ ਟੈਂਕੀ ਹੇਠਾਂ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰ ਕੇ ਧਰਨਾ ਦਿੱਤਾ ਗਿਆ।
ਟੈਂਕੀ ’ਤੇ ਚੜ੍ਹੇ ਨਿਰੰਜਣ ਸਿੰਘ ਨੇ ਦੱਸਿਆ ਕਿ ਉਹ ਮੌਜੂਦਾ ਬਲਾਕ ਸਮਿਤੀ ਮੈਂਬਰ ਹੈ। ਇਸ ਤੋਂ ਪਹਿਲਾਂ ਉਹ ਤਿੰਨ ਵਾਰ ਚੋਣ ਲੜ ਚੁੱਕਿਆ ਹੈ। ਉਸ ਨੇ ਆਪਣੀ ਐੱਨਓਸੀ ਕਲੀਅਰ ਕਰਨ ਤੋਂ ਬਾਅਦ ਸਰਪੰਚੀ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ ਪ੍ਰੰਤੂ ਕੱਲ੍ਹ ਸ਼ਾਮ ਬੀਡੀਪੀਓ ਦਫ਼ਤਰ ਸ਼ਹਿਣਾ ’ਚ ਹਲਫ਼ੀਆ ਬਿਆਨ ਲੈਣ ਤੋਂ ਬਾਅਦ ਵੀ ਅਧਿਕਾਰੀਆਂ ਨੇ ਉਸ ਦੀ ਨਾਮਜ਼ਦਗੀ ਰੱਦ ਦਿੱਤੀ। ਉਨ੍ਹਾਂ ਦੱਸਿਆ ਕਿ ਪੰਚਾਇਤੀ ਜ਼ਮੀਨ ਉੱਪਰ ਕਬਜ਼ੇ ਨੂੰ ਨਾਮਜ਼ਦਗੀ ਰੱਦ ਹੋਣ ਦਾ ਕਾਰਨ ਦੱਸਿਆ ਗਿਆ ਹੈ ਜੋ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਉਮੀਦਵਾਰ ਵੱਲੋਂ ਸਿਆਸੀ ਸ਼ਹਿ ’ਤੇ ਉਸਦੀ ਨਾਮਜ਼ਦਗੀ ਰੱਦ ਕਰਵਾਈ ਗਈ ਹੈ। ਉਸ ਨਾਲ ਧੱਕਾ ਹੋਇਆ ਹੈ, ਜਿਸ ਕਰਕੇ ਉਹ ਆਪਣੇ ਨਾਲ ਹੋਏ ਧੱਕੇ ਵਿਰੁੱਧ ਪੈਟਰੋਲ ਲੈ ਕੇ ਪਾਣੀ ਵਾਲੀ ਟੈਂਕੀ ਉਪਰ ਚੜ੍ਹਿਆ ਹੈ। ਜੇਕਰ ਉਸ ਨੂੰ ਚੋਣ ਲੜਨ ਦਾ ਅਧਿਕਾਰ ਨਾ ਦਿੱਤਾ ਗਿਆ ਤਾਂ ਉਹ ਕੋਈ ਸਖ਼ਤ ਕਦਮ ਚੁੱਕੇਗਾ। ਡੀਐੱਸਪੀ ਸਤਵੀਰ ਸਿੰਘ ਨੇ ਕਿਹਾ ਕਿ ਥਾਣਾ ਸਦਰ ਅਤੇ ਪੱਖੋ ਕੈਂਚੀਆਂ ਚੌਕੀ ਦੇ ਪੁਲੀਸ ਅਧਿਕਾਰੀਆਂ ਵੱਲੋਂ ਨਿਰੰਜਣ ਸਿੰਘ ਨੂੰ ਸਮਝਾ ਕੇ ਹੇਠਾਂ ਉਤਾਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।