ਨਵੀਂ ਦਿੱਲੀ (ਪੀਟੀਆਈ) : ਰੈਜ਼ੀਡੈਂਟ ਡਾਕਟਰ ਮਨਮਰਜ਼ੀ ਨਾਲ ਮਰੀਜ਼ਾਂ ਨੂੰ ਰੈਫਰ ਨਹੀਂ ਕਰ ਸਕਣਗੇ। ਰੈਫਰ ਕਰਨ ਲਈ ਉਨ੍ਹਾਂ ਨੂੰ ਕੰਸਲਟੈਂਟ ਤੋਂ ਸਲਾਹ ਲੈਣੀ ਪਵੇਗੀ। ਹਸਪਤਾਲਾਂ ’ਚ ਹੁਣ ਇਕ ਵਿਭਾਗ ਤੋਂ ਦੂਜੇ ਵਿਭਾਗ ’ਚ ਮਰੀਜ਼ਾਂ ਨੂੰ ਰੈਫਰ ਕਰਨ ’ਚ ਬੇਲੁੜੀਂਦੀ ਦੇਰੀ ਵੀ ਨਹੀਂ ਹੋਵੇਗੀ। ਮਰੀਜ਼ਾਂ ਨੂੰ ਰੈਫਰ ਕਰਨ ਦੀ ਪ੍ਰਕਿਰਿਆ ’ਚ ਤਰੁੱਟੀਆਂ ਤੇ ਜਵਾਬਦੇਹੀ ਦੀ ਕਮੀ ਦਾ ਜ਼ਿਕਰ ਕਰਦਿਆਂ ਕੇਂਦਰੀ ਸਿਹਤ ਮੰਤਰਾਲੇ ਨੇ ਹਸਪਤਾਲਾਂ ਲਈ ਇਕ ਵਿਭਾਗ ਤੋਂ ਦੂਜੇ ਵਿਭਾਗ ’ਚ ਰੈਫਰ ਕਰਨ ਨਾਲ ਸਬੰਧਤ ਦਿਸ਼ਾ-ਨਿਰਦੇਸ਼ ਪਹਿਲੀ ਵਾਰ ਜਾਰੀ ਕੀਤੇ ਹਨ। ਇਸ ਦਾ ਮਕਸਦ ਹਸਪਤਾਲਾਂ ਦੇ ਵਿਭਾਗਾਂ ਦਰਮਿਆਨ ਸਹਿਯੋਗ ਨੂੰ ਸੁਖਾਲਾ ਬਣਾਉਣਾ ਹੈ।
ਹਸਪਤਾਲਾਂ ’ਚ ਅੰਤਰ-ਵਿਭਾਗੀ ਰੈਫਰਲ ਲਈ ਸੱਤ ਜੂਨ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ’ਚ ਜ਼ੋਰ ਦਿੱਤਾ ਗਿਆ ਹੈ ਕਿ ਜਦੋਂ ਵੀ ਮਰੀਜ਼ਾਂ ਨੂੰ ਵਿਸ਼ੇਸ਼ ਦੇਖਭਾਲ ਜਾਂ ਸਲਾਹ ਦੀ ਲੋੜ ਹੋਵੇ ਤਾਂ ਰੈਫਰ ਕਰਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ। ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਕੰਸਲਟੈਂਟ ਦੀ ਸਲਾਹ ਲੈਣ ਲਈ ਸਿਰਫ਼ ਕੰਸਲਟੈਂਟ ਹੀ ਰੈਫਰ ਕਰਨ। ਪੋਸਟ ਗ੍ਰੈਜੂਏਟ ਰੈਜ਼ੀਡੈਂਟ ਡਾਕਟਰ ਆਪਣੇ ਕੰਸਲਟੈਂਟ ਨਾਲ ਚਰਚਾ ਕੀਤੇ ਬਿਨਾਂ ਰੈਫਰ ਨਹੀਂ ਕਰ ਸਕਦੇ•। ਕੰਸਲਟੈਂਟ ਰੈਫਰਲ ਰਿਕਾਰਡ ਦੀ ਸਮੀਖਿਆ ਕਰੇ। ਇਸ ਨਾਲ ਮਰੀਜ਼ ਦੀ ਦੇਖਭਾਲ ’ਚ ਸੁਧਾਰ ਹੋਵੇਗਾ, ਨਾਲ ਹੀ ਰੈਜ਼ੀ਼ਡੈਂਟ ਡਾਕਟਰ ਵੀ ਬਿਹਤਰ ਤਰੀਕੇ ਨਾਲ ਸਿੱਖ ਸਕਣਗੇ।
ਸਿਹਤ ਸੇਵਾ ਦੇ ਡਾਇਰੈਕਟਰ ਜਨਰਲ ਡਾ. ਅਤੁਲ ਗੋਇਲ ਨੇ ਕਿਹਾ ਕਿ ਰੈਫਰ ਕਰਨ ਦੀ ਪ੍ਰਕਿਰਿਆ ਕਿਸੇ ਵੀ ਹਸਪਤਾਲ ’ਚ ਮਰੀਜ਼ ਦੀ ਦੇਖਭਾਲ ਦਾ ਮਹੱਤਵਪੂਰਨ ਪਹਿਲੂ ਹੈ। ਖ਼ਰਾਬ ਤਾਲਮੇਲ, ਅਸਪੱਸ਼ਟ ਪ੍ਰਕਿਰਿਆਵਾਂ ਤੇ ਸਿਹਤ ਪੇਸ਼ੇਵਰਾਂ ਲਈ ਬੇਲੁੜੀਂਦੀ ਸਿਖਲਾਈ ਵਰਗੀਆਂ ਸਮੱਸਿਆਵਾਂ ਆਮ ਤੌਰ ’ਤੇ ਨਜ਼ਰ ਆਉਂਦੀਆਂ ਹਨ। ਇਹ ਸਮੱਸਿਆਵਾਂ ਮਰੀਜ਼ਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਨਾਲ ਇਲਾਜ ’ਚ ਦੇਰੀ ਹੁੰਦੀ ਹੈ। ਦਿਸ਼ਾ-ਨਿਰਦੇਸ਼ ’ਚ ਕਿਹਾ ਗਿਆ ਹੈ ਕਿ ਰੈਫਰ ਕੀਤੇ ਜਾਣ ਦੀ ਮਜ਼ਬੂਤ ਤੇ ਕੁਸ਼ਲ ਪ੍ਰਣਾਲੀ ਰੈਜ਼ੀਡੈਂਟ ਡਾਕਟਰ ਦੀ ਸਿਖਲਾਈ ਦਾ ਲਾਜ਼ਮੀ ਹਿੱਸਾ ਹੋਵੇ।
ਰੈਫਰ ਕਰਨ ਦੀ ਪ੍ਰਕਿਰਿਆ ’ਚ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਹਸਪਤਾਲਾਂ ਨੂੰ ਮਿਆਰੀ ਪ੍ਰੋਟੋਕਾਲ ਲਾਗੂ ਕਰਨਾ ਪਵੇਗਾ, ਰੈਫਰਲ ਨੂੰ ਯੋਜਨਾਬੱਧ ਕਰਨਾ ਪਵੇਗਾ ਤੇ ਰੈਫਰਲ ਪ੍ਰਕਿਰਿਆ ’ਚ ਸ਼ਾਮਲ ਸਿਹਤ ਸੇਵਾ ਮੁਹੱਈਆ ਕਰਵਾਉਣ ਵਾਲਿਆਂ ਤੇ ਮੁਲਾਜ਼ਮਾਂ ਨੂੰ ਸਿਖਲਾਈ ਦੇਣੀ ਪਵੇਗੀ। ਸਪੱਸ਼ਟ ਦਿਸ਼ਾ-ਨਿਰਦੇਸ਼ ਨਾ ਹੋਣ ਕਾਰਨ ਦੇਖਿਆ ਗਿਆ ਹੈ ਕਿ ਹਰੇਕ ਵਿਭਾਗ ਕੋਲ ਰੈਫਰਲ ਭੇਜਣ ਦਾ ਆਪਣਾ ਤਰੀਕਾ ਹੈ। ਜ਼ਿਆਦਾਤਰ ਜੂਨੀਅਰ ਰੈਜ਼ੀਡੈਂਟ (ਪਹਿਲੇ ਜਾਂ ਦੂਜੇ ਸਾਲ ਦੇ ਪੋਸਟ ਗ੍ਰੈਜੂਏਟ) ਨੂੰ ਅਜਿਹੇ ਰੈਫਰਲ ਮਿਲਦੇ ਹਨ ਜਿੱਥੇ ਉੱਚ ਪੱਧਰ ਦੇ ਇਨਪੁੱਟ ਦੀ ਲੋੜ ਹੁੰਦੀ ਹੈ। ਰੈਫਰਲ ਸਬੰਧੀ ਵਿਭਾਗਾਂ ਵਿਚਾਲੇ ਟਕਰਾਅ ਹੁੰਦਾ ਹੈ।
ਜਿਨ੍ਹਾਂ ਵਿਭਾਗਾਂ ’ਚ ਰੈਫਰਲ ਭੇਜਿਆ ਜਾਣਾ ਹੈ, ਉਹ ਵੱਖ-ਵੱਖ ਯੂਨਿਟਾਂ ’ਚ ਅਧਿਕਾਰੀਆਂ ਦੇ ਨਾਂ, ਸੰਪਰਕ ਨੰਬਰ ਨਾਲ ਰੋਸਟਰ ਤਿਆਰ ਕਰਨ। ਇਸ ਨੂੰ ਵੈੱਬਸਾਈਟ ’ਤੇ ਅਪਲੋਡ ਕਰਨ ਤੇ ਅਦਾਰੇ ’ਚ ਵੀ ਪ੍ਰਸਾਰਤ ਕਰਨ। ਰੈਫਰਲ ਟੀਮ ਵੱਲੋਂ ਕੀਤੀ ਗਈ ਜਾਂਚ ਪ੍ਰਮਾਣਿਤ ਹੋਣੀ ਚਾਹੀਦੀ ਹੈ। ਰੈਫਰਲਜ਼ ਦਾ ਦਸਤਾਵੇਜ਼ੀਕਰਨ ਪੁਖਤਾ ਤਰੀਕੇ ਨਾਲ ਕੀਤਾ ਜਾਵੇ ਜਿਸ ’ਚ ਸਿਹਤ ਬਾਰੇ ਜਾਣਕਾਰੀ, ਰੈਫਰਲ ਨਾਲ ਲੁੜੀਂਦੇ ਨਤੀਜੇ ਤੇ ਹੋਰ ਵਿਸ਼ੇਸ਼ ਨਿਰਦੇਸ਼ ਸ਼ਾਮਲ ਹੋਣ।
ਰੈਫਰ ਕਰਨ ’ਚ ਗ਼ੈਰ-ਜ਼ਰੂਰੀ ਦੇਰੀ ਨਾ ਕਰੋ
ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਗ਼ੈਰ-ਜ਼ਰੂਰੀ ਤੌਰ ’ਤੇ ਰੈਫਰਲ ’ਚ ਦੇਰੀ ਨਾ ਕਰੋ। ਰੈਫਰ ਕਰਦੇ ਸਮੇਂ ਜ਼ਰੂਰੀ ਜਾਣਕਾਰੀ ਮੁਹੱਈਆ ਕਰਵਾਓ ਕਿਉਂਕਿ ਇਸ ਨਾਲ ਰੈਫਰਲ ਹਾਸਲ ਕਰਨ ਵਾਲੇ ਵਿਭਾਗ ਨੂੰ ਮਰੀਜ਼ ਦੀ ਸਹੀ ਦੇਖਭਾਲ ਕਰਨ ’ਚ ਸਹੂਲਤ ਹੋਵੇਗੀ। ਜੇ ਰੈਫਰਲ ਪ੍ਰਕਿਰਿਆ ’ਚ ਕੋਈ ਅੜਿੱਕਾ ਪੈਂਦਾ ਹੈ ਤਾਂ ਸੀਨੀਅਰ ਸਹਿਯੋਗੀਆਂ ਜਾਂ ਹਸਪਤਾਲ ਪ੍ਰਸ਼ਾਸਕਾਂ ਤੋਂ ਸਹਾਇਤਾ ਲੈਣ ਤੋਂ ਨਾ ਝਿਜਕੋ।
ਰੈਫਰਲ ਨੂੰ ਨਾਮਨਜ਼ੂਰ ਕਰਨ ਦੇ ਕਾਰਨਾਂ ਦੀ ਦੇਣੀ ਪਵੇਗੀ ਜਾਣਕਾਰੀ
ਦਿਸ਼ਾ-ਨਿਰਦੇਸ਼ਾਂ ਮੁਤਾਬਕ, ਰੈਫਰਲ ਦੇ ਫਲੋਅੱਪ ਦੌਰਾਨ ਖ਼ਾਸ ਹਾਲਾਤ ਹੋ ਸਕਦੇ ਹਨ ਜਿਨ੍ਹਾਂ ’ਚ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। ਉਦਾਹਰਨ ਵਜੋਂ, ਜੇ ਕਿਸੇ ਰੈਫਰਲ ਨੂੰ ਮਾਹਰ ਜਾਂ ਰੈਫਰਲ ਹਾਸਲ ਕਰਨ ਵਾਲੇ ਵਿਭਾਗ ਵੱਲੋਂ ਨਾਮਨਜ਼ੂਰ ਕਰ ਦਿੱਤਾ ਜਾਂਦਾ ਹੈ ਤਾਂ ਦੇਖਭਾਲ ਦੇ ਬਦਲਵੇਂ ਬਦਲਾਂ ਨਾਲ ਰੈਫਰ ਕਰਨ ਵਾਲੇ ਵਿਭਾਗ ਨੂੰ ਇਨਕਾਰ ਕਰਨ ਦੇ ਕਾਰਨਾਂ ਦੀ ਜਾਣਕਾਰੀ ਦਿੱਤੀ ਜਾਵੇ।