2 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ ) : ਪੰਜਾਬੀ ਸਿਨੇਮਾ ਦਾ ਮੁਹਾਂਦਰਾ ਇੰਨੀ-ਦਿਨੀਂ ਕਾਫ਼ੀ ਵਨ-ਸੁਵੰਨਤਾ ਭਰਿਆ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ, ਜਿਸ ਦੇ ਅਲਹਦਾ-ਅਲਹਦਾ ਰੰਗਾਂ ਵਿੱਚ ਰੰਗ ਰਹੇ ਸਾਂਚੇ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਅਤੇ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਗੈਂਗਲੈਂਡ’, ਜਿਸ ਦੁਆਰਾ ਪਹਿਲੀ ਵਾਰ ਚਾਰ ਚਰਚਿਤ ਗਾਇਕ ਇਕੱਠਿਆਂ ਸਕਰੀਨ ਸ਼ੇਅਰ ਕਰਦੇ ਨਜ਼ਰੀ ਪੈਣਗੇ।
“ਗੀਤ ਐਮਪੀ 3” ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਬਹੁ-ਚਰਚਿਤ ਕ੍ਰਾਈਮ ਡ੍ਰਾਮਾ ਪੰਜਾਬੀ ਫਿਲਮ ਦਾ ਟੀਜ਼ਰ ਅੱਜ ਜਾਰੀ ਕੀਤਾ ਜਾਵੇਗਾ, ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਣ ਦੀ ਸੰਭਾਵਨਾ ਫਿਲਮ ਟੀਮ ਵੱਲੋਂ ਜਤਾਈ ਜਾ ਰਹੀ ਹੈ।
25 ਅਪ੍ਰੈਲ 2025 ਨੂੰ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਇਸ ਬਿੱਗ ਸੈੱਟਅਪ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਚਰਚਿਤ ਗਾਇਕ ਸਿੱਪੀ ਗਿੱਲ, ਨਿਸ਼ਾਨ ਭੁੱਲਰ, ਹਰਫ ਚੀਮਾ ਅਤੇ ਵੱਡਾ ਕਲਾਕਾਰ ਲੀਡਿੰਗ ਭੂਮਿਕਾਵਾਂ ਵਿੱਚ ਹਨ, ਜੋ ਪਹਿਲੀ ਵਾਰ ਇਕੱਠਿਆਂ ਸਿਲਵਰ ਸਕਰੀਨ ਸਪੇਸ ਸ਼ੇਅਰ ਕਰਦੇ ਨਜ਼ਰੀ ਪੈਣਗੇ, ਜਿੰਨ੍ਹਾਂ ਤੋਂ ਇਲਾਵਾ ਹੋਰਨਾਂ ਚਿਹਰਿਆਂ ਵਿੱਚ ਧੀਰਜ ਕੁਮਾਰ, ਕੁੱਲ ਸਿੱਧੂ, ਡੈਵੀ ਗਰੇਵਾਲ, ਬਲਜਿੰਦਰ ਬੈਂਸ, ਹੋਬੀ ਧਾਲੀਵਾਲ, ਪਰਮਵੀਰ ਸਿੰਘ ਅਤੇ ਵਿਕਟਰ ਜੌਹਨ ਆਦਿ ਵੀ ਸ਼ੁਮਾਰ ਹਨ, ਜਿੰਨ੍ਹਾਂ ਸਾਰਿਆਂ ਵੱਲੋਂ ਵੀ ਮਹੱਤਵਪੂਰਨ ਰੋਲ ਅਦਾ ਕੀਤੇ ਗਏ ਹਨ।
ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਕੇਂਦਰ ਬਿੰਦੂ ਬਣੀ ਉਕਤ ਫਿਲਮ ਦੇ ਨਿਰਦੇਸ਼ਕ ਸੇਵਿਓ ਸੰਧੂ, ਡੀਓਪੀ ਕੁਮਾਰ ਸੌਰਬ, ਡਾਇਲਾਗ ਲੇਖਕ ਗੁਰਪ੍ਰੀਤ ਭੁੱਲਰ, ਸੰਪਾਦਕ ਹਾਰਦਿਕ ਸਿੰਘ ਰੀਨ ਅਤੇ ਐਕਸ਼ਨ ਡਾਇਰੈਕਟਰ ਵਿਸ਼ਾਲ ਸ਼ਰਮਾ ਹਨ।
ਪਾਲੀਵੁੱਡ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਣੀ ਉਕਤ ਚਰਚਿਤ ਪੰਜਾਬੀ ਫਿਲਮ ਦਾ ਖਾਸ ਆਕਰਸ਼ਣ ਹੋਣਗੇ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ, ਜੋ ਕਾਫ਼ੀ ਲੰਮੇਂ ਵਕਫ਼ੇ ਬਾਅਦ ਇੱਕ ਵਾਰ ਮੁੜ ਅਪਣੀ ਸ਼ਾਨਦਾਰ ਸਕਰੀਨ ਮੌਜ਼ੂਦਗੀ ਦਾ ਇਜ਼ਹਾਰ ਸਿਨੇਮਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਨੂੰ ਕਰਵਾਉਣਗੇ।
ਸੰਖੇਪ: ਪਹਿਲੀ ਵਾਰ, 4 ਪੰਜਾਬੀ ਗਾਇਕ ਇੱਕ ਫਿਲਮ ਵਿੱਚ ਇਕੱਠੇ ਆਉਣਗੇ। ਇਹ ਖਾਸ ਫਿਲਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ।