2 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ ) : ਪੰਜਾਬੀ ਫਿਲਮ ਉਦਯੋਗ ਵਿੱਚ ਐਕਸਪੈਰੀਮੈਂਟਲ ਅਤੇ ਕੰਟੈਂਟ ਆਧਾਰਿਤ ਫਿਲਮਾਂ ਦੀ ਜਾਰੀ ਲੜੀ ਨੂੰ ਹੀ ਹੋਰ ਪ੍ਰਭਾਵੀ ਨਕਸ਼ ਦੇਣ ਜਾ ਰਹੀ ਹੈ ਪੰਜਾਬੀ ਫਿਲਮ ‘ਰੱਦੀ ਬੰਦੇ’, ਜੋ ਕਰ ਦਿੱਤੀ ਗਈ ਰਸਮੀ ਅਨਾਊਂਸਮੈਂਟ ਤੋਂ ਬਾਅਦ ਸ਼ੂਟਿੰਗ ਆਗਾਜ਼ ਵੱਲ ਵੱਧ ਚੁੱਕੀ ਹੈ, ਜਿਸ ਦੁਆਰਾ ਓਟੀਟੀ ਖੇਤਰ ਦਾ ਚਰਚਿਤ ਚਿਹਰਾ ਬਣਦੇ ਜਾ ਰਹੇ ਅਤੇ ‘ਸ਼ਾਹੀ ਮਾਜਰਾ’ ਅਤੇ ‘ਯਾਰ ਚੱਲੇ ਬਾਹਰ’ ਫੇਮ ਅਦਾਕਾਰ ਗੈਵੀ ਡਸਕਾ ਲੀਡ ਭੂਮਿਕਾ ਅਦਾ ਕਰਨ ਜਾ ਰਹੇ ਹਨ।
ਪਾਲੀਵੁੱਡ ਗਲਿਆਰਿਆਂ ਵਿੱਚ ਬਤੌਰ ਲੇਖਕ ਚੌਖੀ ਭੱਲ ਸਥਾਪਿਤ ਕਰਦੇ ਜਾ ਰਹੇ ਲੇਖਕ ਗੁਰਪ੍ਰੀਤ ਸਹਿਜੀ ਵੱਲੋਂ ਲਿਖੀ ਅਤੇ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਅਰੁਣ ਚੌਧਰੀ ਕਰਨ ਜਾ ਰਹੇ ਹਨ, ਜੋ ਇਸ ਫਿਲਮ ਨਾਲ ਪੰਜਾਬੀ ਸਿਨੇਮਾ ਖਿੱਤੇ ਵਿੱਚ ਬਤੌਰ ਨਿਰਦੇਸ਼ਕ ਆਪਣੀ ਨਵੀਂ ਅਤੇ ਪ੍ਰਭਾਵੀ ਪਾਰੀ ਦੀ ਸ਼ੁਰੂਆਤ ਕਰਨਗੇ।
ਆਫ ਬੀਟ ਸਿਰਜਨਾਤਮਕਤਾ ਸਾਂਚੇ ਵਿੱਚ ਢਾਲੀ ਜਾ ਰਹੀ ਉਕਤ ਫਿਲਮ ਦੀ ਸਟਾਰ-ਕਾਸਟ ਵਿੱਚ ਗੈਵੀ ਡਸਕਾ ਤੋਂ ਇਲਾਵਾ ਸੁਖਮਨ ਭੰਗਲ, ਮਹਾਂਬੀਰ ਭੁੱਲਰ, ਮਲਕੀਤ ਰੌਣੀ, ਗੁਰਪ੍ਰੀਤ ਤੋਤੀ, ਸਮਰੀਤ ਬਾਜਵਾ, ਨੀਲ ਬੈਦਵਾਨ, ਕੁਸ਼ਲ ਸਿੰਘ, ਪਰਮਿੰਦਰ ਗਿੱਲ ਵੀ ਸ਼ਾਮਿਲ ਹਨ, ਜਿੰਨ੍ਹਾਂ ਤੋਂ ਇਲਾਵਾ ਉਕਤ ਅਰਥ-ਭਰਪੂਰ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਬਿਹਤਰੀਨ ਕਹਾਣੀ ਸਾਰ ਅਧੀਨ ਬੁਣੀ ਜਾ ਰਹੀ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਰਵੀ ਰੰਧਾਵਾ, ਕ੍ਰਿਏਟਿਵ ਨਿਰਮਾਤਾ ਸਤਵੀਰ ਤੂਰ, ਕਾਰਜਕਾਰੀ ਨਿਰਮਾਤਾ ਸੁਖ ਸਿੰਘ, ਐਸੋਸੀਏਟ ਨਵੀਂ ਰੁੜਕਾ, ਅਰਮਾਨ ਵਧਵਾ ਅਤੇ ਬੈਕਗਰਾਊਂਡ ਸਕੋਰਰ ਸੇਜੀ ਢਿੱਲੋਂ ਹਨ।
ਮਾਲਵਾ ਦੇ ਸਰਹੱਦੀ ਜਿਲ੍ਹੇ ਸ਼੍ਰੀ ਮੁਕਤਸਰ ਸਾਹਿਬ ਨਾਲ ਸੰਬੰਧਤ ਲੇਖਕ ਗੁਰਪ੍ਰੀਤ ਸਹਿਜੀ ਅੱਜਕੱਲ੍ਹ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਕਾਫ਼ੀ ਕਾਰਜਸ਼ੀਲ ਨਜ਼ਰ ਆ ਰਹੇ ਹਨ, ਜਿੰਨ੍ਹਾਂ ਵੱਲੋਂ ਲਿਖੀ ਅਤੇ ਜਿੰਮੀ ਸ਼ੇਰਗਿੱਲ ਸਟਾਰਰ ਇੱਕ ਹੋਰ ਬਹੁ-ਚਰਚਿਤ ਪੰਜਾਬੀ ਫਿਲਮ ‘ਮਾਂ ਜਾਏ’ ਜਿੱਥੇ ਸੰਪੂਰਨਤਾ ਵੱਲ ਵੱਧ ਚੁੱਕੀ ਹੈ, ਉੱਥੇ ਦੇਵ ਖਰੌੜ ਸਟਾਰਰ ‘ਅਰਜਨ ਵੈਲੀ’ ਵੀ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਪ੍ਰਸਿੱਧ ਨਿਰਦੇਸ਼ਕ ਮਨਦੀਪ ਬੈਨੀਪਾਲ ਕਰਨਗੇ।
ਸੰਖੇਪ: ਅਦਾਕਾਰ ਗੈਵੀ ਡਸਕਾ ਦੀ ਨਵੀਂ ਪੰਜਾਬੀ ਫਿਲਮ “ਰੱਦੀ ਬੰਦੇ” ਦਾ ਐਲਾਨ ਹੋਇਆ। ਇਸ ਫਿਲਮ ਵਿੱਚ ਨਵੀਂ ਕਹਾਣੀ ਅਤੇ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲੇਗੀ।