punjabi actor

ਚੰਡੀਗੜ੍ਹ, 31 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) : ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈਆਂ ‘ਸੰਗਰਾਂਦ’ ਅਤੇ ‘ਪੌਣੇ 9’ ਸਮੇਤ ਬੇਸ਼ੁਮਾਰ ਵੱਡੀਆਂ ਅਤੇ ਬਹੁ-ਚਰਚਿਤ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੇ ਹਨ ਅਦਾਕਾਰ ਨੀਟੂ ਪੰਧੇਰ, ਜੋ ਇੰਨੀ ਦਿਨੀਂ ਕਈ ਅਰਥ-ਭਰਪੂਰ ਫਿਲਮਾਂ ਦੀ ਸ਼ੂਟਿੰਗ ਵਿੱਚ ਮਸ਼ਰੂਫ਼ ਹਨ, ਜਿੰਨ੍ਹਾਂ ਵਿੱਚੋਂ ਹੀ ਇੱਕ ਪ੍ਰਮੁੱਖ ਨਾਂਅ ਵਜੋਂ ਸ਼ੁਮਾਰ ਹੈ ‘ਸਾਹਿਬ ਜਿੰਨ੍ਹਾਂ ਦੀਆਂ ਮੰਨੇ’, ਜਿਸ ਦੇ ਸੈੱਟ ਉਤੇ ਈਟੀਵੀ ਭਾਰਤ ਨੇ ਇਸ ਬਹੁ-ਪੱਖੀ ਅਦਾਕਾਰ ਨਾਲ ਉਨ੍ਹਾਂ ਦੀ ਇਸ ਫਿਲਮ, ਕਰਿਅਰ ਅਤੇ ਹੋਰ ਅਹਿਮ ਪਹਿਲੂਆਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ।

ਪਾਲੀਵੁੱਡ ਵਿੱਚ ਤਿੰਨ ਦਹਾਕਿਆਂ ਤੋਂ ਲੰਮਾਂ ਸਫ਼ਰ ਹੰਢਾ ਚੁੱਕੇ ਹਨ ਇਹ ਹੋਣਹਾਰ ਅਦਾਕਾਰ, ਜਿੰਨ੍ਹਾਂ ਨੇ ਅਪਣੀ ਉਕਤ ਨਵੀਂ ਫਿਲਮ ਅਤੇ ਕਿਰਦਾਰ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ‘ਵਿਨਰਸ ਫਿਲਮ ਪ੍ਰੋਡੋਕਸ਼ਨ’ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਵਿੱਚ ਉਹ ਇੱਕ ਐਸੇ ਚਤੁਰ ਚਲਾਕ ਵਿਅਕਤੀ ਮੰਗਲ ਸਿੰਘ ਦਾ ਕਿਰਦਾਰ ਅਦਾ ਕਰ ਰਹੇ ਹਨ, ਜੋ ਪਿੰਡ ਦੇ ਭੋਲੇ ਭਾਲੇ ਲੋਕਾਂ ਅਤੇ ਪਰਿਵਾਰਾਂ ਨੂੰ ਆਪਸ ਵਿੱਚ ਲੜਾ ਕੇ ਉਨ੍ਹਾਂ ਦੀਆਂ ਜ਼ਮੀਨਾਂ ਹੜ੍ਹਪ ਕਰ ਜਾਣ ਦੇ ਮਨਸੂਬੇ ਬਣਾਉਂਦਾ ਅਤੇ ਅੰਜ਼ਾਮ ਦਿੰਦਾ ਰਹਿੰਦਾ ਹੈ।

ਉਨ੍ਹਾਂ ਦੱਸਿਆ ਕਿ ਧਾਰਮਿਕ ਅਤੇ ਪਰਿਵਾਰਿਕ ਰੰਗਾਂ ਵਿੱਚ ਰੰਗੀ ਇਸ ਫਿਲਮ ਦਾ ਨਿਰਦੇਸ਼ਨ ਮਨਜੀਤ ਸਿੰਘ ਟੋਨੀ ਕਰ ਰਹੇ ਹਨ, ਜਿੰਨ੍ਹਾਂ ਦੀ ਇਸ ਬਿਹਤਰੀਨ ਫਿਲਮ ਵਿੱਚ ਉਹ ਇੱਕ ਵਾਰ ਫਿਰ ਚੁਣੌਤੀਪੂਰਨ ਰੋਲ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ।

ਮੂਲ ਰੂਪ ਵਿੱਚ ਪੰਜਾਬ ਦੇ ਦੁਆਬਾ ਅਧੀਨ ਆਉਂਦੇ ਹੁਸ਼ਿਆਰਪੁਰ ਨਾਲ ਸੰਬੰਧਿਤ ਹਨ ਇਹ ਦਿੱਗਜ ਅਦਾਕਾਰ, ਜਿੰਨ੍ਹਾਂ ਅਨੁਸਾਰ ਕਾਮੇਡੀ ਸਮੇਤ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਉਹ ਪਸੰਦ ਕਰਦੇ ਹਨ, ਪਰ ਉਨ੍ਹਾਂ ਨੂੰ ਜਿਆਦਾਤਰ ਨੈਗੇਟਿਵ ਰੋਲਜ਼ ਹੀ ਅਪਰੋਚ ਕੀਤਾ ਜਾ ਰਿਹਾ ਹੈ, ਪਰ ਫਿਰ ਵੀ ਭਵਿੱਖ ਵਿੱਚ ਉਹ ਕੁਝ ਵੱਖਰੇ ਰੰਗ ਦੀਆਂ ਭੂਮਿਕਾਵਾਂ ਨਿਭਾਉਣ ਦੀ ਕੋਸ਼ਿਸ਼ ਜ਼ਰੂਰ ਕਰਨਗੇ।

ਸਾਲ 1998 ਵਿੱਚ ਰਿਲੀਜ਼ ਹੋਈ ਰੁਮਾਂਟਿਕ ਅਤੇ ਪਰਿਵਾਰਿਕ ਡ੍ਰਾਮੈਟਿਕ ਫਿਲਮ ‘ਪੀਘਾਂ ਪਿਆਰ ਦੀਆਂ’ ‘ਚ ਬਤੌਰ ਮੁੱਖ ਹੀਰੋ ਵੀ ਅਪਣੀ ਬਹੁ-ਆਯਾਮੀ ਅਦਾਕਾਰੀ ਸਮਰੱਥਾ ਦਾ ਲੋਹਾ ਮੰਨਵਾ ਚੁੱਕੇ ਹਨ ਅਦਾਕਾਰ ਨੀਟੂ ਪੰਧੇਰ, ਜਿੰਨ੍ਹਾਂ ਵੱਲੋਂ ਹੁਣ ਤੱਕ ਦੇ ਸਫ਼ਰ ਦੌਰਾਨ ਕੀਤੀਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ ‘ਫੌਜੀ ਕੇਹਰ ਸਿੰਘ’, ‘ਕੱਚੇ ਧਾਗੇ’, ‘ਮਿੱਟੀ’, ‘ਵਿਰਾਸਤ’, ‘ਦੇਸੀ ਮੁੰਡੇ’, ‘ਦਾ ਗ੍ਰੇਟ ਸਰਦਾਰ’, ‘ਸਰਦਾਰ ਮੁਹੰਮਦ’, ‘ਸਾਡੇ ਆਲੇ’, ‘ਪੰਜਾਬ ਸਿੰਘ’, ‘ਜ਼ੋਰਾ ਦਸ ਨੰਬਰੀਆ’, ‘ਧਰਮ ਯੁੱਧ ਮੋਰਚਾ’, ‘ਸੱਗੀ ਫੁੱਲ’ ਆਦਿ ਸ਼ਾਮਿਲ ਰਹੀਆਂ ਹਨ।

ਆਗਾਮੀ ਫਿਲਮਾਂ ਸੰਬੰਧੀ ਗੱਲ ਕਰਦਿਆਂ ਨੇ ਦੱਸਿਆ ਕਿ ਜਿੰਮੀ ਸ਼ੇਰਗਿੱਲ ਦੀ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਬੇਬੇ’ ਵਿੱਚ ਵੀ ਉਹ ਕਾਫ਼ੀ ਚੈਲੇਜਿੰਗ ਭੂਮਿਕਾ ਵਿੱਚ ਹਨ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਗੁਰਜਿੰਦ ਮਾਨ ਵੱਲੋਂ ਕੀਤਾ ਗਿਆ ਹੈ।

ਸੰਖੇਪ: ਬੱਸ ਡਰਾਈਵਰ ਦਾ ਪੁੱਤਰ ਪੰਜਾਬੀ ਸਿਨੇਮਾ ਦਾ ਪ੍ਰਸਿੱਧ ਖਲਨਾਇਕ ਬਣਿਆ। ਕਈ ਹਿੱਟ ਫਿਲਮਾਂ ਨਾਲ ਆਪਣੀ ਪਛਾਣ ਬਣਾਈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।