05 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): ਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ। ਇਹ ਮੌਸਮ ਨਾ ਸਿਰਫ਼ ਕਈ ਸਿਹਤ ਸਮੱਸਿਆਵਾਂ ਨੂੰ ਨਾਲ ਲਿਆਉਂਦਾ ਹੈ, ਸਗੋਂ ਘਰ ਵਿਚ ਮੱਛਰਾਂ ਤੇ ਹੋਰ ਕੀੜੇ-ਮਕੌੜਿਆਂ ਦਾ ਆਉਣਾ ਵੀ ਸ਼ੁਰੂ ਹੋ ਜਾਂਦਾ ਹੈ। ਇਸ ਦੌਰਾਨ ਕੀੜੀਆਂ ਵੀ ਆਉਣ ਲੱਗਦੀਆਂ ਹਨ। ਹਾਲਾਂਕਿ ਇਨ੍ਹਾਂ ਦਾ ਆਉਣਾ ਆਮ ਹੈ, ਪਰ ਇਹ ਖਾਣ-ਪੀਣ ਦੀਆਂ ਚੀਜ਼ਾਂ ਨੂੰ ਖਰਾਬ ਕਰ ਦਿੰਦੀਆਂ ਹਨ, ਜਿਸ ਨਾਲ ਸਮੱਸਿਆ ਵੱਧ ਸਕਦੀ ਹੈ।
ਕੀੜੀਆਂ ਕਈ ਵਾਰੀ ਕੱਪੜਿਆਂ ‘ਚ ਵੀ ਵੜ ਜਾਂਦੀਆਂ ਹਨ, ਜਿਸ ਨਾਲ ਇਨ੍ਹਾਂ ਨੂੰ ਪਹਿਨਣ ‘ਤੇ ਕੱਟ ਸਕਦੀਆਂ ਹਨ। ਇਸ ਨਾਲ ਸਕਿੰਨ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕਿਹਾ ਜਾਂਦਾ ਹੈ ਕਿ ਜੇ ਘਰ ‘ਚ ਸਾਫ਼-ਸਫਾਈ ਰੱਖੀ ਜਾਵੇ ਤਾਂ ਕੀੜੀਆਂ ਦਾ ਆਉਣਾ ਘਟ ਸਕਦਾ ਹੈ। ਖਾਣ-ਪੀਣ ਦੀਆਂ ਚੀਜ਼ਾਂ ਨੂੰ ਢਕ ਕੇ ਰੱਖਣਾ ਚਾਹੀਦਾ ਹੈ। ਇਸ ਦੇ ਬਾਵਜੂਦ ਜੇਕਰ ਕੀੜੀਆਂ ਘਰ ‘ਚੋਂ ਗਾਇਬ ਨਹੀਂ ਹੋ ਰਹੀਆਂ ਤਾਂ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸ ਰਹੇ ਹਾਂ ਜੋ ਬਹੁਤ ਲਾਭਦਾਇਕ ਹੋ ਸਕਦੇ ਹਨ। ਆਓ ਜਾਣੀਏ ਕੀੜੀਆਂ ਨੂੰ ਘਰੋਂ ਭਜਾਉਣ ਦੇ ਕੁਝ ਘਰੇਲੂ ਨੁਸਖਿਆਂ ਬਾਰੇ:
ਨਿੰਬੂ ਤੇ ਪਾਣੀ ਦੀ ਸਪਰੇਅ
ਨਿੰਬੂ ਦੀ ਖੁਸ਼ਬੂ ਤੇ ਉਸਦਾ ਖੱਟਾਪਣ ਕੀੜੀਆਂ ਨੂੰ ਬਿਲਕੁਲ ਪਸੰਦ ਨਹੀਂ ਆਉਂਦਾ। ਇਸ ਲਈ, ਤੁਸੀਂ ਸਪਰੇਅ ਬੋਤਲ ‘ਚ ਪਾਣੀ ਭਰ ਲਓ ਤੇ ਉਸ ਵਿਚ ਨਿੰਬੂ ਦਾ ਰਸ ਮਿਲਾ ਕੇ ਕੀੜੀਆਂ ਦੇ ਆਉਣ ਵਾਲੇ ਰਸਤੇ, ਕੋਣਿਆਂ ਤੇ ਬੂਹੇ-ਬਾਰੀਆਂ ‘ਤੇ ਸਪਰੇਅ ਕਰ ਦਿਉ। ਇਹ ਉਪਾਅ ਕੁਦਰਤੀ ਹੈ ਤੇ ਰਸੋਈ ‘ਚ ਵੀ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਇਸਨੂੰ ਰੋਜ਼ਾਨਾ ਕਰਨਾ ਪਵੇਗਾ ਤਾਂ ਜੋ ਸਾਰੀਆਂ ਕੀੜੀਆਂ ਘਰੋਂ ਦੂਰ ਚਲੀਆਂ ਜਾਣ।
ਸਿਰਕਾ ਵੀ ਕਾਰਗਰ
ਚਿੱਟਾ ਸਿਰਕਾ ਵੀ ਕੀੜਈਆਂ ਨੂੰ ਭਜਾਉਣ ‘ਚ ਬੇਹੱਦ ਅਸਰਦਾਰ ਹੁੰਦਾ ਹੈ। ਬਰਾਬਰ ਮਾਤਰਾ ‘ਚ ਪਾਣੀ ਤੇ ਸਿਰਕਾ ਮਿਲਾ ਕੇ ਸਪਰੇਅ ਬੋਤਲ ‘ਚ ਭਰ ਲਓ। ਫਿਰ ਜਿੱਥੇ-ਜਿੱਥੇ ਕੀੜੀਆਂ ਨਜ਼ਰ ਆਉਂਦੀਆਂ ਹਨ ਜਾਂ ਜਿਨ੍ਹਾਂ ਰਸਤੇ ਕੀੜੀਆਂ ਆਉਂਦੀਆਂ ਹਨ, ਉਥੇ ਇਸਨੂੰ ਸਪਰੇਅ ਕਰ ਦਿਓ। ਇਸ ਨਾਲ ਉਨ੍ਹਾਂ ਦੀ ਖੁਸ਼ਬੂ ਦੀ ਲਾਈਨ ਟੁੱਟ ਜਾਂਦੀ ਹੈ ਤੇ ਉਹ ਦੁਬਾਰਾ ਉਸ ਰਸਤੇ ਨਹੀਂ ਆਉਂਦੀਆਂ।
ਹਿੰਗ ਦਾ ਪਾਣੀ
ਇਕ ਗਿਲਾਸ ਕੋਸੇ ਪਾਣੀ ‘ਚ ਲਗਪਗ ਅੱਧਾ ਚਮਚ ਹਿੰਗ ਦਾ ਪਾਊਡਰ ਮਿਲਾ ਲਓ। ਹੁਣ ਜਿੱਥੇ ਕੀੜੀਆਂ ਦਾ ਆਉਣਾ-ਜਾਣਾ ਜ਼ਿਆਦਾ ਹੁੰਦਾ ਹੈ, ਉਥੇ ਇਸਨੂੰ ਸਪਰੇਅ ਕਰ ਦਿਉ। ਇਸਨੂੰ ਦਿਨ ਵਿਚ ਇਕ ਦੋ ਵਾਰੀ ਦੁਹਰਾਉਣਾ ਹੈ, ਜਦ ਤਕ ਕੀੜੀਆਂ ਪੂਰੀ ਤਰ੍ਹਾਂ ਚਲੀਆਂ ਨਾ ਜਾਣ।
ਦਾਲਚੀਨੀ ਜਾਂ ਲੌਂਗ ਰੱਖੋ
ਤੁਹਾਨੂੰ ਦੱਸ ਦਈਏ ਕਿ ਕੀੜੀਆਂ ਨੂੰ ਤੇਜ਼ ਖੁਸ਼ਬੂ ਵਾਲੀਆਂ ਚੀਜ਼ਾਂ ਪਸੰਦ ਨਹੀਂ ਆਉਂਦੀਆਂ। ਇਸ ਲਈ, ਤੁਸੀਂ ਜਿੱਥੋਂ ਕੀੜੀਆਂ ਆਉਂਦੀਆਂ ਹਨ, ਉਨ੍ਹਾਂ ਰਸਤਿਆਂ ‘ਤੇ ਦਾਲਚੀਨੀ ਦੀ ਸਟਿੱਕ ਜਾਂ ਪਾਊਡਰ ਅਤੇ ਲੌਂਗ ਵੀ ਰੱਖ ਸਕਦੇ ਹੋ। ਇਸ ਨਾਲ ਨਾ ਸਿਰਫ਼ ਕੀੜੀਆਂ ਦੂਰ ਰਹਿਣਗੀਆਂ, ਸਗੋਂ ਘਰ ‘ਚ ਹਲਕੀ-ਹਲਕੀ ਖੁਸ਼ਬੂ ਵੀ ਬਣੀ ਰਹੇਗੀ।
ਘਰ ਨੂੰ ਸਾਫ਼ ਤੇ ਸੁੱਕਾ ਰੱਖੋ
ਕੀੜੀਆਂ ਅਕਸਰ ਉਥੇ ਆਉਂਦੀਆਂ ਹਨ ਜਿੱਥੇ ਗੰਦਗੀ ਹੁੰਦੀ ਹੈ। ਇਸ ਲਈ, ਘਰ ਨੂੰ ਸਾਫ਼ ਤੇ ਸੁੱਕਾ ਰੱਖੋ। ਰੋਜ਼ਾਨਾ ਝਾੜੂ-ਪੋਚਾ ਕਰੋ। ਧਿਆਨ ਰੱਖੋ ਕਿ ਖਾਣ-ਪੀਣ ਦੀਆਂ ਚੀਜ਼ਾਂ ਢੱਕ ਕੇ ਰੱਖੀਆਂ ਹੋਣ।
ਸੰਖੇਪ: ਲਾਲ ਤੇ ਕਾਲੀਆਂ ਕੀੜੀਆਂ ਨੂੰ ਘਰ ਤੋਂ ਦੂਰ ਕਰਨ ਲਈ ਇਹ 5 ਘਰੇਲੂ ਨੁਸਖੇ ਹਨ ਬਹੁਤ ਪ੍ਰਭਾਵਸ਼ਾਲੀ।