02 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਸਾਲ 2025 ਦੇ ਬਹੁ-ਚਰਚਿਤ ਸੀਕਵਲ ਵਜੋਂ ਸਾਹਮਣੇ ਲਿਆਂਦੀ ਗਈ ਪੰਜਾਬੀ ਫਿਲਮ ‘ਸੌਂਕਣ ਸੌਂਕਣੇ 2’ ਰਿਲੀਜ਼ ਹੋ ਚੁੱਕੀ ਹੈ, ਜੋ ਨਵੇਂ ਅਯਾਮ ਸਿਰਜਣ ਵੱਲ ਵੱਧ ਰਹੀ ਹੈ, ਸੋ ਆਓ ਜਾਣਦੇ ਹਾਂ ਤਿੰਨ ਦਿਨਾਂ ਵਿੱਚ ਇਸ ਕਾਮੇਡੀ ਡ੍ਰਾਮੈਟਿਕ ਫਿਲਮ ਵੱਲੋਂ ਕੁੱਲ ਕਿੰਨੀ ਕਮਾਈ ਕਰ ਲਈ ਗਈ ਹੈ।
ਪੰਜਾਬੀ ਸਿਨੇਮਾ ਦੀ ਡਾਂਵਾਡੋਲ ਸਥਿਤੀ ਤੋਂ ਉਭਾਰਨ ਦਾ ਸਬੱਬ ਬਣੀ ਉਕਤ ਫਿਲਮ ਦਾ ਲੇਖਣ ਅੰਬਰਦੀਪ ਸਿੰਘ ਅਤੇ ਨਿਰਦੇਸ਼ਨ ਸਮੀਪ ਕੰਗ ਦੁਆਰਾ ਕੀਤਾ ਗਿਆ ਹੈ, ਜੋ ਪਹਿਲੀ ਵਾਰ ਇਸ ਸੀਕਵਲ ਫਿਲਮ ਦਾ ਬਤੌਰ ਨਿਰਦੇਸ਼ਕ ਹਿੱਸਾ ਬਣੇ ਹਨ, ਜਦਕਿ ਪਹਿਲੋਂ ਆਏ ਭਾਗ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਰਾਓ ਦੁਆਰਾ ਕੀਤਾ ਗਿਆ ਸੀ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਉਕਤ ਫਿਲਮ ਵਿੱਚ ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਹਨ, ਜਿੰਨ੍ਹਾਂ ਦੀ ਤਿਕੋਣੀ ਕਾਸਟ ਨੂੰ ਪਹਿਲੋਂ ਆਈ ਇਸੇ ਫਿਲਮ ਵਿੱਚ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ।
‘ਨਾਦ ਸਟੂਡੀਓ’ ਅਤੇ ‘ਡ੍ਰੀਮੀਆਤਾ ਐਂਟਰਟੇਨਮੈਂਟ’ ਵੱਲੋਂ ਬਣਾਈ ਗਈ ਉਕਤ ਮੰਨੋਰੰਜਕ ਅਤੇ ਪਰਿਵਾਰਿਕ ਫਿਲਮ ਦਾ ਨਿਰਮਾਣ ਜਤਿਨ ਸੇਠੀ, ਸਰਗੁਣ ਮਹਿਤਾ ਅਤੇ ਰਵੀ ਦੂਬੇ ਵੱਲੋਂ ਸੰਯੁਕਤ ਰੂਪ ਵਿੱਚ ਕੀਤਾ ਗਿਆ ਹੈ। ਨਿਰਮਾਣ ਪੜ੍ਹਾਅ ਤੋਂ ਚਰਚਾ ਦਾ ਕੇਂਦਰ ਬਣੀ ਆ ਰਹੀ ਉਕਤ ਫਿਲਮ ਦੇ ਟਿਕਟ ਖਿੜਕੀ ਨਤੀਜਿਆਂ ਦੀ ਗੱਲ ਕਰੀਏ ਤਾਂ ਸਰਗੁਣ ਮਹਿਤਾ ਦੁਆਰਾ ਸਾਂਝੀ ਕੀਤੀ ਕਲੈਕਸ਼ਨ ਦੀ ਰਿਪੋਰਟ ਅਨੁਸਾਰ ਪਹਿਲੇ ਦਿਨ ਫਿਲਮ ਨੇ 4 ਕਰੋੜ 35 ਲੱਖ, ਦੂਜੇ ਦਿਨ 5 ਕਰੋੜ 25 ਲੱਖ ਦਾ ਕਲੈਕਸ਼ਨ ਕੀਤਾ ਹੈ, ਜਿਸ ਨਾਲ ਫਿਲਮ ਦਾ ਹੁਣ 2 ਦਿਨਾਂ ਦਾ ਬਾਕਸ ਆਫਿਸ ਕਲੈਕਸ਼ਨ 9 ਕਰੋੜ 60 ਲੱਖ ਗਿਆ ਹੈ, ਜੋ ਇੱਕ ਉਮੀਦਜਨਕ ਅਤੇ ਚੰਗੀ ਸ਼ੁਰੂਆਤ ਦਾ ਸੰਕੇਤ ਇਸ ਲਈ ਵੀ ਮੰਨਿਆ ਜਾ ਸਕਦਾ ਹੈ, ਕਿਉਂਕਿ ਇਸ ਵਰ੍ਹੇ ਰਿਲੀਜ਼ ਹੋਈ ਕੋਈ ਵੀ ਫਿਲਮ ਇਸ ਤਰ੍ਹਾਂ ਦਾ ਕਲੈਕਸ਼ਨ ਲਿਆਉਣ ਵਿੱਚ ਅਸਫ਼ਲ ਰਹੀ ਹੈ।
ਸੈਕਨਿਲਕ ਦੀ ਰਿਪੋਰਟ ਅਨੁਸਾਰ ਫਿਲਮ ਨੇ ਐਤਵਾਰ ਨੂੰ ਭਾਰਤ ਵਿੱਚੋਂ 3 ਕਰੋੜ ਤੋਂ ਜਿਆਦਾ ਦਾ ਕਲੈਕਸ਼ਨ ਕੀਤਾ ਹੈ, ਜਿਸ ਨਾਲ ਹੁਣ ਫਿਲਮ ਦਾ ਸਾਰਾ ਕਲੈਕਸ਼ਨ 10 ਕਰੋੜ ਤੋਂ ਪਾਰ ਹੋ ਗਿਆ ਹੈ। ਰਿਪੋਰਟਾਂ ਅਨੁਸਾਰ ਫਿਲਮ ਦਾ ਅਨੁਮਾਨਿਤ ਬਜਟ 7 ਕਰੋੜ ਹੈ।
ਸਾਲ 2024 ਵਿੱਚ ਰਿਲੀਜ਼ ਹੋਈ ਸਰਗੁਣ ਮਹਿਤਾ ਪ੍ਰੋਡੋਕਸ਼ਨ ਹਾਊਸ ਦੀ ‘ਜੱਟ ਨੂੰ ਚੁੜੈਲ ਟੱਕਰੀ’ ਤੋਂ ਬਾਅਦ ਇਹ ਇੱਕ ਅਜਿਹੀ ਫਿਲਮ ਸਾਬਤ ਹੋਣ ਜਾ ਰਹੀ ਹੈ, ਜੋ ਸਰਗੁਣ ਮਹਿਤਾ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ ‘ਡ੍ਰੀਮੀਆਤਾ ਐਂਟਰਟੇਨਮੈਂਟ’ ਨੂੰ ਹੋਰ ਮਜ਼ਬੂਤ ਸਿਨੇਮਾ ਸਥਿਤੀ ਵੱਲ ਲਿਜਾਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਸੰਖੇਪ: ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਦੀ ਫਿਲਮ ਨੇ ਸਿਰਫ 2 ਦਿਨਾਂ ਵਿੱਚ ਕਈ ਕਰੋੜ ਦੀ ਕਮਾਈ ਕਰਕੇ ਬਾਕੀ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ।