19 ਅਗਸਤ 2024 : ਦੇਹਰਾਦੂਨ: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਇੱਥੇ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨਾਲ ਮੁਲਾਕਾਤ ਕੀਤੀ ਅਤੇ ਪੈਰਿਸ ਓਲੰਪਿਕ ਵਿੱਚ ਉਸ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਧਾਮੀ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ਦੌਰਾਨ ਲਕਸ਼ੈ ਸੇਨ ਦੀ ਮਾਂ ਨਿਰਮਲਾ ਸੇਨ ਅਤੇ ਉਸ ਦੇ ਪਿਤਾ ਡੀਕੇ ਸੇਨ ਵੀ ਮੌਜੂਦ ਸਨ। ਅਲਮੋੜਾ ਜ਼ਿਲ੍ਹੇ ਦਾ ਮੂਲ ਵਾਸੀ 23 ਸਾਲਾ ਸੇਨ ਪੈਰਿਸ ਓਲੰਪਿਕ ਵਿੱਚ ਬੈਡਮਿੰਟਨ ਪੁਰਸ਼ ਸਿੰਗਲਜ਼ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪਹੁੰਚਿਆ ਸੀ। ਹਾਲਾਂਕਿ ਉਹ ਕਾਂਸੇ ਦੇ ਤਗ਼ਮੇ ਦੇ ਮੁਕਾਬਲੇ ਦੌਰਾਨ ਮਲੇਸ਼ੀਆ ਦੇ ਲੀ ਜ਼ੀ ਜੀਆ ਤੋਂ ਹਾਰ ਕੇ ਤਗ਼ਮੇ ਤੋਂ ਖੁੰਝ ਗਿਆ ਸੀ। ਪੁਸ਼ਕਰ ਸਿੰਘ ਧਾਮੀ ਨੇ ਲਕਸ਼ੈ ਨੂੰ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਸ ਨੂੰ ਪੂਰੀ ਲਗਨ ਨਾਲ ਖੇਡਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਸੂਬੇ ਦੇ ਲੋਕ ਲਕਸ਼ੈ ਸੇਨ ਦੇ ਨਾਲ ਹਨ।