2 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ ) : ‘ਰਾਜ਼ੀ’, ‘ਟੁਣਕਾ ਟੁਣਕਾ’ ਅਤੇ ਲਘੂ ਫਿਲਮ ‘ਸਬੂਤੇ ਕਦਮ’ ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਪੰਜਾਬੀ ਅਦਾਕਾਰਾ ਵੀਰ ਸਮਰ (ਵੀਰਪਾਲ ਕੌਰ) ਦਾ ਦੇਹਾਂਤ ਹੋ ਗਿਆ ਹੈ, ਹਾਲਾਂਕਿ ਅਜੇ ਤੱਕ ਉਨ੍ਹਾਂ ਦੇ ਦੇਹਾਂਤ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।
ਹਾਲ ਹੀ ਵਿੱਚ ‘ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ’ ਦੇ ਅਧਿਕਾਰਤ ਸੋਸ਼ਲ ਮੀਡੀਆ ਪੇਜ ਨੇ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਅਦਾਕਾਰਾ ਦੇ ਦੇਹਾਂਤ ਦੀ ਖਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਵੀ ਭਾਵੁਕ ਹੋ ਕੇ ਅਦਾਕਾਰਾ ਦੀ ਫੋਟੋ ਸਾਂਝੀ ਕੀਤੀ ਅਤੇ ਲਿਖਿਆ, ‘ਉਦਾਸ ਕਵਿਤਾ ਵਰਗੀ ਕੁੜੀ ਤੁਰ ਗਈ ਚੁੱਪ ਚੁਪੀਤੇ…ਮੇਰੀ ਧੀਅ ਸੀ ਉਹ, ਛੋਟੀ ਭੈਣ ਸੀ, ਮੈਂ ਉਸਦੀ ਲਿਆਂਦੀ ਨਾਭੀ ਪੱਗ ਬਹੁਤ ਚਾਅ ਨਾਲ ਬੰਨਦਾ ਰਿਹਾ, ਉਸਦਾ ਮੈਨੂੰ “ਬਾਈ” ਕਹਿਣਾ ਮੈਨੂੰ ਬਹੁਤ ਚੰਗਾ ਲੱਗਦਾ ਸੀ। ਉਸਦੇ ਅੰਦਰ ਮਾਸੂਮ ਮੁਹੱਬਤ ਦਾ ਸਮੁੰਦਰ ਸੀ, ਉਸਦੇ ਅੰਦਰ ਪਾਕ ਪਿਆਰ ਦਾ ਦਰਿਆ ਸੀ।’
ਪੋਸਟ ਵਿੱਚ ਉਨ੍ਹਾਂ ਨੇ ਅੱਗੇ ਲਿਖਿਆ, ‘ਬਹੁਤ ਕਮਾਲ ਦੀ ਅਦਾਕਾਰਾ ਸੀ, ਪਹਿਲੀ ਵਾਰ ਮੈਨੂੰ ਬਠਿੰਡੇ ਮੇਰੇ ਘਰ ਮਿਲਣ ਆਈ ਸੀ, ਸ਼ਾਰਟ ਫਿਲਮ “ਸਬੂਤੇ ਕਦਮ” ਦੀ ਸ਼ੂਟਿੰਗ ਵੇਲੇ। ਉਹ ਸੱਚੀ ਸੁੱਚੀ ਮਲਵੈਣ ਸੀ, ਉਸਦੀ ਬੋਲੀ ‘ਚ ਮਾਲਵੇ ਦੀ ਮਹਿਕ ਸੀ, ਸ਼ਾਰਟ ਫਿਲਮ “ਸਬੂਤੇ ਕਦਮ” ‘ਚ ਉਸਦਾ ਰੋਲ ਬਹੁਤ ਕਮਾਲ ਸੀ, ਉਸਦਾ ਬੋਲਿਆ ਇੱਕ ਡਾਇਲਾਗ ਮੇਰੀ ਜਾਨ ਕੱਢ ਲੈਂਦਾ ਸੀ, ਇਸ ਡਾਇਲਾਗ ਨੂੰ ਮੈਂ ਯੂਟਿਊਬ ‘ਤੇ ਵਾਰ ਵਾਰ ਦੇਖਿਆ, “ਚਾਚੀ ਆਪਾਂ ਨੀ ਵਿਆਹ ਵਿਹੂ ਕਰਵਾਉਣਾ, ਆਪਾਂ ਤਾਂ ਐਂ ਈ ਠੀਕ ਆਂ।”
ਨਿਰਦੇਸ਼ਕ ਨੇ ਅੱਗੇ ਕਿਹਾ, ‘ਆਲੀਆ ਭੱਟ ਦੀ ਮੇਘਨਾ ਗੁਲਜ਼ਾਰ ਨਿਰਦੇਸ਼ਿਤ ਫਿਲਮ “ਰਾਜ਼ੀ” ‘ਚ ਵੀ ਉਸਦਾ ਬਹੁਤ ਦਮਦਾਰ ਰੋਲ ਸੀ ਪਰ ਉਹ ਭੋਲੀ ਇਸ ਕੰਮ ਦੇ ਸਿਲਸਿਲੇ ਨੂੰ ਜਾਰੀ ਨਹੀਂ ਰੱਖ ਪਾਈ, ਮੈਨੂੰ ਉਹ ਆਖਰੀ ਵਾਰ “ਮੇਰਾ ਬਾਬਾ ਨਾਨਕ” ਦੇ ਸ਼ੂਟ ‘ਤੇ ਮਿਲੀ ਸੀ, ਹੁਣ ਇੱਕ ਸਾਲ ਤੋਂ ਮੈਂ ਉਸਨੂੰ ਲਗਾਤਾਰ ਲੱਭਦਾ ਰਿਹਾ ਪਰ ਉਹ ਮਿਲੀ ਨਹੀਂ, ਨਾ ਉਸਦਾ ਫੋਨ ਕਦੇ ਮਿਲਿਆ, ਨਾ ਉਸਨੇ ਸੰਦੇਸ਼ ਦਾ ਜਵਾਬ ਦਿੱਤਾ ਅਤੇ ਅੱਜ ਇਹ ਖ਼ਬਰ ਮਿਲ ਗਈ। ਉਹ ਚੁੱਪ ਚੁਪੀਤੇ ਤੁਰ ਗਈ, ਬਹੁਤਿਆਂ ਨੂੰ ਬਿਨ ਬੋਲੇ ਸਜ਼ਾ ਦੇ ਗਈ, ਉਸਦਾ ਇੰਝ ਤੁਰ ਜਾਣਾ ਮੌਤ ਦੇ ਦੁਖਾਂਤ ਨੂੰ 100 ਗੁਣਾ ਵਧਾ ਗਿਆ। ਵਾਹਿਗੁਰੂ ਉਸ ਧੀਅ ਦੀ ਆਤਮਾ ਨੂੰ ਹੀ ਸ਼ਾਂਤੀ ਦੇ ਦੇਵੇ, ਜਿਉਂਦੇ ਜੀਅ ਤਾਂ ਉਹ ਬੇਚੈਨ ਹੀ ਰਹੀ, ਉਸਨੂੰ ਕੋਈ ਸਮਝ ਨਹੀਂ ਸਕਿਆ। ਵੀਰ ਸਮਰ ਸੀ ਉਸਦਾ ਨਾਂਅ…।’ ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੂੰ ਲਘੂ ਫਿਲਮ ‘ਸਬੂਤੇ ਕਦਮ’ ਵਿੱਚ ਉਸਦੇ ਰੋਲ ਲਈ ਕਾਫੀ ਪ੍ਰਸ਼ੰਸਾ ਹਾਸਿਲ ਹੋਈ ਸੀ।
ਸੰਖੇਪ: ਪੰਜਾਬੀ ਅਦਾਕਾਰਾ ਦੇ ਦਿਹਾਂਤ ਦੀ ਖਬਰ ਨਾਲ ਇੰਡਸਟਰੀ ਵਿੱਚ ਸੋਗ ਛਾ ਗਿਆ। ਨਿਰਦੇਸ਼ਕ ਅਮਰਦੀਪ ਗਿੱਲ ਨੇ ਭਾਵੁਕ ਸ਼ਬਦਾਂ ਵਿੱਚ ਸ਼ਰਧਾਂਜਲੀ ਦਿੱਤੀ।