ਬਠਿੰਡਾ, 15 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਹੁਸ਼ਿਆਰਪੁਰ ਵਿੱਚ ਇਕ ਬੱਚੇ ਦੇ ਕਤਲ ਤੋਂ ਬਾਅਦ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ। ਜ਼ਿਲ੍ਹੇ ਦੇ ਇਕ ਪਿੰਡ ਗਹਿਰੀ ਦੇਵੀ ਨਗਰ ਦੀ ਪੰਚਾਇਤ ਨੇ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਮਤਾ ਪਾਸ ਕਰ ਦਿੱਤਾ ਹੈ, ਜਦੋਂ ਕਿ ਪਿੰਡ ਲਹਿਰਾ ਮੁਹੱਬਤ ਵਿੱਚ ਪਰਵਾਸੀ ਮਜ਼ਦੂਰਾਂ ਨੇ ਇੱਕ ਪੰਜਾਬੀ ਨੌਜਵਾਨ ਦੀ ਕੁੱਟਮਾਰ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗਹਿਰੀ ਦੇਵੀ ਨਗਰ ਦੀ ਪੰਚਾਇਤ ਨੇ ਇਕ ਮਤਾ ਪਾਸ ਕਰਕੇ ਫੈਸਲਾ ਕੀਤਾ ਹੈ ਕਿ ਪਿੰਡ ਵਿਚ ਕੋਈ ਵੀ ਪਰਵਾਸੀ ਮਜ਼ਦੂਰ ਨਹੀਂ ਰਹਿ ਸਕੇਗਾ। ਮਤੇ ਵਿੱਚ ਲਿਖਿਆ ਹੈ ਕਿ ਪਿੰਡ ਦਾ ਕੋਈ ਵੀ ਵਿਅਕਤੀ ਪਰਵਾਸੀ ਮਜ਼ਦੂਰ ਨੂੰ ਆਪਣਾ ਘਰ ਜਾਂ ਜਗ੍ਹਾ ਨਹੀਂ ਦੇਵੇਗਾ ਤੇ ਨਾ ਹੀ ਪਰਵਾਸੀ ਮਜ਼ਦੂਰ ਪਿੰਡ ਵਿਚ ਜਗ੍ਹਾ ਜਾਂ ਘਰ ਖਰੀਦ ਸਕੇਗਾ।
ਇਸ ਦੇ ਨਾਲ ਹੀ ਪਿੰਡ ’ਚ ਪਰਵਾਸੀ ਮਜ਼ਦੂਰ ਦੀ ਵੋਟ ਜਾਂ ਆਧਾਰ ਕਾਰਡ ਨਹੀਂ ਬਣਵਾਇਆ ਜਾਵੇਗਾ। ਪਰਵਾਸੀ ਮਜ਼ਦੂਰ ਜੇਕਰ ਕਿਸੇ ਨੇ ਰੱਖਣਾ ਹੈ ਤਾਂ ਉਸ ਨੂੰ ਖੇਤ ਬਣੇ ਕਮਰੇ ਅੰਦਰ ਰੱਖਿਆ ਜਾ ਸਕੇਗਾ। ਇਸ ਤੋਂ ਇਲਾਵਾ ਪਰਵਾਸੀ ਮਜ਼ਦੂਰਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਦਾ ਫੈਸਲਾ ਵੀ ਕੀਤਾ ਗਿਆ। ਗ੍ਰਾਮ ਪੰਚਾਇਤ ਗਹਿਰੀ ਭਾਗੀ ਵੱਲੋਂ ਸਰਪੰਚ ਬਲਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਦੀ ਸਾਂਝੀ ਧਰਮਸ਼ਾਲਾ ’ਚ ਰੱਖੇ ਇਕੱਠ ਦੌਰਾਨ ਪੰਚਾਇਤ ਦੇ ਫੈਸਲਿਆਂ ਨੂੰ ਲੋਕਾਂ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਬੀਕੇਯੂ ਉਗਰਾਹਾਂ ਅਤੇ ਬੀਕੇਯੂ ਸਿੱਧੂਪੁਰ ਨੇ ਵੀ ਸਮਰਥਨ ਦਿੱਤਾ ਹੈ। ਸਰਬਸੰਮਤੀ ਨਾਲ ਲਏ ਫੈਸਲਿਆਂ ਵਿਚ ਪਿੰਡ ’ਚ ਰਹਿ ਰਹੇ ਪਰਵਾਸੀ ਮਜ਼ਦੂਰਾਂ ਉਪਰ ਹੁਣ ਪਿੰਡ ਵਿਚ ਘਰ ਜਾਂ ਜ਼ਮੀਨ ਖਰੀਦਣ ’ਤੇ ਰੋਕ ਲਗਾਈ ਗਈ ਹੈ।
ਇਸੇ ਤਰ੍ਹਾਂ ਵੋਟ ਬਣਾਉਣ ‘ਤੇ ਵੀ ਪਾਬੰਦੀ ਲੱਗੀ ਹੈ।
ਇਸ ਤੋਂ ਇਲਾਵਾ ਪਰਵਾਸੀ ਮਜ਼ਦੂਰਾਂ ਨੂੰ ਪਿੰਡ ਵਿਚ ਲਿਆਉਣ ਵਾਲੇ ਪਰਿਵਾਰ ਉੱਪਰ ਪੂਰੀ ਜ਼ਿੰਮੇਵਾਰੀ ਪਾਈ ਗਈ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਕੋਈ ਪਰਵਾਸੀ ਮਜ਼ਦੂਰ ਕਿਸੇ ਤਰ੍ਹਾਂ ਦੀ ਗਲਤ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਸਨੂੰ ਲਿਆਉਣ ਵਾਲਾ ਵਿਅਕਤੀ ਵੀ ਜ਼ਿੰਮੇਵਾਰ ਹੋਵੇਗਾ। ਇਸਦੇ ਨਾਲ ਹੀ ਪੰਚਾਇਤ ਨੇ ਇਹ ਵੀ ਫੈਸਲਾ ਪਰਵਾਸੀ ਮਜ਼ਦੂਰ ਪਿੰਡ ਵਿਚ ਰਹਿਣ ਦੀ ਬਜਾਏ ਸਬੰਧਤ ਕਿਸਾਨ ਦੀ ਖੇਤ ਵਿਚ ਲੱਗੀ ਮੋਟਰ ਵਾਲੇ ਕੋਠੇ ਵਿਚ ਹੀ ਰੱਖੇ ਜਾਣਗੇ।
ਪਿੰਡ ਦੇ ਸਰਪੰਚ ਬਲਜੀਤ ਸਿੰਘ ਸਿੱਧੂ ਨੇ ਇਨ੍ਹਾਂ ਮਤਿਆਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਜਲਦ ਹੀ ਉਹ ਇਨ੍ਹਾਂ ਮਤਿਆਂ ਦੀ ਕਾਪੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਦੇਣਗੇ ਤੇ ਨਾਲ ਹੀ ਪਿੰਡ ਵਿਚ ਪਰਵਾਸੀ ਮਜ਼ਦੂਰਾਂ ਦੀਆਂ ਬਣੀਆਂ ਵੋਟਾਂ ਕੱਟਣ ਲਈ ਵੀ ਕਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਦੌਰਾਨ ਪਰਵਾਸੀ ਮਜ਼ਦੂਰਾਂ ਵੱਲੋਂ ਕਈ ਗੰਭੀਰ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ, ਜਿਸਦੇ ਚੱਲਦੇ ਇਹ ਫੈਸਲੇ ਲਏ ਗਏ ਹਨ।
ਲਹਿਰਾ ਮੁਹੱਬਤ ’ਚ ਪਰਵਾਸੀ ਮਜ਼ਦੂਰ ਨੇ ਨੌਜਵਾਨ ਨੂੰ ਕੁੱਟਿਆ
ਇਸ ਤਰ੍ਹਾਂ ਪਿੰਡ ਲਹਿਰਾ ਮੁਹੱਬਤ ਵਿਚ ਪਰਵਾਸੀ ਮਜ਼ਦੂਰਾਂ ਨੇ ਪਿੰਡ ਦੇ ਇੱਕ ਨੌਜਵਾਨ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲਹਿਰਾ ਮੁਹੱਬਤ ਦਾ ਸਤਨਾਮ ਸਿੰਘ ਲਹਿਰਾ ਮੁਹੱਬਤ ਦੀ ਥਰਮਲ ਮਾਰਕੀਟ ਵਿੱਚੋਂ ਕੁਝ ਸਾਮਾਨ ਲੈਣ ਗਿਆ ਸੀ, ਇਸ ਦੌਰਾਨ ਉਸ ਦੀ ਰੇਹੜੀ ਵਾਲੇ ਪਰਵਾਸੀ ਮਜ਼ਦੂਰ ਨਾਲ ਝਗੜਾ ਹੋ ਗਿਆ। ਇਸ ਦੌਰਾਨ ਹੀ ਇਕੱਠੇ ਹੋਏ ਪਰਵਾਸੀ ਮਜ਼ਦੂਰਾਂ ਨੇ ਸਤਨਾਮ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਉਸ ਨੂੰ ਪਹਿਲਾਂ ਰਾਮਪੁਰਾ ਦੇ ਹਸਪਤਾਲ ’ਚ ਲਿਜਾਇਆ ਗਿਆ, ਜਿੱਥੋਂ ਉਸਨੂੰ ਬਠਿੰਡਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਹੈ।
ਦੂਜੇ ਪਾਸੇ ਪਰਵਾਸੀ ਮਜ਼ਦੂਰਾਂ ਦਾ ਕਹਿਣਾ ਸੀ ਕਿ ਉਕਤ ਨੌਜਵਾਨ ਨੇ ਟਰੈਕਟਰ ਨਾਲ ਉਨ੍ਹਾਂ ਦੀਆਂ ਰੇਹੜੀਆਂ ਤੋੜ ਦਿੱਤੀਆਂ। ਇਸ ਘਟਨਾ ਦਾ ਪਤਾ ਲੱਗਦਾ ਸੀ ਪਿੰਡ ਲਹਿਰਾ ਮੁਹੱਬਤ ਦੇ ਲੋਕ ਅਤੇ ਹੋਰ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਤੇ ਉਨ੍ਹਾਂ ਥਰਮਲ ਮਾਰਕੀਟ ਵਿੱਚ ਪਰਵਾਸੀ ਮਜ਼ਦੂਰਾਂ ਦੀਆਂ ਲਾਈਆਂ ਰੇਹੜੀਆਂ ਚੁਕਵਾ ਦਿੱਤੀਆਂ। ਦੂਜੇ ਪਾਸੇ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਘੜੇ ਜਾ ਰਹੇ ਇਸ ਬ੍ਰਿਤਾਂਤ ਨੂੰ ਲੈ ਕੇ ਲੋਕ ਚਿੰਤਤ ਹਨ। ਪਿੰਡ ਲਹਿਰਾ ਮੁਹੱਬਤ ਦੇ ਲੋਕ ਮੰਗ ਕਰ ਰਹੇ ਹਨ ਕਿ ਸਤਨਾਮ ਸਿੰਘ ਦੀ ਕੁੱਟਮਾਰ ਕਰਨ ਵਾਲੇ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਤੁਰੰਤ ਕੇਸ ਦਰਜ ਕੀਤਾ ਜਾਵੇ।