ਹੁਸ਼ਿਆਰਪੁਰ, 26 ਜਨਵਰੀ (ਪੰਜਾਬੀ ਖ਼ਬਰਨਾਮਾ)
ਨਗਰ ਨਿਗਮ ਦਫ਼ਤਰ ਹੁਸ਼ਿਆਰਪੁਰ ਵਿਖੇ 75ਵਾਂ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਮੇਅਰ ਸੁਰਿੰਦਰ ਕੁਮਾਰ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਖਾਸ ਸਮਾਗਮ ਵਿਚ ਕਮਿਸ਼ਨਰ ਨਗਰ ਨਿਗਮ ਜਿਓਤੀ ਬਾਲਾ ਮੱਟੂ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਚੇਅਰਮੈਨ ਵਿੱਤ ਅਤੇ ਠੇਕਾ ਕਮੇਟੀ ਬਲਵਿੰਦਰ ਕੁਮਾਰ, ਨਗਰ ਨਿਗਮ ਦੇ ਵੱਖ-ਵੱਖ ਅਧਿਕਾਰੀਆਂ, ਕਰਮਚਾਰੀਆਂ ਅਤੇ ਯੂਨੀਅਨਾਂ ਦੇ ਪ੍ਰਧਾਨਾਂ ਅਤੇ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਵਾਰਡਾਂ ਦੇ ਕੌਂਸਲਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਮੇਅਰ ਸੁਰਿੰਦਰ ਕੁਮਾਰ ਨੇ ਨਿਗਮ ਵੱਲੋਂ ਸ਼ਹਿਰ ਵਾਸੀਆਂ ਦੇ ਨਾਮ ਸੰਦੇਸ਼ ਦਿੰਦੇ ਹੋਏ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਨੇ ਦਿਨ-ਰਾਤ ਅਣਥੱਕ ਮਿਹਨਤ ਕਰਕੇ ਆਜ਼ਾਦ ਭਾਰਤ ਨੂੰ ਇਕ ਲਿਖਿਤ ਸਵਿਧਾਨ ਦਿੱਤਾ।
ਮੇਅਰ ਨੇ ਸ਼ਹਿਰ ਵਾਸੀਆਂ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਉਹ ਨਗਰ ਨਿਗਮ ਦਾ ਸਾਥ ਦੇਣ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਆਪਣੇ ਘਰ ਤੋਂ ਹੀ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਕਰਕੇ ਸਫਾਈ ਸੇਵਕਾਂ ਨੂੰ ਦੇਣ ਦੇ ਲਈ ਕਿਹਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਅੰਦਰ 100 ਫੀਸਦੀ ਸੀਵਰੇਜ ਅਤੇ ਪਾਣੀ ਦੀਆਂ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ ਅਤੇ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਸੀਵਰੇਜ ਪਾਣੀ ਦੀਆਂ ਪਾਈਪਾਂ ਜਲਦ ਹੀ ਅਮਰੁਤ ਸਕੀਮ ਤਹਿਤ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਔਰਤਾਂ ਦੀ ਸੁਵਿਧਾ ਲਈ ਬੱਸ ਸਟੈਂਡ ਅਤੇ ਸਰਕਾਰੀ ਹਸਪਤਾਲ ਦੇ ਬਾਹਰ ਪਿੰਕ ਪਖਾਨੇ ਬਣਾਏ ਗਏ ਹਨ। ਸ਼ਹਿਰ ਵਾਸੀਆਂ ਨੂੰ 100 ਫੀਸਦੀ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਸੋਡੀਅਮ ਹਿਪੋਕਲੋਰਾਈਡ ਦਵਾਈ ਦੀ ਲਗਾਤਾਰ ਖਰੀਦ ਕਰਕੇ ਰੋਜ਼ਾਨਾ ਟਿਊਬਵੈਲਾਂ ਵਿਚ ਪਾਣੀ ਦੀ ਕਲੋਰੀਨੇਸ਼ਨ ਕੀਤੀ ਜਾ ਰਹੀ ਹੈ, ਸੀਵਰੇਜ ਬਲਾਕੇਜ ਨੂੰ ਤੁਰੰਤ ਹਟਾਉਣ ਲਈ 10 ਲੱਖ ਰੁਪਏ ਦੀਆਂ ਦੋ ਛੋਟੀਆਂ ਜੈਟਿੰਗ ਮਸ਼ੀਨਾਂ ਦੀ ਖਰੀਦ ਕੀਤੀ ਗਈ ਹੈ ਅਤੇ 15 ਲੱਖ ਰੁਪਏ ਦੀਆਂ ਹੋਰ ਜੈਟਿੰਗ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ।
ਸ਼ਹਿਰ ਦੇ ਅੰਦਰ ਤੁਰੰਤ ਸਮੇਂ ’ਤੇ ਕੂੜੇ ਦੀ ਲਿਫਟਿੰਗ ਦੇ ਲਈ 200 ਨਵੀਆਂ ਹੱਥ ਰੇਹੜੀਆਂ ਖਰੀਦੀਆਂ ਗਈਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸਥਾਨਾਂ ਅਤੇ ਹਿਮਾਚਲ ਪ੍ਰਦੇਸ਼ ਵਿਖੇ ਸ਼ਹਿਰ ਤੋਂ ਜਾਣ ਵਾਲੇ ਸ਼ਰਧਾਲੂਆਂ ਲਈ 9 ਲੱਖ ਰੁਪਏ ਦੀਆਂ 8 ਸੀਟਰ ਦੋ ਮੋਬਾਇਲ ਪਖਾਨੇ ਵੈਨਾਂ ਦੀ ਖਰੀਦ ਕੀਤੀ ਗਈ ਹੈ। ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਸ਼ਹਿਰ ਦੇ ਵੱਖ-ਵੱਖ ਵਾਰਡਾਂ ਲਈ 493 ਲੱਖ ਰੁਪਏ ਦੇ ਮਤੇ ਪਾਸ ਕੀਤੇ ਗਏ ਹਨ। ਜਿਨ੍ਹਾਂ ਮੁਹੱਲਿਆਂ ਅਤੇ ਘਰਾਂ ਵਿਚ ਪਾਣੀ ਦੀ ਦਿੱਕਤ ਹੈ, ਉਨ੍ਹਾਂ ਘਰਾਂ ਵਿਚ ਤੁਰੰਤ ਪਾਣੀ ਪਹੁੰਚਾਉਣ ਲਈ ਨਗਰ ਨਿਗਮ ਵਲੋਂ ਦੋ ਨਵੇਂ ਪਾਣੀ ਦੇ ਟੈਂਕਰ ਖਰੀਦੇ ਗਏ ਹਨ, ਜਿਨ੍ਹਾਂ ਦੀ ਕੀਮਤ 7 ਲੱਖ ਰੁਪਏ ਹੈ। ਸ਼ਹਿਰ ਵਾਸੀਆਂ ਨੂੰ ਡੇਂਗੂ ਮਲੇਰੀਆ ਤੋਂ ਬਚਾਉਣ ਲਈ 10 ਲੱਖ ਰੁਪਏ ਦੀ ਦਵਾਈ ਖਰੀਦੀ ਗਈ ਹੈ, ਜਿਸ ਨਾਲ ਵਾਰਡ ਵਾਈਜ਼ ਫਾਗਿੰਗ ਕਰਵਾਈ ਗਈ ਹੈ। ਸਫਾਈ ਦੇ ਕੰਮ ਨੂੰ ਪੁਖਤਾ ਕਰਨ ਲਈ ਅਤੇ ਸ਼ਹਿਰ ਨੂੰ ਸਵੱਛ ਕਰਨ ਦੇ ਮੱਦੇਨਜ਼ਰ 150 ਸਫਾਈ ਸੇਵਕਾਂ ਅਤੇ 30 ਸੀਵਰਮੈਨਾਂ ਦੀ ਭਰਤੀ ਕੀਤੀ ਗਈ ਹੈ, ਜਿਨ੍ਹਾਂ ਨੂੰ ਮੁਹੱਲਿਆਂ ਅਤੇ ਸੜਕਾਂ ’ਤੇ ਸਫਾਈ ਲਈ ਤਾਇਨਾਤ ਕੀਤਾ ਗਿਆ ਹੈ। ਸ਼ਮਸ਼ਾਨਘਾਟ ਦੀ ਆਮ ਲੋਕਾਂ ਨੂੰ ਪੁਖਤਾ ਸੁਵਿਧਾ ਦੇਣ ਦੇ ਲਈ ਇਸ ਦੇ ਰੱਖ-ਰਖਾਅ ਦਾ ਜਿੰਮਾ 31 ਦਸੰਬਰ 2027 ਤੱਕ ਸੋਸਾਇਟੀ ਨੂੰ ਦਿੱਤਾ ਗਿਆ ਹੈ। ਆਮ ਲੋਕਾਂ ਨੂੰ ਸਵੱਛ ਪਬਲਿਕ ਪਖਾਨੇ ਦੀ ਸੁਵਿਧਾ ਦੇਣ ਲਈ ਇਨ੍ਹਾਂ ਨੂੰ ਚਲਾਉਣ ਦਾ ਕੰਮ ਇਕ ਕੰਪਨੀ ਨੂੰ ਸਾਲ 2026 ਤੱਕ ਦਿੱਤਾ ਗਿਆ ਹੈ। ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜਿਥੇ ਸੀਵਰੇਜ ਨਹੀਂ ਹੈ, ਉਥੇ ਸੀਵਰੇਜ ਲਾਈਨਾਂ ਵਿਛਾਉਣ ਲਈ 168.82 ਲੱਖ ਰੁਪਏ ਦਾ ਖਰਚਾ ਮਨਜੂਰ ਕੀਤਾ ਗਿਆ ਹੈ। ਅਵਾਰਾ ਕੁੱਤਿਆਂ ਦੀ ਰੋਕਥਾਮ ਅਤੇ ਉਨ੍ਹਾਂ ਦੀ ਨਸਬੰਦੀ ਕਰਵਾਉਣ ਲਈ ਪਸ਼ੂ ਪਾਲਣ ਵਿਭਾਗ ਦੇ ਨਾਲ ਇਕਰਰਨਾਮਾ ਕੀਤਾ ਗਿਆ ਹੈ। ਪਸ਼ੂ ਪਾਲਣ ਡਿਸਪੈਂਸਰੀ ਵਿਚ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ, ਜਿਸ ਨਾਲ ਹੌਲੀ-ਹੌਲੀ ਅਵਾਰਾ ਕੁੱਤਿਆਂ ਤੋਂ ਛੁਟਕਾਰਾ ਮਿਲੇਗਾ। ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ 100 ਸੀ.ਸੀ.ਟੀ.ਵੀ ਕੈਮਰੇ ਲਗਾਏ ਜਾ ਰਹੇ ਹਨ, ਜਿਸ ’ਤੇ 464 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਹੁਸ਼ਿਆਰਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਸਿੰਗਲ ਯੂਜ਼ ਪਲਾਸਟਿਕ ਦਾ ਮੁਕੰਮਲ ਤੌਰ ’ਤੇ ਪ੍ਰਯੋਗ ਨਾ ਕੀਤਾ ਜਾਵੇ ਅਤੇ ਇਸ ਪਲਾਸਟਿਕ ਰੂਪੀ ਰਾਖਸ਼ ਤੋਂ ਵਾਤਾਵਰਣ ਨੂੰ ਬਚਾਉਣ ਲਈ ਆਪਣਾ ਯੋਗਦਾਨ ਅਤੇ ਆਪਣੇ ਬੱਚਿਆਂ ਨੂੰ ਭਵਿੱਖ ਵਿਚ ਇਕ ਸਵੱਛ ਅਤੇ ਤੰਦਰੁਸਤ ਵਾਤਾਵਰਣ ਦੇਣ ਲਈ ਨਗਰ ਨਿਗਮ ਨੂੰ ਸਹਿਯੋਗ ਦਿੱਤਾ ਜਾਵੇ।