ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 24 ਮਈ : ਭਾਰਤ ਦੀ ਸਟਾਰ ਮਹਿਲਾ ਸ਼ਟਲਰ ਪੀਵੀ ਸਿੰਧੂ ਨੇ ਸ਼ੁੱਕਰਵਾਰ ਨੂੰ ਮਲੇਸ਼ੀਆ ਮਾਸਟਰਜ਼ ਦੇ ਸੈਮੀਫਾਈਨਲ ‘ਚ ਐਂਟਰੀ ਕਰ ਲਈ ਹੈ। ਸਿੰਧੂ ਨੇ ਚੋਟੀ ਦਾ ਦਰਜਾ ਪ੍ਰਾਪਤ ਚੀਨ ਦੀ ਹਾਨ ਯੂ ਨੂੰ ਸਖਤ ਮੁਕਾਬਲੇ ‘ਚ ਹਰਾ ਕੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ। ਦੋ ਵਾਰ ਦੀ ਓਲੰਪਿਕ ਮੈਡਲਿਸਟ ਸਿੰਧੂ ਨੇ ਹਾਨ ਯੂ ਨੂੰ ਸਖ਼ਤ ਮੁਕਾਬਲੇ ‘ਚ 21-13, 14-21, 21-12 ਦੇ ਫਰਕ ਨਾਲ ਹਰਾਇਆ।
ਪੀਵੀ ਸਿੰਧੂ ਦਾ ਸਾਹਮਣਾ ਹੁਣ ਸੈਮੀਫਾਈਨਲ ਵਿਚ ਸਿੰਗਾਪੁਰ ਦੀ ਧੀ ਕੁਸੁਮਾ ਵਰਦਾਨੀ ਅਤੇ ਥਾਈਲੈਂਡ ਦੀ ਬੁਸਾਨਨ ਓਂਗਬਾਂਰੰਗਫਾਨ ਦੀ ਜੇਤੂ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਸਿੰਧੂ ਨੇ ਸਿਮ ਯੂ ਜਿਨ ਨੂੰ 21-13, 12-22, 21-14 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਸਿੰਧੂ ਚੀਨੀ ਸ਼ਟਲਰ ਖਿਲਾਫ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣ ‘ਚ ਕਾਮਯਾਬ ਰਹੀ।
ਮਹਾਨ ਭਾਰਤੀ ਸ਼ਟਲਰ ਸਿੰਧੂ
ਪੀਵੀ ਸਿੰਧੂ ਨੇ ਹਾਨ ਯੂ ਨੂੰ ਹਰਾ ਕੇ ਆਪਣੇ ਕਰੀਅਰ ਦੀ 452ਵੀਂ ਜਿੱਤ ਦਰਜ ਕੀਤੀ ਤੇ ਇਤਿਹਾਸ ਰਚ ਦਿੱਤਾ। ਸਿੰਧੂ ਨੇ ਕਿਸੇ ਵੀ ਭਾਰਤੀ ਸ਼ਟਲਰ ਤੋਂ ਵੱਧ ਜਿੱਤਾਂ ਹਾਸਲ ਕੀਤੀਆਂ ਹਨ। ਹੁਣ ਉਹ ਅਧਿਕਾਰਤ ਤੌਰ ‘ਤੇ ਭਾਰਤ ਦੀ ਸਰਵੋਤਮ ਸ਼ਟਲਰ ਬਣ ਗਈ ਹੈ। ਵਿਸ਼ਵ ਵਿਚ 15ਵੀਂ ਰੈਂਕਿੰਗ ਵਾਲੀ ਸਿੰਧੂ ਦਾ ਧਿਆਨ BWF ਖਿਤਾਬ ਜਿੱਤਣ ‘ਤੇ ਹੈ, ਜੋ ਉਸ ਨੇ ਆਖਰੀ ਵਾਰ 2022 ਵਿਚ ਜਿੱਤਿਆ ਸੀ। ਜ਼ਿਕਰਯੋਗ ਹੈ ਕਿ ਸਿੰਧੂ ਨੇ ਵਿਸ਼ਵ ਦੀ ਨੰਬਰ 6 ਹਾਨ ਯੂ ਦੇ ਖਿਲਾਫ ਮੈਚ ‘ਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੀ ਗੇਮ 21-13 ਨਾਲ ਜਿੱਤ ਕੇ ਆਪਣੇ ਹੱਕ ‘ਚ ਕਰ ਲਿਆ।
ਪੈਰਿਸ ਓਲੰਪਿਕ ‘ਚ ਸਿੰਧੂ ਤੋਂ ਉਮੀਦਾਂ
ਦੂਜੀ ਗੇਮ ‘ਚ ਸਿੰਧੂ ਦੀ ਹਾਲਤ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਕਿਤੇ ਉਹ ਮੈਚ ਹਾਰ ਨਾ ਜਾਵੇ ਪਰ ਭਾਰਤੀ ਸ਼ਟਲਰ ਨੇ ਤੀਜੀ ਗੇਮ ਵਿਚ ਜ਼ਬਰਦਸਤ ਵਾਪਸੀ ਕੀਤੀ ਤੇ ਹਾਨ ਯੂ ਨੂੰ 21-12 ਦੇ ਫ਼ਰਕ ਨਾਲ ਹਰਾਇਆ। ਸਿੰਧੂ ਕਿਸੇ ਵੀ ਕੀਮਤ ‘ਤੇ ਮਲੇਸ਼ੀਆ ਮਾਸਟਰਜ਼ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ, ਤਾਂ ਜੋ ਉਸ ਦਾ ਆਤਮ-ਵਿਸ਼ਵਾਸ ਵਾਪਸ ਆ ਸਕੇ। ਅਜਿਹਾ ਇਸ ਲਈ ਕਿਉਂਕਿ ਸਿੰਧੂ ਨੇ ਇਸ ਸਾਲ ਪੈਰਿਸ ਓਲੰਪਿਕ ‘ਚ ਹਿੱਸਾ ਲੈਣਾ ਹੈ ਤੇ ਦੇਸ਼ ਨੂੰ ਉਸ ਤੋਂ ਤਮਗੇ ਦੀ ਉਮੀਦ ਹੈ।