Hoshiarpur(ਪੰਜਾਬੀ ਖ਼ਬਰਨਾਮਾ): ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਅੱਤੋਵਾਲ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਘਰ ਉਸ ਸਮੇਂ ਵੈਣ ਪੈਣੇ ਸ਼ੁਰੂ ਹੋ ਗਏ, ਜਦੋਂ ਵਿਦੇਸ਼ ‘ਚ ਰਹਿ ਰਹੇ 34 ਸਾਲਾ ਨੌਜਵਾਨ ਪੁੱਤ ਦੀ ਹੋਈ ਮੌਤ ਦੀ ਖ਼ਬਰ ਸੁਣਨ ਨੂੰ ਮਿਲੀ। ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਜੱਜ ਪੁੱਤਰ ਨਿਰਮਲ ਸਿੰਘ ਸਾਲ 2012 ‘ਚ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ, ਜਿਥੇ ਹੁਣ ਉਹ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਤੇ ਅਜੇ ਤੱਕ ਕੁਆਰਾ ਸੀ।
ਦੱਸਿਆ ਜਾ ਰਿਹਾ ਹੈ ਕਿ 23 ਅਪ੍ਰੈਲ ਨੂੰ ਅਮਰੀਕਾ ‘ਚ ਹੀ ਕਿਸੇ ਹੋਰ ਟਰੱਕ ਡਰਾਈਵਰ ਨਾਲ ਉਸ ਦੀ ਬਹਿਸ ਹੋ ਗਈ। ਉਸ ਟਰੱਕ ਡਰਾਈਵਰ ਨੇ ਆਪਣੀ ਗੰਨ ਨਾਲ ਉਸ ਦੇ ਸਰੀਰ ‘ਚ 6 ਤੋਂ 7 ਗੋਲੀਆਂ ਦਾਗ ਦਿੱਤੀਆਂ, ਜਿਸ ਕਾਰਨ ਗੁਰਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਸੁਖਵਿੰਦਰ ਕੌਰ ਨੇ ਲੰਮੇ ਸੰਘਰਸ਼ ਤੋਂ ਬਾਅਦ ਆਪਣੇ ਪੁੱਤਰ ਨੂੰ ਵਿਦੇਸ਼ ‘ਚ ਸੈੱਟਲ ਕੀਤਾ ਸੀ। ਕੁਝ ਸਾਲ ਪਹਿਲਾਂ ਸੁਖਵਿੰਦਰ ਕੌਰ ਦਾ ਪਤੀ ਉਸ ਨੂੰ ਸਦੀਵੀਂ ਵਿਛੋੜਾ ਦੇ ਗਿਆ ਸੀ ਤੇ ਹੁਣ ਵਿਦੇਸ਼ ‘ਚੋਂ ਆਈ ਨੌਜਵਾਨ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਮਾਂ ਦੇ ਅੱਥਰੂ ਰੁਕਣ ਦਾ ਨਾਂ ਨਹੀਂ ਲੈ ਰਹੇ।