24 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬੀ ਸਿਨੇਮਾ, ਰੰਗਮੰਚ ਅਤੇ ਸਾਹਿਤਕ ਖੇਤਰ ਦੇ ਅਨਿਖੜਵਾਂ ਹਿੱਸਾ ਬਣ ਚੁੱਕੇ ਹਨ ਬਹੁ-ਪੱਖੀ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਰਾਣਾ ਰਣਬੀਰ, ਜੋ ਲੇਖਣ, ਨਿਰਦੇਸ਼ਨ ਅਤੇ ਅਦਾਕਾਰੀ ਤੋਂ ਬਾਅਦ ਹੁਣ ਬਤੌਰ ਗੀਤਕਾਰ ਵੀ ਸਾਹਮਣੇ ਆਉਣ ਜਾ ਰਹੇ ਹਨ, ਜਿੰਨ੍ਹਾਂ ਦੀ ਬਿਹਤਰੀਨ ਕਲਮਬੱਧਤਾ ਦਾ ਇਜ਼ਹਾਰ ਕਰਵਾਉਂਦਾ ਗੀਤ ‘ਇਤਰੀ ਬਾਤਾਂ’ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਹੋਵੇਗਾ।
‘ਹਸਰਤ ਮਿਊਜ਼ਿਕ’ ਦੇ ਲੇਬਲ ਅਧੀਨ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਉਕਤ ਭਾਵਪੂਰਨ ਗੀਤ ਨੂੰ ਅਵਾਜ਼ ਨੌਜਵਾਨ ਅਤੇ ਉਭਰਦੇ ਗਾਇਕ ਹਸਰਤ ਵੱਲੋਂ ਦਿੱਤੀ ਗਈ ਹੈ, ਜਿੰਨ੍ਹਾਂ ਦੁਆਰਾ ਇਸ ਗਾਣੇ ਦੀ ਆਹਲਾ ਸੰਗੀਤਬੱਧਤਾ ਨੂੰ ਵੀ ਖੁਦ ਹੀ ਅੰਜ਼ਾਮ ਦਿੱਤਾ ਗਿਆ ਹੈ।
ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਅਤੇ ਦਿਲੀ ਖਵਾਹਿਸ਼ਾਂ, ਉਮੰਗਾਂ, ਚਾਵਾਂ ਨੂੰ ਬਿਆਨ ਕਰਦੇ ਉਕਤ ਗਾਣੇ ਨੂੰ ਬੇਹੱਦ ਖੂਬਸੂਰਤ ਅਲਫਾਜ਼ਾਂ ਅਧੀਨ ਬੁਣਿਆ ਗਿਆ ਹੈ। ਹਾਲ ਹੀ ਵਿੱਚ ਅਪਣੇ ਮੰਚਿਤ ਅਤੇ ਸੰਯੋਜਿਤ ਕੀਤੇ ਜਾ ਰਹੇ ਨਾਟਕ ‘ਮਾਸਟਰ ਜੀ’ ਨੂੰ ਕੇ ਵੀ ਖਾਸੀ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਰਾਣਾ ਰਣਬੀਰ, ਜਿੰਨ੍ਹਾਂ ਦੇ ਇਸ ਸੰਦੇਸ਼ਕ ਨਾਟਕ ਨੂੰ ਕੈਨੇਡਾ, ਅਮਰੀਕਾ, ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ ਸਮੇਤ ਵੱਖ-ਵੱਖ ਮੁਲਕਾਂ ਵਿੱਚ ਖਾਸਾ ਪਸੰਦ ਕੀਤਾ ਗਿਆ ਹੈ।
ਸਾਲ 2018 ਵਿੱਚ ਰਿਲੀਜ਼ ਹੋਈ ਅਰਥ-ਭਰਪੂਰ ਪੰਜਾਬੀ ਫਿਲਮ ‘ਅਸੀਸ’ ਨਾਲ ਨਿਰਦੇਸ਼ਨ ਦੇ ਖੇਤਰ ਵਿੱਚ ਵੀ ਪ੍ਰਭਾਵੀ ਉਪ-ਸਥਿਤੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਹਨ ਰਾਣਾ ਰਣਬੀਰ, ਜਿੰਨ੍ਹਾਂ ਵੱਲੋਂ ਇਸ ਤੋਂ ਬਾਅਦ ਵੀ ਕਈ ਆਫ-ਬੀਟ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕੀਤਾ ਜਾ ਚੁੱਕਾ ਹੈ, ਜਿੰਨ੍ਹਾਂ ਵਿੱਚ ‘ਪੋਸਤੀ’ ਅਤੇ ‘ਸਨੋਅ ਮੈਨ’ ਆਦਿ ਵੀ ਸ਼ੁਮਾਰ ਰਹੀਆਂ ਹਨ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬਤੌਰ ਅਦਾਕਾਰ ਕੀਤੀਆਂ ਹਾਲੀਆ ਫਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ ‘ਅਪਣੇ ਘਰ ਬੇਗਾਨੇ’, ‘ਜੱਟ ਐਂਡ ਜੂਲੀਅਟ 3’ ਆਦਿ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬੇਹੱਦ ਸਰਾਹਿਆ ਗਿਆ ਹੈ।
ਸੰਖੇਪ: ਰਾਣਾ ਰਣਬੀਰ ਹੁਣ ਗੀਤਕਾਰੀ ਵਿੱਚ ਹੱਥ ਅਜ਼ਮਾਉਣ ਜਾ ਰਹੇ ਹਨ। ਜਲਦੀ ਹੀ ਉਹ ਇੱਕ ਭਾਵਨਾਤਮਕ ਗੀਤ ਲੈ ਕੇ ਆ ਰਹੇ ਹਨ।