10 ਅਕਤੂਬਰ 2024 : ਹਾਈਵੇ ਨੈੱਟਵਰਕ ਦੇ ਆਲੇ-ਦੁਆਲੇ ਸਾਫ਼-ਸੁਥਰੇ ਪਖ਼ਾਨੇ, ਵ੍ਹੀਲਚੇਅਰ, ਈਵੀ ਚਾਰਜਿੰਗ ਸਟੇਸ਼ਨ, ਪੈਟਰੋਲ ਪੰਪ, ਰੈਸਟੋਰੈਂਟ ਅਤੇ ਪਾਰਕਿੰਗ ਵਰਗੀਆਂ ਸਹੂਲਤਾਂ ਦਾ ਰਸਤਾ ਆਸਾਨ ਕਰਦੇ ਹੋਏ ਕੇਂਦਰ ਸਰਕਾਰ ਨੇ ਹਮਸਫ਼ਰ ਨੀਤੀ ਦਾ ਐਲਾਨ ਕੀਤਾ ਹੈ। ਇਸ ’ਤੇ ਸਹੀ ਤਰੀਕੇ ਨਾਲ ਅਮਲ ਹੋਇਆ ਤਾਂ ਸੜਕ ਯਾਤਰਾ ਦੀ ਤਸਵੀਰ ਬਦਲ ਸਕਦੀ ਹੈ।

ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਇਹ ਨੀਤੀ ਲਾਂਚ ਕਰਦੇ ਹੋਏ ਅਧਿਕਾਰੀਆਂ ’ਤੇ ਵਿਅੰਗ ਕੀਤਾ ਕਿ ਪੜ੍ਹੇ-ਲਿਖੇ ਲੋਕਾਂ (ਅਧਿਕਾਰੀਆਂ ਤੇ ਮਾਹਰਾਂ) ਦੇ ਬਹੁਤ ਸਾਰੇ ਅਧਿਐਨਾਂ ਤੇ ਵਿਚਾਰ-ਚਰਚਾ ਤੋਂ ਬਾਅਦ ਚਾਰ ਸਾਲ ਦੀ ਦੇਰੀ ਨਾਲ ਆਖ਼ਰਕਾਰ ਇਹ ਨੀਤੀ ਲਾਗੂ ਕੀਤੀ ਜਾ ਰਹੀ ਹੈ। ਇਸਦਾ ਉਦੇਸ਼ ਲੋਕਾਂ ਨੂੰ ਸੌਖਾਲੀ ਤੇ ਸੁਰੱਖਿਅਤ ਯਾਤਰਾ ਦਾ ਅਹਿਸਾਸ ਕਰਵਾਉਣਾ ਹੈ। ਹਮਸਫ਼ਰ ਨੀਤੀ ਵਿਚ ਉਹ ਸਾਈਡ ਐਮਨੀਟੀਜ਼ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪੂਰੇ ਹਾਈਵੇ ਨੈੱਟਵਰਕ ਵਿਚ ਹਰ 40-60 ਕਿਲੋਮੀਟਰ ਦੀ ਦੂਰੀ ’ਤੇ ਸਥਾਪਤ ਕੀਤਾ ਜਾਣਾ ਹੈ। ਅਜਿਹੀਆਂ ਇਕ ਹਜ਼ਾਰ ਉਹ ਸਾਈਡ ਐਮਨੀਟੀਜ਼ ਤਜਵੀਜ਼ਸ਼ੁਦਾ ਹਨ। ਇਨ੍ਹਾਂ ਤੋਂ ਇਲਾਵਾ ਇਸ ਨੈੱਟਵਰਕ ਦੇ ਆਲੇ-ਦੁਆਲੇ ਪਹਿਲਾਂ ਤੋਂ ਮੌਜੂਦ ਢਾਬਿਆਂ, ਰੈਸਟੋਰੈਂਟਾਂ, ਪੈਟਰੋਲ ਪੰਪਾਂ ਆਦਿ ਨੂੰ ਵੀ ਨਵੀਂ ਨੀਤੀ ਦੇ ਦਾਇਰੇ ਵਿਚ ਲਿਆਂਦਾ ਗਿਆ ਹੈ। ਇਸ ਦੀ ਜਾਣਕਾਰੀ ਰਾਜਮਾਰਗ ਯਾਤਰਾ ਪਲੇਟਫਾਰਮ ’ਤੇ ਉਪਲਬਧ ਹੋਵੇਗੀ। ਨਿੱਜੀ ਏਜੰਸੀਆਂ ਵੱਲੋਂ ਉਨ੍ਹਾਂ ਦੀ ਰੇਟਿੰਗ ਵੀ ਕੀਤੀ ਜਾਵੇਗੀ, ਤਾਂ ਕਿ ਉਨ੍ਹਾਂ ਵਿਚ ਮੌਜੂਦ ਸਹੂਲਤਾਂ ਦੇ ਪੱਧਰ ਤੋਂ ਲੋਕ ਜਾਣੂ ਹੋ ਸਕਣ। ਨਵੀਂ ਨੀਤੀ ਇਹ ਸੇਵਾਵਾਂ ਉਪਲਬਧ ਕਰਾਉਣ ਵਾਲੇ ਅਦਾਰਿਆਂ-ਕੇਂਦਰਾਂ ਨੂੰ ਹਾਈਵੇ ’ਤੇ ਆਪਣੇ ਸਾਈਨ ਬੋਰਡ ਲਾਉਣ ਦੀ ਵੀ ਇਜਾਜ਼ਤ ਦੇਵੇਗੀ। ਗਡਕਰੀ ਨੇ ਇਸ ਮੌਕੇ ਇਹ ਮੰਨਿਆ ਕਿ ਉੱਚ ਪੱਧਰੀ ਸੜਕ ਸੇਵਾ ਲਈ ਇਨ੍ਹਾਂ ਸਹੂਲਤਾਂ ਨੂੰ ਵਿਕਸਤ ਕਰਨਾ ਸਾਡਾ ਫਰਜ਼ ਹੈ ਪਰ ਸਰਕਾਰ ਇਸਨੂੰ ਪੂਰਾ ਕਰਨ ਵਿਚ ਅਸਫਲ ਰਹੀ ਹੈ। ਉਨ੍ਹਾਂ ਇਸ ਨੀਤੀ ਦੀ ਸ਼ੁਰੂਆਤ ਦੇ ਨਾਲ ਮੌਜੂਦਾ ਪੈਟਰੋਲ ਪੰਪਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਆਪਣੇ ਪਖ਼ਾਨਿਆਂ ਦੇ ਦਰਵਾਜ਼ੇ ਲੋਕਾਂ ਲਈ ਖੋਲ੍ਹ ਦੇਣ ਵਰਨਾ ਉਨ੍ਹਾਂ ਨੂੰ ਮਿਲੇ ਐੱਨਓਸੀ ਰੱਦ ਕਰ ਦਿੱਤੇ ਜਾਣਗੇ। ਨਵੀਂ ਨੀਤੀ ਵਿਚ ਬੇਬੀ ਕੇਅਰ ਰੂਮ ਵੀ ਸ਼ਾਮਲ ਹਨ, ਜਿਨ੍ਹਾਂ ਦਾ ਗਡਕਰੀ ਨੇ ਔਰਤਾਂ ਨੂੰ ਹੋਣ ਵਾਲੀਆਂ ਅਸਹੂਲਤਾਂ ਦੇ ਸੰਦਰਭ ਵਿਚ ਵਿਸ਼ੇਸ਼ ਰੂਪ ਨਾਲ ਜ਼ਿਕਰ ਕੀਤਾ।

ਨਵੀਂ ਨੀਤੀ ਲੋਕਾਂ ਨੂੰ ਸੜਕ ਯਾਤਰਾ ਲਈ ਬਿਹਤਰ ਮਾਹੌਲ ਉਪਲਬਧ ਕਰਾਉਣ ਦੇ ਨਾਲ ਹੀ ਉੱਦਮੀਆਂ ਨੂੰ ਵੀ ਮਜ਼ਬੂਤ ਬਣਾਏਗੀ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗੀ। ਗਡਕਰੀ ਨੇ ਉਮੀਦ ਪ੍ਰਗਟਾਈ ਕਿ ਹਮਸਫ਼ਰ ਬਰਾਂਡ ਸੁਰੱਖਿਅਤ ਤੇ ਸੌਖਾਲੇ ਸਫ਼ਰ ਦਾ ਸਮਾਨਾਰਥੀ ਬਣ ਜਾਵੇਗਾ। ਇਸ ਨੀਤੀ ਦਾ ਇਕ ਅਹਿਮ ਉਦੇਸ਼ ਰਾਜਮਾਰਗਾਂ ਅਤੇ ਐਕਸਪ੍ਰੈੱਸ ਵੇਅ ਦੇ ਕੰਢੇ ਸਹੂਲਤਾਂ ਦਾ ਮਾਨਕ ਢਾਂਚਾ ਉਪਲਬਧ ਕਰਾਉਣਾ ਹੈ ਯਾਨੀ ਬਿਹਤਰ ਫੂਡ ਪੁਆਇੰਟ ਜਾਂ ਪਖ਼ਾਨੇ ਸਿਰਫ਼ ਵੱਡੇ ਸ਼ਹਿਰਾਂ ਦੀ ਹੱਦ ’ਤੇ ਹੀ ਨਹੀਂ ਹੋਣਗੇ ਬਲਕਿ ਕਸਬਿਆਂ ਤੇ ਪਿੰਡਾਂ ਦੇ ਆਲੇ-ਦੁਆਲੇ ਹਾਈਵੇ ਦੇ ਹਿੱਸਿਆਂ ’ਤੇ ਵੀ ਹੋਣਗੇ।

ਸੜਕੀ ਆਵਾਜਾਈ ਮੰਤਰਾਲੇ ਨੇ ਨਵੀਂ ਨੀਤੀ ਵਿਚ ਇਨ੍ਹਾਂ ਸੇਵਾਵਾਂ ਦੀ ਨਿਗਰਾਨੀ ਦਾ ਵੀ ਪ੍ਰਬੰਧ ਕੀਤਾ ਹੈ। ਗਡਕਰੀ ਨੇ ਐੱਨਐੱਚਏਆਈ ਵਰਗੀਆਂ ਏਜੰਸੀਆਂ ਨੂੰ ਇਸ ’ਤੇ ਲਗਾਤਾਰ ਧਿਆਨ ਦੇਣ ਲਈ ਕਿਹਾ ਹੈ। ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਨੂੰ ਆਪਣੇ ਇੱਥੇ ਐਂਟਰੀ-ਐਗਜ਼ਿਟ ਦੀ ਜਗ੍ਹਾ, ਸਰਵਿਸ ਲੇਨ ਤੇ ਸਾਈਨੇਜ ਉਪਲਬਧ ਕਰਵਾਉਣੇ ਪੈਣਗੇ। ਉਨ੍ਹਾਂ ਦੇ ਲਾਇਸੈਂਸ ਦਾ ਹਰ ਦੋ ਸਾਲ ਵਿਚ ਨਵੀਨੀਕਰਨ ਹੋਵੇਗਾ। ਦਸ ਕਿਲੋਮੀਟਰ ਦੇ ਦਾਇਰੇ ਵਿਚ ਜੇਕਰ ਇਸਦੇ ਕਈ ਬਿਨੈ ਆਉਂਦੇ ਹਨ ਤਾਂ ਸਿਰਫ਼ ਇਕ ਨੂੰ ਹੀ ਲਾਇਸੈਂਸ ਦਿੱਤਾ ਜਾਵੇਗਾ। ਰੈਗੂਲਰ ਥ੍ਰੀ ਪਲੱਸ ਰੇਟਿੰਗ ’ਤੇ ਸਰਵਿਸ ਪ੍ਰੋਵਾਈਡਰਾਂ ਨੂੰ ਟੈਕਸ ਵਿਚ ਛੋਟ ਵੀ ਦਿੱਤੀ ਜਾਵੇਗੀ।

ਨਵੀਂ ਨੀਤੀ ’ਚ ਚਾਰ ਤਰ੍ਹਾਂ ਦੀਆਂ ਸੇਵਾਵਾਂ

1. ਖਾਣ-ਪੀਣ ਦੀਆਂ ਥਾਵਾਂ (ਰੈਸਟੋਰੈਂਟ, ਫੂਡ ਕੋਰਟ, ਢਾਬਾ)

2. ਖਾਣ-ਪੀਣ ਦੀਆਂ ਥਾਵਾਂ ਤੇ ਫਿਊਲ ਸਟੇਸ਼ਨ

3. ਸਿਰਫ਼ ਫਿਊਲ ਸਟੇਸ਼ਨ (ਪਖ਼ਾਨੇ, ਬੇਬੀ ਕੇਅਰ ਰੂਮ ਸਣੇ)

4. ਟਰਾਮਾ ਸੈਂਟਰ (ਟਾਇਲੈਟ, ਬੇਬੀ ਕੇਅਰ ਰੂਮ ਸਣੇ)

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।