punjabi cinema

29 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬੀ ਸਿਨੇਮਾ…ਜਿਸ ਨੂੰ ਪਾਲੀਵੁੱਡ ਵੀ ਕਿਹਾ ਜਾਂਦਾ ਹੈ, ਇਹ ਅੱਜ ਭਾਰਤੀ ਸਿਨੇਮਾ ਨੂੰ ਉੱਚਾ ਚੁੱਕਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ। ਪੰਜਾਬੀ ਸਿਨੇਮਾ ਵਿੱਚ ਅੱਜ ਹਜ਼ਾਰਾਂ ਤੋਂ ਲੈ ਕੇ ਕਰੋੜਾਂ ਤੱਕ ਦੇ ਬਜਟ ਵਾਲੀਆਂ ਫਿਲਮਾਂ ਬਣਦੀਆਂ ਹਨ, ਜੋ ਪੰਜਾਬੀਆਂ ਦੇ ਨਾਲ-ਨਾਲ ਗੈਰ ਪੰਜਾਬੀਆਂ ਦਾ ਵੀ ਦਿਲ ਜਿੱਤਦੀਆਂ ਹਨ।

ਜਿਵੇਂ ਕਿ ਅੱਜ 29 ਮਾਰਚ ਨੂੰ ਪੰਜਾਬੀ ਸਿਨੇਮਾ ਦਿਵਸ ਮਨਾਇਆ ਰਿਹਾ ਹੈ, ਹੁਣ ਇਸ ਵਿਸ਼ੇਸ਼ ਦਿਨ ਉਤੇ ਅਸੀਂ ਪੰਜਾਬੀ ਸਿਨੇਮਾ ਦੇ ਕੁੱਝ ਖਾਸ ਪਹਿਲੂਆਂ ਉਤੇ ਚਾਨਣਾ ਪਾਵਾਂਗੇ, ਜੋ ਯਕੀਨਨ ਤੁਹਾਨੂੰ ਪੰਜਾਬੀ ਸਿਨੇਮਾ ਨੂੰ ਸਮਝਣ ਵਿੱਚ ਸਹਾਇਕ ਸਿੱਧ ਹੋਣਗੇ।

ਪੰਜਾਬੀ ਸਿਨੇਮਾ ਦੀ ਪਹਿਲੀ ਬੋਲਦੀ ਹੋਈ ਫਿਲਮ

ਪੰਜਾਬੀ ਸਿਨੇਮਾ 92 ਸਾਲ ਤੋਂ ਵੱਧ ਪੁਰਾਣਾ ਹੈ। ‘ਇਸ਼ਕ-ਏ-ਪੰਜਾਬ’ ਉਰਫ਼ ‘ਮਿਰਜ਼ਾ ਸਾਹਿਬਾਂ’ ਪਹਿਲੀ ਪੰਜਾਬੀ ਫਿਲਮ ਸੀ, ਜੋ ਪੰਜਾਬੀ ਭਾਸ਼ਾ ਵਿੱਚ ਬਣੀ ਸੀ। ਇਹ ਫਿਲਮ 29 ਮਾਰਚ 1935 ਨੂੰ ਲਾਹੌਰ ਵਿਖੇ ਰਿਲੀਜ਼ ਹੋਈ ਸੀ। ਭਾਈ ਦੇਸਾ ਨੇ ਮਿਰਜ਼ਾ ਅਤੇ ਮਿਸ ਖੁਰਸ਼ੀਦ ਬਾਨੋ ਨੇ ਸਾਹਿਬਾਂ ਦਾ ਕਿਰਦਾਰ ਨਿਭਾਇਆ ਸੀ, ਜਿਨ੍ਹਾਂ ਦੇ ਨਾਲ ਕਈ ਸਹਾਇਕ ਕਲਾਕਾਰ ਵੀ ਸਨ। ਫਿਲਮ ਦੀ ਕਹਾਣੀ ਅਮਰ ਪ੍ਰੇਮੀ ਮਿਰਜ਼ਾ ਅਤੇ ਸਾਹਿਬਾਂ ਬਾਰੇ ਸੀ। ਪੂਰੀ ਕਾਸਟ ਪੰਜਾਬ ਤੋਂ ਹੀ ਸੀ ਅਤੇ ਫਿਲਮ ਨੇ ਇਸ ਸ਼ਾਨਦਾਰ ਰਾਜ ਦੀ ਪੇਂਡੂ ਸੁੰਦਰਤਾ ਨੂੰ ਕੈਦ ਕੀਤਾ ਸੀ।

ਉਸ ਸਮੇਂ ਦੇ ਪ੍ਰਸਿੱਧ ਲੋਕ ਕਲਾਕਾਰਾਂ ਭਾਈ ਛੈਲਾ (ਪਟਿਆਲੇ ਵਾਲਾ), ਭਾਈ ਦੇਸਾ (ਅੰਮ੍ਰਿਤਸਰ ਵਾਲੇ) ਤੋਂ ਇਲਾਵਾ ਮਿਸ ਖੁਰਸ਼ੀਦ ਬਾਨੋ ਅਤੇ ਮਿਸ ਸਰਲਾ ਦੇਵੀ ਨੇ ਸੰਗੀਤ ਨਿਰਦੇਸ਼ਕ ਪ੍ਰੋ. ਨਵਾਬ ਖਾਨ ਦੀ ਅਗਵਾਈ ਹੇਠ ਗੀਤ ਗਾਏ ਸਨ। ਹਾਲਾਂਕਿ ਅੱਜ ਸਾਨੂੰ ਫਿਲਮ ਦੇ ਇਨ੍ਹਾਂ ਗੀਤਾਂ ਦਾ ਕੋਈ ਵੀ ਵੇਰਵਾ ਨਹੀਂ ਮਿਲਦਾ ਹੈ।

29 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਪੰਜਾਬੀ ਸਿਨੇਮਾ ਡੇਅ

29 ਮਾਰਚ 1935 ਨੂੰ ਪਹਿਲੀ ਪੰਜਾਬੀ ਫਿਲਮ ‘ਇਸ਼ਕ-ਏ-ਪੰਜਾਬ’ ਰਿਲੀਜ਼ ਹੋਈ ਸੀ, ਜਿਸ ਕਰਕੇ ਪੰਜਾਬੀ ਸਿਨੇਮਾ ਦਿਵਸ 29 ਮਾਰਚ ਨੂੰ ਹੀ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਪਹਿਲੀ ਵਾਰ ਪੰਜਾਬੀ ਸਿਨੇਮਾ ਦਿਵਸ 29 ਮਾਰਚ 2021 ਨੂੰ ਮਨਾਇਆ ਗਿਆ ਸੀ, ਅੱਜ ਇਹ ਸਫ਼ਲਤਾਪੂਰਵਕ ਆਪਣੇ 5ਵੇਂ ਸਾਲ ਵਿੱਚ ਦਾਖਿਲ ਹੋ ਚੁੱਕਿਆ ਹੈ।

ਪੰਜਾਬੀ ਸਿਨੇਮਾ ਨੂੰ ਉੱਚਾ ਚੁੱਕਣ ਵਾਲੀਆਂ ਕੁੱਝ ਫਿਲਮਾਂ

ਇਸ ਦੌਰਾਨ ਜੇਕਰ ਪੰਜਾਬੀ ਸਿਨੇਮਾ ਨੂੰ ਨਵੇਂ ਅਯਾਮ ਦੇਣ ਵਾਲੀਆਂ ਬਿਹਤਰੀਨ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਇਸ ਵਿੱਚ ‘ਨਾਨਕ ਨਾਮ ਜਹਾਜ਼ ਹੈ’ (1969-ਨਿਰਦੇਸ਼ਕ ਰਾਮ ਮਹੇਸ਼ਵਰੀ ), ‘ਸੈਦਾ ਜੌਗਣ'(1979-ਨਿਰਦੇਸ਼ਕ ਬੀ ਐਸ ਸ਼ਾਦ ), ‘ਚੰਨ ਪ੍ਰਦੇਸੀ’ (1981-ਨਿਰਦੇਸ਼ਕ ਚਿੱਤਰਰਥ ਸਿੰਘ ), ‘ਨਸੀਬੋ’ (1993-ਮਨਮੋਹਣ ਸਿੰਘ), ‘ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ’ (2006-ਸਵ. ਮਨੋਜ ਪੁੰਜ), ‘ਜੀ ਆਇਆ ਨੂੰ’ ( 2002 ਮਨਮੋਹਨ ਸਿੰਘ) ਆਦਿ ਹਨ।

ਇਸ ਦੌਰਾਨ ਜੇਕਰ ਅੱਜ ਦੇ ਦੌਰ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇਸ ਵਿੱਚ ‘ਰੱਬ ਦਾ ਰੇਡਿਓ’ (2017 ਨਿਰਦੇਸ਼ਕ ਤਰੁਣਵੀਰ ਜਗਪਾਲ-ਹੈਰੀ ਭੱਟੀ), ‘ਦਾਣਾ ਪਾਣੀ’ (2018 ਨਿਰਦੇਸ਼ਕ ਤਰੁਣਵੀਰ ਜਗਪਾਲ), ‘ਅਰਦਾਸ ਕਰਾਂ’ (2019 ਨਿਰਦੇਸ਼ਕ ਗਿੱਪੀ ਗਰੇਵਾਲ), ‘ਅੰਗਰੇਜ਼’ (2015 ਸਿਮਰਜੀਤ ਸਿੰਘ), ‘ਮਸਤਾਨੇ’ (2023 ਸਿਮਰ ਆਰਟਸ) ਆਦਿ ਫਿਲਮਾਂ ਸ਼ਾਮਿਲ ਹਨ।

ਪੰਜਾਬੀ ਸਿਨੇਮਾ ਦੀ ਪਹਿਲੀ 100 ਕਰੋੜ ਦੀ ਕਮਾਈ ਕਰਨ ਵਾਲੀ ਫਿਲਮ ‘ਕੈਰੀ ਆਨ ਜੱਟਾ 3’ ਹੈ, ਇਸ ਤੋਂ ਇਲਾਵਾ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਪੰਜਾਬੀ ਫਿਲਮ ‘ਜੱਟ ਐਂਡ ਜੂਲੀਅਟ 3’ ਹੈ, ਜਿਸ ਨੇ 107 ਤੋਂ ਜਿਆਦਾ ਕਰੋੜ ਦੀ ਕਮਾਈ ਕੀਤੀ ਹੈ।

ਸੰਖੇਪ : ਪੰਜਾਬੀ ਸਿਨੇਮਾ ਦੀ ਪਹਿਲੀ ਫਿਲਮ “ਮਿਰਜ਼ਾ-ਸਾਹਿਬਾਂ” ਰੋਮਾਂਟਿਕ ਕਹਾਣੀ ‘ਤੇ ਆਧਾਰਿਤ ਸੀ, ਜਿਸ ਵਿੱਚ ਪ੍ਰਮੁੱਖ ਅਦਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।