Ravinder Mand

28 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਬਹੁ-ਪੱਖੀ ਅਦਾਕਾਰ ਰਵਿੰਦਰ ਮੰਡ, ਜੋ ਰਿਲੀਜ਼ ਹੋਣ ਜਾ ਰਹੀ ਪੰਜਾਬੀ ਪੀਰੀਅਡ ਫਿਲਮ ‘ਗੁਰੂ ਨਾਨਕ ਜਹਾਜ਼’ ਨੂੰ ਲੈ ਕੇ ਇੱਕ ਵਾਰ ਮੁੜ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ, ਜੋ ਇਸ ਪ੍ਰਭਾਵਪੂਰਨ ਫਿਲਮ ਵਿੱਚ ਇੱਕ ਨਵੇਂ ਅਵਤਾਰ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ।

‘ਵਿਹਲੀ ਜਨਤਾ ਫਿਲਮਜ਼’ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਅਤੇ ਵੱਡੇ ਪੱਧਰ ਉਪਰ ਦੇਸ਼-ਵਿਦੇਸ਼ ਵਿੱਚ ਰਿਲੀਜ਼ ਹੋਣ ਜਾ ਰਹੀ ਉਕਤ ਸ਼ਾਨਦਾਰ ਫਿਲਮ ਦਾ ਨਿਰਮਾਣ ਮਨਪ੍ਰੀਤ ਜੌਹਲ, ਜਦ ਕਿ ਨਿਰਦੇਸ਼ਨ ਸ਼ਰਨ ਆਰਟ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ‘ਰੱਬ ਦਾ ਰੇਡਿਓ 2’ ਅਤੇ ‘ਮਸਤਾਨੇ’ ਜਿਹੀਆਂ ਬਿਹਤਰੀਨ ਅਤੇ ਕਾਮਯਾਬ ਪੰਜਾਬੀ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।

ਪੰਜਾਬ ਤੋਂ ਇਲਾਵਾ ਜਿਆਦਾਤਰ ਕੈਨੇਡਾ ਦੇ ਵੈਨਕੂਵਰ ਅਤੇ ਇਸੇ ਅਧੀਨ ਆਉਂਦੇ ਬ੍ਰਿਟਿਸ਼ ਕੋਲੰਬੀਆ ਖਿੱਤੇ ਵਿੱਚ ਫਿਲਮਾਈ ਗਈ ਇਸ ਫਿਲਮ ਤਰਸੇਮ ਜੱਸੜ ਅਤੇ ਗੁਰਪ੍ਰੀਤ ਘੁੱਗੀ ਵੱਲੋਂ ਲੀਡਿੰਗ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ, ਜਿੰਨ੍ਹਾਂ ਨਾਲ ਹੀ ਕਾਫ਼ੀ ਚੁਣੌਤੀਪੂਰਨ ਭੂਮਿਕਾ ਨੂੰ ਅੰਜ਼ਾਮ ਦਿੰਦੇ ਨਜ਼ਰ ਆਉਣਗੇ ਅਦਾਕਾਰ ਰਵਿੰਦਰ ਮੰਡ, ਜੋ ਅਪਣੀ ਇਸ ਅਹਿਮ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਪਾਲੀਵੁੱਡ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਇਸ ਹੋਣਹਾਰ ਅਦਾਕਾਰ ਅਨੁਸਾਰ ਪੰਜਾਬੀਆਂ ਦੇ ਹੌਂਸਲੇ ਅਤੇ ਅਪਣੀਆਂ ਕੌਮਾਂ ਲਈ ਮਰ ਮਿਟ ਜਾਣ ਵਾਲੇ ਜਜ਼ਬੇ ਨੂੰ ਬਿਆਨ ਕਰਦੀ ਇਸ ਫਿਲਮ ਵਿੱਚ ਉਨ੍ਹਾਂ ਨੂੰ ਬੇਹੱਦ ਸ਼ਾਨਮੱਤਾ ਅਤੇ ਅਜਿਹਾ ਕਿਰਦਾਰ ਅਦਾ ਕਰਨ ਦਾ ਅਵਸਰ ਮਿਲਿਆ ਹੈ, ਜੋ ਉਨ੍ਹਾਂ ਦੇ ਕਰੀਅਰ ਲਈ ਇੱਕ ਅਨੂਠਾ ਤਜ਼ਰਬਾ ਅਤੇ ਯਾਦਗਾਰੀ ਅਨੁਭਵ ਰਿਹਾ ਹੈ।

ਹਾਲ ਹੀ ਵਿੱਚ ਰਿਲੀਜ਼ ਹੋਈਆਂ ਕਈ ਵੱਡੀਆਂ ਅਤੇ ਸਫ਼ਲ ਫਿਲਮਾਂ ਵਿੱਚ ਅਪਣੀ ਅਦਾਕਾਰੀ ਕਲਾ ਦਾ ਲੋਹਾ ਮਨਵਾਉਣ ‘ਚ ਸਫ਼ਲ ਰਹੇ ਹਨ ਇਹ ਬਾਕਮਾਲ ਅਦਾਕਾਰ, ਜੋ ਅਗਾਮੀ ਦਿਨੀਂ ਸਾਹਮਣੇ ਆਉਣ ਵਾਲੀਆਂ ਕੁਝ ਹੋਰ ਫਿਲਮਾਂ ਵਿੱਚ ਵੀ ਅਪਣੀ ਉਮਦਾ ਅਦਾਕਾਰੀ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ।

ਸੰਖੇਪ: ਮਸ਼ਹੂਰ ਅਦਾਕਾਰ ਰਵਿੰਦਰ ਮੰਡ ਫਿਲਮ ‘ਗੁਰੂ ਨਾਨਕ ਜਹਾਜ਼’ ਵਿੱਚ ਇੱਕ ਮਹੱਤਵਪੂਰਨ ਅਤੇ ਖਾਸ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਦਰਸ਼ਕ ਉਨ੍ਹਾਂ ਦੀ ਨਵੀਂ ਅਦਾਕਾਰੀ ਰੂਪ ਵਿੱਚ ਇੱਕ ਵੱਖਰਾ ਰੂਪ ਵੇਖਣਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।