ਜੈਤੋ, 26 ਮਾਰਚ (ਪੰਜਾਬੀ ਖ਼ਬਰਨਾਮਾ) : ਅੱਜ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਮੁੱਖ ਦਫਤਰ ਜੈਤੋ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਸਪ੍ਰੀਤ ਸਿੰਘ ਧਾਲੀਵਾਲ, ਸ਼ਮਿੰਦਰ ਸਿੰਘ ਢਿੱਲੋ ਅਤੇ ਪ੍ਰਮੋਦ ਧੀਰ ਨੇ ਦੱਸਿਆ ਕਿ 20 ਮਾਰਚ ਤੋਂ 24 ਮਾਰਚ 2024 ਤੱਕ ਇਜਿਪਟ ਵਿਖੇ ਚੱਲ ਰਹੀ ਈ ਆਈ ਸ਼ੇਖ 2024 ਪੈਰਾ ਪਾਵਰ ਲਿਫਟਿੰਗ ਵਰਡ ਕੱਪ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਖਿਡਾਰੀ ਪਰਮਜੀਤ ਕੁਮਾਰ (ਸੰਨੀ) ਨੇ ਪੈਰਾ ਪਾਵਰ ਲਿਫਟਿੰਗ ਵਰਲਡ ਕੱਪ 2024 ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਪੈਰਾਲੰਪਿਕ ਗੇਮਜ਼ 2024 ਪੈਰਿਸ ਲਈ ਕੁਆਲੀਫਾਈ ਕਰਕੇ ਪੰਜਾਬ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਰੋਸ਼ਨ ਕੀਤਾ ਹੈ। ਪਰਮਜੀਤ ਕੁਮਾਰ (ਸੰਨੀ) ਪਹਿਲਾਂ ਵੀ ਪੈਰਾ ਪਾਵਰ ਲਿਫਟਿੰਗ ਵਿੱਚ ਪੰਜਾਬ ਲਈ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੈਡਲ ਜਿੱਤ ਚੁੱਕਾ ਹੈ। ਪਰਮਜੀਤ ਕੁਮਾਰ ਨੇ 49 ਕਿਲੋ ਭਾਰ ਵਰਗ ਵਿੱਚ ਖੇਡ ਕੇ 166 ਕਿਲੋ ਭਾਰ ਚੁੱਕ ਕੇ ਤਾਂਬੇ ਦਾ ਮੈਡਲ ਜਿੱਤਿਆ ਅਤੇ ਉਸ ਨੇ ਵਰਲਡ ਦੀ ਰੈਂਕਿੰਗ ਵਿੱਚ ਛੇਵੇਂ ਰੈਂਕ ਤੇ ਪਹੁੰਚ ਕੇ ਪੈਰਾਲੰਪਿਕ ਗੇਮਜ਼ 2024 ਪੈਰਿਸ ਵਿੱਚ ਖੇਡਣ ਲਈ ਭਾਰਤ ਵੱਲੋਂ ਆਪਣਾ ਸਥਾਨ ਪੱਕਾ ਕੀਤਾ।
ਉਹ ਪੰਜਾਬ ਦੇ ਜ਼ਿਲ੍ਹਾ ਜਲੰਧਰ, ਤਹਿਸੀਲ ਫਿਲੌਰ, ਪਿੰਡ ਹਰੀਪੁਰ ਖਾਲਸਾ ਦਾ ਰਹਿਣ ਵਾਲਾ ਹੈ। ਪਰਮਜੀਤ ਕੁਮਾਰ ਦੇ ਪਿਤਾ ਸ੍ਰੀ ਸ਼ਿੰਗਾਰਾ ਰਾਮ ਅਤੇ ਮਾਤਾ ਸ੍ਰੀਮਤੀ ਨਛੱਤਰ ਕੌਰ ਤੇ ਉਸ ਦੇ ਵੱਡੇ ਭਰਾ ਅਤੇ ਛੋਟੀ ਭੈਣ ਨੇ ਪਰਮਜੀਤ ਕੁਮਾਰ ਦੀ ਇਸ ਪ੍ਰਾਪਤੀ ਤੇ ਖੁਸ਼ੀ ਜਾਹਰ ਕੀਤੀ। ਪਰਮਜੀਤ ਕੁਮਾਰ ਇਸ ਸਮੇਂ ਗਾਂਧੀ ਨਗਰ ਗੁਜਰਾਤ ਵਿਖੇ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਅਧੀਨ ਆਪਣੇ ਅੰਤਰਰਾਸ਼ਟਰੀ ਪੈਰਾ ਪਾਵਰ ਲਿਫਟਿੰਗ ਕੋਚ ਰਜਿੰਦਰ ਸਿੰਘ ਰਹੇਲੂ ਤੋਂ ਕੋਚਿੰਗ ਲੈ ਰਿਹਾ ਹੈ।ਇਸ ਮੌਕੇ ਪੰਜਾਬ ਪੈਰਾ ਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ, ਡਾਕਟਰ ਰਮਨਦੀਪ ਸਿੰਘ, ਦਵਿੰਦਰ ਸਿੰਘ ਟਫੀ ਬਰਾੜ, ਇੰਡੀਆ ਟੀਮ ਦੇ ਅੰਤਰਰਾਸ਼ਟਰੀ ਪੈਰਾ ਪਾਵਰ ਲਿਫਟਿੰਗ ਕੋਚ ਰਜਿੰਦਰ ਸਿੰਘ ਰਹੇਲੂ, ਜਗਰੂਪ ਸਿੰਘ ਸੂਬਾ ਬਰਾੜ, ਅਮਨਦੀਪ ਸਿੰਘ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਜਸਇੰਦਰ ਸਿੰਘ, ਜਸਵੰਤ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਢਿੱਲੋ, ਕੁਲਦੀਪ ਸਿੰਘ ਆਦਿ ਨੇ ਸੰਨੀ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਸ ਨੂੰ ਪੈਰਾ ਓਲੰਪਿਕ ਗੇਮਜ਼ 2024 ਵਿੱਚ ਭਾਰਤ ਲਈ ਮੈਡਲ ਜਿੱਤ ਕੇ ਆਉਣ ਲਈ ਅਤੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
![](https://punjabikhabarnama.com/wp-content/uploads/2024/03/full150287.jpg)