02 ਅਗਸਤ 2024 ਪੰਜਾਬੀ ਖਬਰਨਾਮਾ: ਅਜੋਕੇ ਪੰਜਾਬੀ ਸਿਨੇਮੇ ’ਤੇ ਨਜ਼ਰ ਮਾਰਦਿਆਂ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਹਰ ਹਫ਼ਤੇ ਦੋ ਤਾਂ ਪੱਕਾ ਹੀ, ਕਈ ਵਾਰ ਤਿੰਨ-ਤਿੰਨ ਫਿਲਮਾਂ ਵੀ ਰਿਲੀਜ਼ ਹੋ ਜਾਂਦੀਆਂ ਹਨ ਪਰ ਨਾ ਤਾਂ ਏਨੀਆਂ ਫਿਲਮਾਂ ਲਈ ਦਰਸ਼ਕ ਹਨ ਤੇ ਨਾ ਹੀ ਇਹ ਉਹ ਫਿਲਮਾਂ ਹਨ, ਜੋ ਇਕ-ਦੋ ਨੂੰ ਛੱਡ ਕੇ ਦਰਸ਼ਕਾਂ ਦੇ ਮਨਾਂ ਨੂੰ ਟੁੰਬਦੀਆਂ ਹੋਣ। ਜਦ ਦਰਸ਼ਕ ਦੋ-ਢਾਈ ਸੌ ਰੁਪਏ ਦੀ ਟਿਕਟ ਅਤੇ ਆਪਣਾ ਕੀਮਤੀ ਸਮਾਂ ਖ਼ਰਾਬ ਕਰ ਕੇ ਸਿਨੇਮਾ ਘਰਾਂ ਵਿੱਚੋਂ ਵਾਪਸ ਨਿਕਲਦਾ ਹੈ।

ਅਜੋਕੇ ਪੰਜਾਬੀ ਸਿਨੇਮੇ ’ਤੇ ਨਜ਼ਰ ਮਾਰਦਿਆਂ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਹਰ ਹਫ਼ਤੇ ਦੋ ਤਾਂ ਪੱਕਾ ਹੀ, ਕਈ ਵਾਰ ਤਿੰਨ-ਤਿੰਨ ਫਿਲਮਾਂ ਵੀ ਰਿਲੀਜ਼ ਹੋ ਜਾਂਦੀਆਂ ਹਨ ਪਰ ਨਾ ਤਾਂ ਏਨੀਆਂ ਫਿਲਮਾਂ ਲਈ ਦਰਸ਼ਕ ਹਨ ਤੇ ਨਾ ਹੀ ਇਹ ਉਹ ਫਿਲਮਾਂ ਹਨ, ਜੋ ਇਕ-ਦੋ ਨੂੰ ਛੱਡ ਕੇ ਦਰਸ਼ਕਾਂ ਦੇ ਮਨਾਂ ਨੂੰ ਟੁੰਬਦੀਆਂ ਹੋਣ। ਜਦ ਦਰਸ਼ਕ ਦੋ-ਢਾਈ ਸੌ ਰੁਪਏ ਦੀ ਟਿਕਟ ਅਤੇ ਆਪਣਾ ਕੀਮਤੀ ਸਮਾਂ ਖ਼ਰਾਬ ਕਰ ਕੇ ਸਿਨੇਮਾ ਘਰਾਂ ਵਿੱਚੋਂ ਵਾਪਸ ਨਿਕਲਦਾ ਹੈ ਤਾਂ ਉਸ ਦੇ ਮੂੰਹ ’ਤੇ ਛਾਈ ਨਿਰਾਸ਼ਾ ਸਾਫ਼ ਵੇਖੀ ਜਾ ਸਕਦੀ ਹੈ। ਉਹ ਖ਼ੁਦ ਨੂੰ ਠੱਗਿਆ-ਠੱਗਿਆ ਮਹਿਸੂਸ ਕਰਦਾ ਹੈ। ਜਦੋਂ ਤਪਦੇ ਜੇਠ-ਹਾੜ੍ਹ ਵਿਚ ਠੰਢੀ ਹਵਾ ਦੇ ਬੁੱਲ੍ਹੇ ਵਾਂਗ ਕੋਈ ਅਜਿਹੀ ਫਿਲਮ ਆਉਂਦੀ ਹੈ, ਜੋ ਪੰਜਾਬ, ਪੰਜਾਬੀ ਲੋਕਾਂ ਅਤੇ ਪੰਜਾਬੀ ਦੇ ਵਿਰਸੇ ਦੀ ਸਹੀ ਤਰਜ਼ਮਾਨੀ ਕਰਦੀ ਹੈ ਤਾਂ ਦਰਸ਼ਕ ਵੀ ਉਸ ਨੂੰ ਰੱਜਵਾਂ ਪਿਆਰ ਦਿੰਦੇ ਹਨ। ਅਜਿਹੀ ਹੀ ਫਿਲਮ ਨਾਵਲਕਾਰ ਜੀਤ ਸਿੰਘ ਸੰਧੂ ਦੇ ਮਸ਼ਹੂਰ ਨਾਵਲ ‘ਬੁੱਕਲ ਦੇ ਸੱਪ’ ਆਧਾਰਿਤ ਬਣ ਕੇ ਯੂ-ਟਿਊਬ ’ਤੇ ਰਿਲੀਜ਼ ਹੋਈ ਹੈ। ਇਸ ਨੂੰ ਦਰਸ਼ਕਾਂ ਦੇ ਮਿਲੇ ਪਿਆਰ ਨੇ ਸਾਬਿਤ ਕਰ ਦਿਤਾ ਕਿ ਪੰਜਾਬੀ ਸਾਹਿਤ ਦੀਆਂ ਚੰਗੀਆਂ ਕਹਾਣੀਆਂ ਨਾਲ ਵੀ ਸਫਲ ਪੰਜਾਬੀ ਸਿਨੇਮਾ ਸਿਰਜਿਆ ਜਾ ਸਕਦਾ ਹੈ।

‘ਬੁੱਕਲ ਦੇ ਸੱਪ’ ਦੀ ਕਹਾਣੀ ਪੰਜਾਬ ਦੇ ਪੇਂਡੂ ਸੱਭਿਆਚਾਰ ਨਾਲ ਜੁੜੀ ਅਸਲੋਂ ਸੱਚੀ ਸਮਾਜਿਕ ਗਾਥਾ ਹੈ, ਜੋ ਔਲਾਦ ਦੀ ਪੂਰਤੀ ਲਈ ਦੂਜਾ ਵਿਆਹ ਕਰਵਾ ਕੇ ਪੈਦਾ ਹੋਏ ਹਾਲਾਤਾਂ ਅਧਾਰਿਤ ਹੈ। ਮਨੋਰੰਜਨ ਦੇ ਨਾਲ-ਨਾਲ ਸਮਾਜ ਨੂੰ ਚੰਗੀ ਸੇਧ ਦਿੰਦੀ ਇਸ ਫਿਲਮ ਦੀ ਕਹਾਣੀ ਰਣਜੀਤ ਤੇ ਕੰਵਲ ਦੁਆਲੇ ਘੁੰਮਦੀ ਹੈ। ਖੇਤੀ-ਪੱਤੀ ਕਰਨ ਵਾਲੇ ਰਣਜੀਤ ਦੇ ਵਿਆਹ ਨੂੰ ਜਦ ਚਾਰ-ਪੰਜ ਸਾਲ ਲੰਘ ਜਾਂਦੇ ਹਨ ਤਾਂ ਉਸ ਦੇ ਘਰ ਕਿਸੇ ਬੱਚੇ ਦੀ ਕਿਲਕਾਰੀ ਨਹੀਂ ਗੂੰਜਦੀ। ਸਾਰਾ ਪਿੰਡ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਔਰਤਾਂ ਦੇ ਤਾਅਨੇ-ਮਿਹਣਿਆਂ ਤੋਂ ਤੰਗ ਆਈ ਕੰਵਲ, ਜੀਤ ਨੂੰ ਦੂਜਾ ਵਿਆਹ ਕਰਵਾਉਣ ਨੂੰ ਕਹਿੰਦੀ ਹੈ ਪਰ ਜੀਤ ਉਸ ਦੀ ਗੱਲ ਨੂੰ ਅਣਸੁਣਿਆ ਕਰ ਦਿੰਦਾ ਹੈ। ਅਖ਼ੀਰ ਉਸ ਨੂੰ ਕਮਲ ਦੀ ਜ਼ਿੱਦ ਮੂਹਰੇ ਝੁਕਣਾ ਪੈਂਦਾ ਹੈ। ਦੂਜੇ ਵਿਆਹ ਦੀ ਪਤਨੀ ਸਮੁੰਦਰੋ ਜਦ ਵਿਹੜੇ ਪੈਰ ਪਾਉਂਦੀ ਹੈ ਤਾਂ ਘਰ ਵਿਚ ਭੂਚਾਲ ਲਿਆ ਦਿੰਦੀ ਹੈ। ਕੰਵਲ ਸਮੁੰਦਰੋ ਨੂੰ ਆਪਣੀ ਛੋਟੀ ਭੈਣ ਵਾਂਗ ਸਮਝਦੀ ਹੈ, ਜਦੋਂਕਿ ਸਮੁੰਦਰੋ ਹਮੇਸ਼ਾ ਮਹਾਰਾਣੀਆਂ ਵਾਂਗ ਹੁਕਮ ਚਲਾਉਂਦੀ ਹੈ। ਕੰਵਲ ਬੜੀ ਸਾਊ ਅਤੇ ਨੇਕ ਦਿਲ ਹੈ, ਜੋ ਘਰ ਦੀਆਂ ਖ਼ੁਸ਼ੀਆਂ ਲਈ ਸਭ ਬਰਦਾਸ਼ਤ ਕਰਦੀ ਹੈ। ਫਿਲਮ ਦੀ ਕਹਾਣੀ ਅਚਾਨਕ ਖ਼ਤਰਨਾਕ ਮੋੜ ਲੈਂਦੀ ਹੈ, ਜਦੋਂ ਸਮੁੰਦਰੋ ਦਾ ਜੀਜਾ ਬਲੌਰੀ, ਜੋ ਵੈਲੀ ਕਿਸਮ ਦਾ ਬੰਦਾ ਹੈ, ਜੀਤ ਦੇ ਘਰ ਵਿਚ ਦਖਲ-ਅੰਦਾਜ਼ੀ ਕਰਦਾ ਹੈ ਤਾਂ ਘਰ ਦੇ ਹਾਲਾਤ ਵਿਗੜਨ ਲੱਗਦੇ ਹਨ। ਇਕ ਘੰਟਾ ਚਾਲੀ ਮਿੰਟ ਦੀ ਇਹ ਫਿਲਮ ਜਿੱਥੇ ਔਰਤ ਦੇ ਚੰਗੇ-ਮਾੜੇ ਕਿਰਦਾਰਾਂ ਨੂੰ ਪੇਸ਼ ਕਰਦੀ ਹੈ, ਉੱਥੇ ਇਹ ਵੀ ਵਿਖਾਉਂਦੀ ਹੈ ਕਿ ਕਿਵੇਂ ਹਾਲਾਤਾਂ ਤੋਂ ਤੰਗ ਆਇਆ ਭਲਾ-ਮਾਨਸ ਇਨਸਾਨ ਹਥਿਆਰ ਚੁੱਕਦਾ ਹੈ।

ਰਵਿੰਦਰ ਰਵੀ ਨੇ ਕੀਤਾ ਨਿਰਦੇਸ਼ਨ

ਨਾਵਲਕਾਰ ਜੀਤ ਸਿੰਘ ਸੰਧੂ ਹੁਣ ਤਕ 25 ਦੇ ਕਰੀਬ ਨਾਵਲ ਲਿਖ ਚੁੱਕਿਆ ਹੈ। ਇਸ ਤੋਂ ਪਹਿਲਾਂ ਉਸ ਦੇ ਨਾਵਲ ‘ਤੇਜਾ ਨਗੌਰੀ’ ਉੱਤੇ ਵੀ ਵੈੱਬ ਸੀਰੀਜ਼ ਬਣ ਚੁੱਕੀ ਹੈ ਤੇ ‘ਉਦੋਂ ਤੇ ਹੁਣ’, ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ’ ਨਾਵਲ ਉੱਤੇ ਵੀ ਫਿਲਮਾਂ ਦਾ ਕੰਮ ਚੱਲ ਰਿਹਾ ਹੈ। ਇਸ ‘ਬੁੱਕਲ ਦੇ ਸੱਪ’ ਨੂੰ ਰਵਿੰਦਰ ਰਵੀ ਨੇ ਡਾਇਰੈਕਟ ਕੀਤਾ ਹੈ। ਜੇ ਰਵਿੰਦਰ ਰਵੀ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਸਿਨੇਮਾ ਨਾਲ ਜੁੜੇ ਉਨ੍ਹਾਂ ਸਫਲ ਨਿਰਦੇਸ਼ਕਾਂ ਵਿੱਚੋਂ ਇਕ ਹੈ, ਜਿਸ ਨੇ ਅਣਖ ਜੱਟਾਂ ਦੀ, ਬਦਲਾ ਜੱਟੀ ਦਾ, ਜੱਟ ਜਿਊਣਾ ਮੌੜ, ਮਿਰਜ਼ਾ ਜੱਟ ਅਤੇ ਸਿਕੰਦਰਾ ਵਰਗੀਆਂ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਹਨ। ਉਸ ਦੀ ਫਿਲਮ ‘ਕੌਮ ਦੇ ਹੀਰੇ’ ਭਾਵੇਂ ਇੰਡੀਆ ਵਿਚ ਹੋਮ ਮਨਿਸਟਰੀ ਵੱਲੋਂ ਬੈਨ ਕਰ ਦਿੱਤੀ ਸੀ ਪਰ ਵਿਦੇਸ਼ਾਂ ’ਚ ਇਹ ਫਿਲਮ ਸੁਪਰਹਿੱਟ ਰਹੀ। ਹੁਣ ਜਲਦ ਹੀ ‘ਕੌਮ ਦੀ ਹੀਰੇ-2’ ਵੀ ਰਿਲੀਜ਼ ਲਈ ਤਿਆਰ ਹੈ।

ਵਧੀਆ ਕਹਾਣੀ ਹੋਣਾ ਵੀ ਜ਼ਰੂਰੀ

ਫਿਲਮ ਦੀ ਕਹਾਣੀ ਤੇ ਡਾਇਲਾਗ ਨਾਵਲਕਾਰ ਜੀਤ ਸਿੰਘ ਸੰਧੂ ਨੇ ਲਿਖੇ ਹਨ ਤੇ ਸਕਰੀਨ ਪਲੇਅ ਤੇ ਨਿਰਦੇਸ਼ਨ ਰਵਿੰਦਰ ਰਵੀ ਦਾ ਹੈ। ਫਿਲਮ ਦੇ ਡਾਇਰੈਕਟਰ ਰਵਿੰਦਰ ਰਵੀ ਨੇ ਦੱਸਿਆ ਕਿ ਇਹ ਫਿਲਮ ਹੂਬਹੂ ਨਾਵਲ ਦੇ ਹਿੱਸਿਆਂ ਨੂੰ ਪੇਸ਼ ਕਰਦੀ ਹੈ। ਸਾਰੇ ਪਾਤਰ ਆਪਣੇ-ਆਪਣੇ ਕਿਰਦਾਰਾਂ ਵਿਚ ਇੰਨੇ ਫਿੱਟ ਹਨ ਕਿ ਉਨ੍ਹਾਂ ਦੀ ਜਗ੍ਹਾ ਅਸੀਂ ਕਿਸੇ ਹੋਰ ਅਦਾਕਾਰ ਦੀ ਕਲਪਨਾ ਨਹੀਂ ਕਰ ਸਕਦੇ। ਫਿਲਮ ਦੇ ਡਾਇਲਾਗ ਬਿਲਕੁਲ ਦੇਸੀ, ਮਲਵਾਈ ਬੋਲੀ ਵਿਚ ਬੋਲੇ ਗਏ ਹਨ, ਜੋ ਸੋਨੇ ’ਤੇ ਸੁਹਾਗੇ ਦਾ ਕੰਮ ਕਰਦੇ ਹਨ। ਸਮੁੰਦਰੋ ਦੇ ਕਿਰਦਾਰ ਨੂੰ ਕੁਲਵਿੰਦਰ ਕੌਰ ਨੇ ਬਾਖ਼ੂਬੀ ਪੇਸ਼ ਕੀਤਾ ਹੈ। ਉਸ ਦੀ ਅਦਾਕਾਰੀ, ਸੰਵਾਦ ਰਚਨਾ ਵਿਚ ਕਮਾਲ ਦੀ ਕਲਾਕਾਰੀ ਹੈ। ਬਲੌਰੀ ਦੇ ਕਿਰਦਾਰ ਵਿਚ ਨੀਟੂ ਪੰਧੇਰ, ਕਾਮਰੇਡ ਦੇ ਕਿਰਦਾਰ ਵਿਚ ਹੌਬੀ ਧਾਲੀਵਾਲ ਅਤੇ ਸੀਰੀ ਦੇ ਕਿਰਦਾਰ ਵਿਚ ਕੁਲਦੀਪ ਨਿਆਮੀ ਆਪਣਾ ਪੂਰਾ ਪ੍ਰਭਾਵ ਛੱਡਦੇ ਨਜ਼ਰ ਆਏ। ਜੇ ਮੇਨ ਰੋਲ ਦੀ ਗੱਲ ਕਰੀਏ ਤਾਂ ਸੋਨਪ੍ਰੀਤ ਜਵੰਧਾ ਅਤੇ ਜੋਤ ਚਾਹਲ ਫਿਲਮ ਦੀ ਜ਼ਿੰਦਜਾਨ ਹਨ। ਯੂ ਟਿਊਬ ’ਤੇ ਮਿਲੀ ਫਿਲਮ ਦੀ ਸਫਲਤਾ ਨੇ ਇਹ ਦੱਸ ਦਿੱਤਾ ਕਿ ਵਧੀਆ ਫਿਲਮ ਕਰੋੜਾਂ ਰੁਪਏ ਖ਼ਰਚ ਕੇ ਵੀ ਨਹੀਂ ਬਣਦੀ, ਇਸ ਲਈ ਵਧੀਆ ਕਹਾਣੀ ਤੇ ਨਿਰਦੇਸ਼ਨ ਦਾ ਹੋਣਾ ਵੀ ਜ਼ਰੂਰੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।