RCB

10 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਰਾਇਲ ਚੈਲੇਂਜਰਜ਼ ਬੰਗਲੁਰੂ ਨੇ ਸੋਮਵਾਰ ਨੂੰ ਕਰਨਾਟਕ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਐਮ ਚਿੰਨਾਸਵਾਮੀ ਸਟੇਡੀਅਮ ਭਗਦੜ ਘਟਨਾ ਵਿੱਚ ਆਪਣੇ ਖ਼ਿਲਾਫ਼ ਦਰਜ ਅਪਰਾਧਿਕ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਭਿਆਨਕ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ ਸੀ।

ਗ਼ੌਰਤਲਬ ਹੈ ਕਿ ਸਟੇਡੀਅਮ ਵਿਚ ਜੇਤੂ ਸਮਾਗਮ ਦਾ ਪ੍ਰਬੰਧਕ ਕਰਨ ਵਾਲੀ ਫ਼ਰਮ ਡੀਐਨਏ ਐਂਟਰਟੇਨਮੈਂਟ ਨੈੱਟਵਰਕਸ ਪ੍ਰਾਈਵੇਟ ਲਿਮਟਿਡ (DNA Entertainment Networks Pvt Ltd) ਨੇ ਵੀ ਆਪਣੇ ਵਿਰੁੱਧ ਐਫਆਈਆਰ ਨੂੰ ਚੁਣੌਤੀ ਦੇਣ ਲਈ ਇੱਕ ਵੱਖਰੀ ਪਟੀਸ਼ਨ ਦਾਇਰ ਕੀਤੀ ਹੈ।

ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਮਾਲਕ ਕੰਪਨੀ ਰਾਇਲ ਚੈਲੇਂਜਰਜ਼ ਸਪੋਰਟਸ ਲਿਮਟਿਡ (Royal Challengers Sports Limited – RCSL) ਨੇ ਦਲੀਲ ਦਿੱਤੀ ਹੈ ਕਿ ਉਸਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਹੈ।

ਪਟੀਸ਼ਨ ਅਨੁਸਾਰ ਆਰਸੀਐਸਐਲ ਨੇ ਦਾਅਵਾ ਕੀਤਾ ਕਿ ਉਸ ਨੇ ਸੋਸ਼ਲ ਮੀਡੀਆ ‘ਤੇ ਸਪੱਸ਼ਟ ਤੌਰ ‘ਤੇ ਦੱਸਿਆ ਸੀ ਕਿ ਸਿਰਫ ਸੀਮਤ ਪਾਸ ਹੀ ਉਪਲਬਧ ਸਨ। ਇਸ ਨੇ ਇਹ ਵੀ ਕਿਹਾ ਕਿ ਮੁਫਤ ਪਾਸਾਂ ਲਈ ਵੀ ਦਾਖ਼ਲੇ ਵਾਸਤੇ ਅਗਾਉੂਂ-ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਸੀ।

ਇਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸਟੇਡੀਅਮ ਦੇ ਗੇਟ, ਜੋ ਦੁਪਹਿਰ 1.45 ਵਜੇ ਖੁੱਲ੍ਹਣੇ ਸਨ, ਅਸਲ ਵਿੱਚ ਸਿਰਫ ਦੁਪਹਿਰ 3 ਵਜੇ ਹੀ ਖੋਲ੍ਹੇ ਗਏ ਸਨ, ਜਿਸ ਕਾਰਨ ਭੀੜ ਵਿੱਚ ਵਾਧਾ ਹੋਇਆ।

ਇਵੈਂਟ ਪ੍ਰਬੰਧਨ ਫਰਮ ਦੇ ਅਨੁਸਾਰ, ਇਹ ਘਟਨਾ ਪੁਲੀਸ ਵੱਲੋਂ ਭੀੜ ਪ੍ਰਬੰਧਨ ਵਿੱਚ ਅਸਫਲਤਾ ਕਾਰਨ ਵਾਪਰੀ ਹੈ। ਹਾਈ ਕੋਰਟ ਵੱਲੋਂ ਮਾਮਲੇ ਦੀ ਸੁਣਵਾਈ ਅੱਜ ਹੀ ਕੀਤੇ ਜਾਣ ਦੀ ਉਮੀਦ ਹੈ। 

ਸੰਖੇਪ: RCB ਵੱਲੋਂ ਫ਼ੌਜਦਾਰੀ ਕੇਸ ਰੱਦ ਕਰਵਾਉਣ ਲਈ ਹਾਈ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਗਈ ਹੈ। ਟੀਮ ਨੇ ਕਾਨੂੰਨੀ ਰਾਹਾਂ ਦੀ ਪਾਲਣਾ ਕਰਦਿਆਂ ਨਿਆਂ ਦੀ ਮੰਗ ਕੀਤੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।