9 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਹਿੰਦੀ ਸਿਨੇਮਾ ਦੇ ਦਿੱਗਜ ਨਿਰਮਾਤਾ ਵਜੋਂ ਸ਼ੁਮਾਰ ਕਰਵਾਉਂਦੇ ਨਿਰਮਾਤਾ ਸਲੀਮ ਅਖਤਰ ਦਾ ਬੀਤੀ ਰਾਤ ਦੇਹਾਂਤ ਹੋ ਗਿਆ, ਜੋ ਗੰਭੀਰ ਸਿਹਤ ਸਮੱਸਿਆਵਾਂ ਦੇ ਚੱਲਦਿਆਂ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਿਲ ਕਰਵਾਏ ਗਏ ਸਨ, ਜਿੱਥੇ ਹੀ ਉਨ੍ਹਾਂ ਆਖਰੀ ਸਾਹ ਲਏ।
ਪਰਿਵਾਰਿਕ ਮੈਂਬਰਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਉਹ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ‘ਤੇ ਸਨ, ਜੋ ਬਹਾਦਰੀ ਨਾਲ ਕੈਂਸਰ ਨਾਲ ਜੂਝ ਰਹੇ ਸਨ। ਗਲੈਮਰ ਦੀ ਚਕਾਚੌਂਧ ਭਰੀ ਦੁਨੀਆਂ ਦਾ ਅਹਿਮ ਹਿੱਸਾ ਹੋਣ ਦੇ ਬਾਵਜੂਦ ਸਿੱਧੇ ਸੁਭਾਅ ਅਤੇ ਸਪੱਸ਼ਟ ਵਿਵਹਾਰ ਲਈ ਜਾਣੇ ਜਾਂਦੇ ਰਹੇ ਹਨ ਇਹ ਸ਼ਾਨਦਾਰ ਨਿਰਮਾਤਾ, ਜੋ 1980, 1990 ਅਤੇ 2000 ਦੇ ਸਾਲਾਂ ਦੌਰਾਨ ਹਿੰਦੀ ਸਿਨੇਮਾ ਗਲਿਆਰਿਆਂ ਵਿੱਚ ਖਾਸੇ ਸਰਗਰਮ ਰਹੇ ਅਤੇ ਜਿੰਨ੍ਹਾਂ ਬੇਸ਼ੁਮਾਰ ਬਿੱਗ ਸੈੱਟਅੱਪ ਅਤੇ ਮੰਨੋਰੰਜਕ ਫਿਲਮਾਂ ਦਾ ਨਿਰਮਾਣ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ।
ਆਪਣੇ ਘਰੇਲੂ ਬੈਨਰ ‘ਆਫਤਾਬ ਪਿਕਚਰਸ’ ਹੇਠ ਉਨ੍ਹਾਂ ਵੱਲੋਂ ਨਿਰਮਿਤ ਅਤੇ ਪੇਸ਼ ਕੀਤੀਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ ਚੋਰੋਂ ਕੀ ਬਾਰਾਤ (1980), ਕਯਾਮਤ (1983), ਬਲੀਦਾਨ (1985), ਲੋਹਾ (1987), ਬਟਵਾਰਾ (1989), ਦੂਧ ਕਾ ਕਰਜ਼ (1990), ਇੱਜ਼ਤ (1991), ਪੁਲਿਸ ਅਫਸਰ (1992), ਆਦਮੀ (1993), ਫੂਲ ਔਰ ਅੰਗਾਰ (1993), ਆ ਗਲੇ ਲਗ ਜਾ (1994), ਦ ਡੌਨ (1995), ਬਾਜ਼ੀ (1995), ਮਹਿੰਦੀ (1998), ਬਾਦਲ (2000) ਵਿੱਚ ਆਦਿ ਸ਼ੁਮਾਰ ਰਹੀਆਂ।
ਬਾਲੀਵੁੱਡ ਦੀਆਂ ਉੱਚ-ਕੋਟੀ ਅਦਾਕਾਰਾਂ ਵਜੋਂ ਭੱਲ ਸਥਾਪਿਤ ਕਰਨ ਵਾਲੀਆਂ ਰਾਣੀ ਮੁਖਰਜੀ ਅਤੇ ਤਮੰਨਾ ਭਾਟੀਆ ਨੂੰ ਲਾਂਚ ਕਰਨ ਦਾ ਸਿਹਰਾ ਵੀ ਉਨ੍ਹਾਂ ਨੂੰ ਹਾਸਿਲ ਹੈ, ਜਿੰਨ੍ਹਾਂ ਕ੍ਰਮਵਾਰ ‘ਰਾਜਾ ਕੀ ਆਏਗੀ ਬਾਰਾਤ’ (1997) ਅਤੇ ‘ਚਾਂਦ ਸਾ ਰੋਸ਼ਨ ਚਿਹਰਾ’ (2005) ਦੁਆਰਾ ਸਿਲਵਰ ਸਕਰੀਨ ਉਪਰ ਪ੍ਰਭਾਵੀ ਡੈਬਿਊ ਨੂੰ ਅੰਜ਼ਾਮ ਦਿੱਤਾ, ਜਿੰਨ੍ਹਾਂ ਦੀਆਂ ਇੰਨਾਂ ਫਿਲਮਾਂ ਦਾ ਨਿਰਮਾਣ ਵੀ ਇਸੇ ਹੋਣਹਾਰ ਨਿਰਮਾਤਾ ਵੱਲੋਂ ਕੀਤਾ ਗਿਆ।
ਸੰਖੇਪ: ਫਿਲਮ ਨਿਰਮਾਤਾ ਸਲੀਮ ਅਖਤਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਨਵੇਂ ਚਿਹਰੇ ਦਿੱਤੇ ਸਨ