Social Message

20 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬੀ ਫਿਲਮਾਂ ਅਤੇ ਗੀਤਾਂ ਦੇ ਸ਼ੌਂਕੀਨ ਹਮੇਸ਼ਾ ਹੀ ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਤੋਂ ਇਹ ਗਿਲਾ ਕਰਦੇ ਹਨ ਕਿ ਗਾਇਕ ਆਪਣੇ ਗੀਤਾਂ ਅਤੇ ਫਿਲਮਾਂ ਵਿੱਚ ਹਥਿਆਰ ਅਤੇ ਨਸ਼ੇ ਨੂੰ ਦਿਖਾ ਕੇ ਨੌਜਵਾਨ ਪੀੜੀ ਨੂੰ ਵਿਗਾੜ ਰਹੇ ਹਨ। ਆਮ ਲੋਕਾਂ ਦਾ ਮੰਨਣਾ ਹੈ ਕਿ ਪੰਜਾਬੀ ਸਿਤਾਰਿਆਂ ਦੇ ਲਾਈਫ ਸਟਾਈਲ ਤੋਂ ਨੌਜਵਾਨ ਕਾਫੀ ਪ੍ਰੇਰਿਤ ਹੁੰਦੇ ਹਨ, ਜੋ ਸਿਤਾਰੇ ਗੀਤਾਂ-ਫਿਲਮਾਂ ਵਿੱਚ ਕਰਦੇ ਹਨ, ਨੌਜਵਾਨ ਉਹੀ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਪਸੰਦ ਕਰਦੇ ਹਨ।

ਹੁਣ ਇਸ ਪੂਰੀ ਗੱਲ ਉਤੇ ਪੰਜਾਬੀ ਅਦਾਕਾਰ ਦੇਵ ਖਰੌੜ ਨੇ ਆਪਣੀ ਰਾਏ ਸਾਂਝੀ ਕੀਤੀ ਹੈ, ਜੀ ਹਾਂ…ਇੱਕ ਪੋਡਕਾਸਟ ਦੌਰਾਨ ਅਦਾਕਾਰ ਨੇ ਸਾਂਝਾ ਕੀਤਾ ਕਿ ਉਸ ਖਿਲਾਫ਼ ਕਾਫੀ ਤਰ੍ਹਾਂ ਦੀਆਂ ਅਫ਼ਵਾਹਾਂ ਹਨ, ਲੋਕ ਕਹਿੰਦੇ ਕਿ ਦੇਵ ਖਰੌੜ ਸ਼ਰਾਬ ਜਿਆਦਾ ਪੀਂਦਾ ਹੈ ਅਤੇ ਕਈ ਵਾਰ ਤਾਂ ਉਹ ਸ਼ਰਾਬ ਪੀ ਕੇ ਵੀ ਫਿਲਮ ਦੀ ਸ਼ੂਟਿੰਗ ਉਤੇ ਚਲਾ ਜਾਂਦਾ ਹੈ। ਇਸ ਗੱਲ ਨੂੰ ਨਿਕਾਰਦੇ ਹੋਏ ਅਦਾਕਾਰ ਨੇ ਕਿਹਾ ਕਿ ਮੈਂ ਕਦੇ ਵੀ ਇਸ ਤਰ੍ਹਾਂ ਨਹੀਂ ਕੀਤਾ ਹੈ।

ਕੀ ਸੱਚਮੁੱਚ ਨੌਜਵਾਨਾਂ ਨੂੰ ਵਿਗਾੜ ਰਹੇ ਨੇ ਗਾਇਕ?

ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਅਦਾਕਾਰ ਨੇ ਕਿਹਾ, “ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਫਿਲਮਾਂ ਅਤੇ ਗਾਇਕ ਨੌਜਵਾਨਾਂ ਨੂੰ ਵਿਗਾੜ ਰਹੇ ਹਨ। ਜੇਕਰ ਫਿਲਮਾਂ ਜਾਂ ਗੀਤ ਹੀ ਨੌਜਵਾਨਾਂ ਨੂੰ ਵਿਗਾੜ ਰਹੇ ਹਨ ਤਾਂ ਨੌਜਵਾਨਾਂ ਦੇ ਮਾਤਾ-ਪਿਤਾ ਕਿੱਥੇ ਹਨ? ਉਹਨਾਂ ਦਾ ਫਰਜ਼ ਕਿੱਥੇ ਹੈ?”

ਅਦਾਕਾਰ ਨੇ ਅੱਗੇ ਕਿਹਾ, “ਇਹ ਪੂਰੀ ਤਰ੍ਹਾਂ ਮਾਤਾ-ਪਿਤਾ ਉਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਮਝਾ ਰਹੇ ਹੋ। ਜੇਕਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਟਾਈਮ ਦੇਣਗੇ ਅਤੇ ਉਹਨਾਂ ਨੂੰ ਬੁਰੀਆਂ ਅਤੇ ਚੰਗੀਆਂ ਚੀਜ਼ਾਂ ਬਾਰੇ ਦੱਸਣਗੇ ਤਾਂ ਉਹ ਕਦੇ ਵੀ ਨਹੀਂ ਵਿਗੜਨਗੇ।”

ਅਦਾਕਾਰ ਨੇ ਅੱਗੇ ਕਿਹਾ, “ਅਸੀਂ ਆਪਣਾ ਪੱਲਾ ਛੁਡਾਉਣ ਲਈ ਦੂਜਿਆਂ ਉਤੇ ਇਲਜ਼ਾਮ ਲਗਾ ਦਿੰਦੇ ਹਾਂ ਕਿ ਇਹਨਾਂ ਨੇ ਆਹ ਕਰਨ ਲਾ ਦਿੱਤਾ, ਇਹਨਾਂ ਓਹ ਕਰਨ ਲਾ ਦਿੱਤਾ।”

ਇਸ ਤੋਂ ਇਲਾਵਾ ਅਦਾਕਾਰ ਨੇ ਉਹਨਾਂ ਲੋਕਾਂ ਨੂੰ ਵੀ ਜਵਾਬ ਦਿੱਤਾ ਜੋ ਅਦਾਕਾਰ ਨੂੰ ਕਹਿੰਦੇ ਹਨ ਕਿ ਉਹਨਾਂ ਨੇ ਨਸ਼ਿਆਂ ਵਾਲੀਆਂ ਫਿਲਮਾਂ ਬਣਾਈਆਂ ਹਨ। ਇਸ ਬਾਰੇ ਬੋਲਦੇ ਹੋਏ ਅਦਾਕਾਰ ਨੇ ਕਿਹਾ, “ਮੈਂ ਉਹਨਾਂ ਲੋਕਾਂ ਉਤੇ ਫਿਲਮਾਂ ਕੀਤੀਆਂ ਹਨ, ਜੋ ਨਸ਼ੇ ਦੀ ਦਲਦਲ ਵਿੱਚ ਡੁੱਬੇ ਹੋਏ ਸਨ ਅਤੇ ਬਾਅਦ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਇਸ ਵਿੱਚੋਂ ਕੱਢਿਆ ਅਤੇ ਚੰਗੇ ਰਾਹ ਦਾ ਰੁਖ਼ ਕੀਤਾ।”

ਦੇਵ ਖਰੌੜ ਦਾ ਵਰਕਫਰੰਟ

ਉਲੇਖਯੋਗ ਹੈ ਕਿ ਹਾਲ ਹੀ ਦੇ ਸਮੇਂ ਵਿੱਚ ਸਾਹਮਣੇ ਆਈਆਂ ਕੁਝ ਪੰਜਾਬੀ ਫਿਲਮਾਂ ‘ਬਲੈਕੀਆ 2’, ‘ਉੱਚਾ ਦਰ ਬਾਬੇ ਨਾਨਕ ਦਾ’, ‘ਬਾਈ ਜੀ ਕੁੱਟਣਗੇ’ ਨਾਲ ਡਾਊਨਫਾਲ ਦਾ ਵੀ ਸ਼ਿਕਾਰ ਰਹੇ ਹਨ ਹੋਣਹਾਰ ਅਦਾਕਾਰ ਦੇਵ ਖਰੌੜ, ਜੋ ਅਸਫ਼ਲਤਾਵਾਂ ਨੂੰ ਦਰਕਿਨਾਰ ਕਰ ਇੱਕ ਵਾਰ ਮੁੜ ਇੱਕ ਨਵੇਂ ਜੋਸ਼-ਓ-ਖਰੋਸ਼ ਨਾਲ ਅਪਣੀ ਇੱਕ ਹੋਰ ਸ਼ਾਨਦਾਰ ਪਾਰੀ ਲਈ ਤਿਆਰ ਹਨ। ਜੋ ਅਗਲੇ ਦਿਨੀਂ ਪੰਜਾਬੀ ਫਿਲਮ ‘ਮਧਾਣੀਆਂ’ ਵਿੱਚ ਪਹਿਲੀ ਵਾਰ ਨੀਰੂ ਬਾਜਵਾ ਨਾਲ ਸਕ੍ਰੀਨ ਸਾਂਝੀ ਕਰਦੇ ਨਜ਼ਰੀ ਪੈਣਗੇ।

ਸੰਖੇਪ: ਪੰਜਾਬੀ ਗੀਤਾਂ ਤੇ ਫਿਲਮਾਂ ਵਿੱਚ ਨਸ਼ੇ ਦੀ ਦਿਖਾਵਟ ਨੌਜਵਾਨਾਂ ‘ਤੇ ਨਕਾਰਾਤਮਕ ਅਸਰ ਪਾ ਰਹੀ ਹੈ। ਇੱਕ ਅਦਾਕਾਰ ਨੇ ਇਸ ਬਾਰੇ ਖੁਲਾਸਾ ਕੀਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।