21 ਜੂਨ (ਪੰਜਾਬੀ ਖਬਰਨਾਮਾ):ਤਕਨੀਕ ਦੇ ਕੌਰ ’ਚ ਅੱਜ ਮਨੋਰੰਜਨ ਦੇ ਅਹਿਮ ਸਾਧਨ ਸਿਨੇਮੇ ਵਿਚ ਸਿੰਗਲ ਸਕਰੀਨ ਦੀ ਜਗ੍ਹਾ ਮਲਟੀਪਲੈਕਸ ਤੇ ਵੱਡੀਆਂ ਕੰਪਨੀਆਂ ਨੇ ਲੈ ਲਈ ਹੈ, ਜਿੱਥੇ ਫਿਲਮਾਂ ਦੀ ਗਿਣਤੀ ’ਚ ਕਈ ਗੁਣਾ ਵਾਧਾ ਹੋਇਆ ਹੈ। ਹਰ ਮਹੀਨੇ ਕਈ-ਕਈ ਫਿਲਮਾਂ ਰਿਲੀਜ਼ ਹੁੰਦੀਆਂ ਹਨ, ਜਿਨ੍ਹਾਂ ਨੂੰ ਲੋਕ ਮਨਾਂ ’ਚ ਵਸਾਉਣ ਲਈ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਦੀ ਟੀਮ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਸੜਕਾਂ ’ਤੇ ਰਾਹਗੀਰਾਂ ਦੇ ਧਿਆਨ ਖਿੱਚਣ ਲਈ ਵੱਡੇ ਫਲੈਕਸ ਲਾਏ ਜਾਂਦੇ ਹਨ, ਫਿਲਮ ਦੀ ਟੀਮ ਵੱਲੋਂ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਨੂੰ ਫਿਲਮਾਂ ਦੇਖਣ ਲਈ ਭਰਮਾਇਆ ਜਾ ਰਿਹਾ ਹੈ। ਅਜਿਹਾ ਨਹੀਂ ਹੈ ਕਿ ਹਿੰਦੀ ਫਿਲਮਾਂ ਵਾਲੇ ਹੀ ਅਜਿਹਾ ਕਰ ਰਹੇ ਹਨ ਬਲਕਿ ਪੰਜਾਬੀ ਫਿਲਮ ਇੰਡਸਟਰੀ ਵਿਚ ਪ੍ਰਮੋਸ਼ਨ ’ਤੇ ਪੂਰਾ ਜ਼ੋਰ ਲਾਇਆ ਜਾਂਦਾ ਹੈ। ਪੰਜਾਬੀ ਫਿਲਮ ‘ਇਸ਼ਕ-ਏ-ਪੰਜਾਬ’ ਉਰਫ਼ ‘ਮਿਰਜ਼ਾ ਸਹਿਬਾ’ 29 ਮਾਰਚ 1935 ਵਿਚ ਨਿਰੰਜਣ ਟਾਕੀਜ਼ ਲਾਹੌਰ ਵਿਖੇ ਰਿਲੀਜ਼ ਤੋਂ ਬਾਅਦ ਸ਼ੁਰੂ ਹੋਇਆ। ਪੰਜਾਬੀ ਸਿਨੇਮੇ ਦਾ ਇਹ ਸਫ਼ਰ 90ਵੇਂ ਸਾਲ ’ਚ ਪ੍ਰਵੇਸ਼ ਕਰ ਗਿਆ ਹੈ। ਇਨ੍ਹਾਂ ਸਾਲਾਂ ਦੇ ਸਫ਼ਰ ਦੌਰਾਨ ਪੰਜਾਬੀ ਸਿਨੇਮੇ ਨੇ ਕਈ ਉਤਰਾਅ-ਚੜਾਅ ਵੇਖੇ ਹਨ। ਅੱਜ ਲਗਪਗ ਹਰ ਹਫ਼ਤੇ ਇਕ ਜਾਂ ਕਈ-ਕਈ ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਅਜੋਕੇ ਪੰਜਾਬੀ ਸਿਨੇਮੇ ਦੇ ਹਾਲਾਤ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੇ ਹਨ। ਪਿਛਲੇ ਤਿੰਨ-ਚਾਰ ਸਾਲਾਂ ਤੋਂ ਪੰਜਾਬੀ ਫਿਲਮਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਫਲ ਫਿਲਮਾਂ ਨਾਲੋਂ ਅਸਫਲ ਫਿਲਮਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ। ਵਿਸ਼ੇ ਤੇ ਕਹਾਣੀਆਂ ਪੱਖੋਂ ਤਕਨੀਕੀ ਦੌਰ ’ਚ ਸਿਨੇਮਾਘਰ ਦਰਸ਼ਕਾਂ ਤੋਂ ਸੱਖਣੇ ਹੋ ਰਹੇ ਹਨ। ਵਿਸ਼ੇ ਅਤੇ ਕਹਾਣੀਆਂ ਤੋਂ ਭਟਕ ਰਹੇ ਪੰਜਾਬੀ ਸਿਨੇਮੇ ਨੂੰ ਦੇਖਦਿਆਂ ਜਦੋਂ ਸੂਝਵਾਨ ਦਰਸ਼ਕਾਂ, ਉੱਘੇ ਸਾਹਿਤਕਾਰਾਂ, ਗੀਤਕਾਰਾਂ ਤੇ ਰੰਗਮੰਚ ਅਤੇ ਫਿਲਮ ਨਿਰਮਾਣ ਨਾਲ ਜੁੜੀਆਂ ਸ਼ਖ਼ਸੀਅਤਾਂ ਨਾਲ ਗੱਲਬਾਤ ਕੀਤੀ ਤਾਂ ਬਹੁਤ ਸਾਰੇ ਸਵਾਲ ਉੱਭਰ ਕੇ ਸਾਹਮਣੇ ਆਏ।PauseNextMute

ਮਾੜੇ ਦੌਰ ’ਚੋਂ ਲੰਘ ਰਿਹੈ ਸਿਨੇਮਾ : ਰਤਨ ਔਲਖ

ਪੰਜਾਬੀ ਸਿਨੇਮਾ ਦੇ ਲੇਖਕ, ਨਿਰਦੇਸ਼ਕ ਤੇ ਅਦਾਕਾਰ ਰਤਨ ਔਲਖ ਦਾ ਕਹਿਣਾ ਹੈ ਕਿ ਪੰਜਾਬੀ ਸਿਨੇਮਾ ਨੂੰ ਅੱਜ ਦੇ ਦੌਰ ’ਚ ਬਹੁਤ ਅੱਗੇ ਵਧਣ ਚਾਹੀਦਾ ਸੀ ਕਿਉਂਕਿ ਪੰਜਾਬੀ ਦਰਸ਼ਕ ਸਾਰੀ ਦੁਨੀਆ ’ਚ ਹਨ ਤੇ ਟਿਕਟ ’ਤੇ ਪੈਸਾ ਵੀ ਖ਼ਰਚ ਸਕਦੇ ਹਨ ਪਰ ਪੰਜਾਬੀ ਸਿਨੇਮਾ ਪੁਰਾਣੇ ਪੱਧਰ ਤੋਂ ਥੱਲੇ ਜਾ ਰਿਹਾ ਹੈ, ਜਿਸ ਦਾ ਵੱਡਾ ਕਾਰਨ ਚੰਗੀ ਕਹਾਣੀ ਤੇ ਪਟਕਥਾ ਦੀ ਘਾਟ ਤੇ ਜ਼ਿਆਦਾ ਫਿਲਮਾਂ ਬਣਾਉਣ ਦੀ ਹੋੜ। ਕਹਾਣੀ ਦੇ ਨਾਂ ’ਤੇ ਭੂਤ ਪ੍ਰੇਤ, ਬੇਲੋੜੀ ਮਾਰਧਾੜ ਅਤੇ ਸਮਾਜ ਤੇ ਸੱਭਿਆਚਾਰ ਤੋਂ ਦੂਰ ਦੀ ਗੱਲ ਕੀਤੀ ਜਾਣ ਕਾਰਨ ਦਰਸ਼ਕਾਂ ਦਾ ਫਿਲਮਾਂ ਤੋਂ ਮੋਹ ਭੰਗ ਹੋ ਰਿਹਾ ਹੈ। ਜਦੋਂ ਵੀ ਚੰਗੀ ਪੰਜਾਬੀ ਫਿਲਮ ਆਈ ਹੈ ਤਾਂ ਦਰਸ਼ਕਾਂ ਨੇ ਰੱਜ ਕੇ ਪਿਆਰ ਦਿੱਤਾ ਹੈ ਪਰ ਇਹ ਮੌਕਾ ਸਾਲ ’ਚ ਕਦੇ-ਕਦਾਈਂ ਹੀ ਆਉਂਦਾ ਹੈ। ਚੰਗੀ ਫਿਲਮ ਬਣਾਉਣ ਲਈ ਸਭ ਤੋਂ ਪਹਿਲਾਂ ਚੰਗੀ ਕਹਾਣੀ, ਪਟਕਥਾ ਤੇ ਸੰਵਾਦਾਂ ਦੀ ਲੋੜ ਹੁੰਦੀ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਲ ’ਚ ਸਿਰਫ਼ 52 ਹਫਤੇ ਹੀ ਹੁੰਦੇ ਹਨ। ਕਈ ਵਾਰ ਫਿਲਮਾਂ ਦੀ ਭਰਮਾਰ ਹੀ ਚੰਗੀ ਫਿਲਮ ਨੂੰ ਖਾ ਜਾਂਦੀ ਹੈ।

ਪੰਜਾਬੀ ਫਿਲਮਾਂ ਬਾਰੇ ਤਾਂ ਚੁੱਪ ਭਲੀ : ਸੰਜੀਵਨ ਸਿੰਘ

ਇਨ੍ਹਾਂ ਸਵਾਲਾਂ ਦੇ ਸਨਮੁੱਖ ਨਾਟਕਕਾਰ ਸੰਜੀਵਨ ਸਿੰਘ ਕਹਿੰਦੇ ਹਨ ਕਿ ਪੰਜਾਬੀ ਫਿਲਮਾਂ ਬਾਰੇ ਤਾਂ ਚੁੱਪ ਹੀ ਭਲੀ ਹੈ ਕਿਉਂਕਿ ਝੂਠ ਮੈਂ ਬੋਲ ਨ੍ਹੀਂ ਸਕਦਾ ਤੇ ਸੱਚ ਮੇਰੇ ਫਿਲਮਕਾਰ ਮਿੱਤਰਾਂ ਤੋਂ ਬਰਦਾਸ਼ਤ ਨਹੀਂ ਹੋਣਾ। ਫੇਰ ਵੀ ਜੇ ਸੱਚ ਕਹਾਂ ਤਾਂ ਪੰਜਾਬੀ ਸਿਨੇਮਾ ਮੜੀਆਂ ਦੇ ਰਾਹ ਪੈ ਗਿਆ ਹੈ। ਪੰਜਾਬੀ ਫਿਲਮਾਂ ਵਾਲੇ ਜਿਸ ਟਾਹਣੀ ’ਤੇ ਬੈਠੇ ਨੇ, ਉਸੇ ਨੂੰ ਹੀ ਵੱਢੀ-ਟੁੱਕੀ ਜਾ ਰਹੇ ਹਨ। ਸਾਰੀਆਂ ਪੰਜਾਬੀ ਫਿਲਮਾਂ ਨੂੰ ਇੱਕੋ ਰੱਸੇ ਨਾਲ ਬੰਨ੍ਹਣਾ ਵੀ ਵਾਜਿਬ ਨਹੀਂ ਹੋਵੇਗਾ। ਮਿਆਰੀ ਤੇ ਲੋਕ-ਮਸਲੇ ਉਭਾਰਦੀਆਂ ਫਿਲਮਾਂ ਬਣ ਵੀ ਰਹੀਆਂ ਹਨ ਤੇ ਦਰਸ਼ਕ ਪਸੰਦ ਵੀ ਕਰਦੇ ਹਨ। ਜੇ ਸਾਲ ’ਚ ਇਕ-ਅੱਧੀ ਉੱਚਪਾਏ ਦੀ ਫਿਲਮ ਬਣ ਵੀ ਜਾਂਦੀ ਹੈ ਤਾਂ ਮੈਂ ਉਸ ਨੂੰ ਆਟੇ ਵਿਚ ਲੂਣ ਨ੍ਹੀਂ, ਲੂਣ ਵਿਚ ਆਟਾ ਕਹਾਂਗਾ।

ਵਿਸ਼ੇ ਤੇ ਕਹਾਣੀਆਂ ਵਿਚ ਭਟਕਾਅ : ਹਰਜਿੰਦਰ ਸਿੰਘ

ਉੱਘੇ ਗੀਤਕਾਰ ਤੇ ਸਾਹਿਤਕਾਰ ਹਰਜਿੰਦਰ ਸਿੰਘ ਸਾਈਂ ਸੁਕੇਤੜੀ ਦਾ ਕਹਿਣਾ ਹੈ ਕਿ ਪੰਜਾਬ ਕੋਲ ਸਾਹਿਤ ਦਾ ਖ਼ਜ਼ਾਨਾ ਹੈ। ਸਾਡਾ ਪੰਜਾਬੀ ਸਾਹਿਤ ਅੱਜ ਵੀ ਅਮੀਰ ਹੈ। ਇਸ ਦੀ ਹਰ ਵੰਨਗੀ ’ਤੇ ਫਿਲਮ ਬਣਾਈ ਜਾ ਸਕਦੀ ਹੈ। ਸਾਡੀ ਧਰਤੀ ਸੂਰਬੀਰ ਯੋਧਿਆਂ ਦੀ ਧਰਤੀ ਹੈ। ਫੇਰ ਸਾਡੇ ਕੋਲ ਚੰਗੀਆਂ ਕਹਾਣੀਆਂ ਦੀ ਘਾਟ ਕਿਵੇਂ ਹੋ ਸਕਦੀ ਹੈ? ਅਸੀਂ ਇੱਕੋਂ ਕਹਾਣੀ ਨੂੰ ਤੋਰ-ਮਰੋੜ ਕੇ ਫਿਲਮਾਂ ਬਣਾ ਰਹੇ ਹਾਂ। ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ, ਸਮਾਜਿਕ ਕਾਰਜਾਂ, ਕਿਸੇ ਵਿਅਕਤੀ ਵਿਸ਼ੇਸ਼ ਦੇ ਜੀਵਨ ਤੇ ਊਸਾਰੂ ਸੋਚ ਨਾਲ ਜੋੜਨ ਤੇ ਜਾਣੂ ਕਰਵਾਉਣ ਦੀਆਂ ਵੱਡੀਆਂ ਸੰਭਾਵਨਾਵਾਂ ਪੰਜਾਬੀ ਸਿਨੇਮੇ ਕੋਲ ਹਨ। ਅਜੋਕੇ ਸਮੇਂ ’ਚ ਲੋਕ ਹਲਕੇ ਵਿਸ਼ੇ ਤੇ ਕਹਾਣੀਆਂ ਦੀਆਂ ਫਿਲਮਾਂ ਨੂੰ ਦੇਖ ਕੇ ਤੰਗ ਆ ਗਏ ਹਨ।

ਮਨੋਰੰਜਨ ਦਾ ਅਹਿਮ ਸਾਧਨ ਸਿਨੇਮਾ : ਬਲਕਾਰ ਸਿੱਧੂ

ਰੰਗਮੰਚ ਤੇ ਲੋਕ ਨਾਚਾਂ ਦੇ ਮਕਬੂਲ ਕਲਾਕਾਰ ਬਲਕਾਰ ਸਿੱਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਫਿਲਮਾਂ ਸਿਰਫ਼ ਮਨੋਰੰਜਨ ਲਈ ਹੀ ਬਣਦੀਆਂ ਹਨ। ਸਿਨੇਮੇ ਦਾ ਮੁੱਢਲਾ ਕੰਮ ਲੋਕਾਂ ਦਾ ਮਨੋਰੰਜਨ ਕਰਨਾ ਹੈ। ਸਮੇਂ-ਸਮੇਂ ਦੇ ਨਾਲ ਫਿਲਮਾਂ ਦੇ ਵਿਸ਼ੇ ਬਦਲਦੇ ਰਹਿੰਦੇ ਨੇ। ਫਿਲਮਾਂ ਭਾਵੇਂ ਬਾਲੀਵੁੱਡ ਹੋਣ, ਪਾਲੀਵੁੱਡ ਜਾਂ ਹਾਲੀਵੁੱਡ ਦੀਆਂ ਹੋਣ। ਸਿਨੇਮਾ ਕਈ ਕਲਾਵਾਂ ਦਾ ਸੁਮੇਲ ਹੈ। ਇਸ ’ਚ ਵੰਨ-ਸੁਵੰਨੇ ਵਿਸ਼ੇ ਹੋਣੇ ਚਾਹੀਦੇ ਹਨ। ਇਹ ਵੇਲਾ ਸੋਚਣ ਤੇ ਸੰਭਲਣ ਦਾ ਹੈ ਕਿਉਂਕਿ ਫਿਲਮਾਂ ਦੀ ਗਿਣਤੀ ਵਧਾਉਣ ਦੇ ਚੱਕਰ ’ਚ ਕੁਆਲਿਟੀ ਖ਼ਤਮ ਹੁੰਦੀ ਜਾ ਰਹੀ ਹੈ। ਜਿੱਥੋਂ ਤਕ ਪੰਜਾਬੀ ਫਿਲਮਾਂ ’ਚ ਵਿਸ਼ੇ ਦਾ ਸਵਾਲ ਹੈ, ਅਕਸਰ ਪੰਜਾਬੀ ਫਿਲਮ ਦੇ ਨਿਰਮਾਣ ਲਈ ਬਾਲੀਵੁੱਡ ਵਿਚ ਬਣਦੀਆਂ ਫਿਲਮਾਂ ਦੀ ਨਕਲ ਕੀਤੀ ਜਾਂਦੀ ਹੈ। ਬਾਲੀਵੁੱਡ ਵਾਲੇ ਉਲਟਾ ਸਾਡੇ ਸੱਭਿਆਚਾਰ ਦਾ ਥੋੜ੍ਹਾ ਜਿਹਾ ਜਾਗ ਲਾ ਕੇ ਆਪਣੀਆਂ ਫਿਲਮਾਂ ਹਿੱਟ ਕਰ ਲੈਂਦੇ ਹਨ ਤੇ ਅਸੀਂ ਜ਼ਿਆਦਾ ਜਾਗ ਲਗਾ ਕੇ ਸਭ ਕੁਝ ਖੱਟਾ ਕਰ ਲੈਂਦੇ ਹਾਂ। ਪੰਜਾਬ ਕੋਲ ਸਾਹਿਤ ਦਾ ਖ਼ਜ਼ਾਨਾ ਹੈ, ਵੱਖੋ-ਵੱਖਰੀਆਂ ਵੰਨਗੀਆਂ ਰਾਹੀਂ ਏਨਾ ਸਾਹਿਤ ਰਚਿਆ ਪਿਆ ਹੈ। ਫਿਰ ਸਾਡੇ ਕੋਲ ਚੰਗੀਆਂ ਕਹਾਣੀਆਂ ਦੀ ਘਾਟ ਕਿਵੇਂ ਹੋ ਸਕਦੀ ਹੈ। ਸਿਨੇਮਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਇਸ ਕੋਲ ਯੁੱਗ ਬਦਲਣ ਦੀ ਅਥਾਹ ਸ਼ਕਤੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।