ਚੰਡੀਗੜ੍ਹ, 04 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਪੂਰਥਲਾ ਸਮੇਤ ਪ੍ਰਦੇਸ਼ ਦੇ ਹੋਰ ਸਿਵਲ ਹਸਪਤਾਲਾਂ ’ਚ ਆਕਸੀਜਨ ਜਨਰੇਸ਼ਨ ਪਲਾਂਟ ਬੰਦ ਹੋਣ ਦੇ ਮਾਮਲੇ ‘ਤੇ ਕੜਾ ਰੁਖ ਅਪਣਾਉਂਦਿਆਂ ਪੰਜਾਬ ਸਰਕਾਰ ਨੂੰ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ। ਕੋਰਟ ਨੇ ਸਾਫ਼ ਕੀਤਾ ਕਿ ਸਰਕਾਰ ਨੂੰ ਪਟੀਸ਼ਨ ‘ਤੇ ਜਵਾਬ ਦਾਖ਼ਲ ਕਰਨਾ ਪਵੇਗਾ।
ਪਟੀਸ਼ਨਕਰਤਾ ਸੁਨੈਨਾ ਤੇ ਕੁੰਵਰ ਪਾਹੁਲ ਸਿੰਘ ਨੇ ਖ਼ੁਦ ਅਦਾਲਤ ’ਚ ਪੇਸ਼ ਹੋ ਕੇ ਦਲੀਲ ਦਿੱਤੀ ਕਿ ਆਕਸੀਜਨ ਪਲਾਂਟ ਦਾ ਬੰਦ ਹੋਣਾ ਗੰਭੀਰ ਮਰੀਜ਼ਾਂ ਦੀ ਜ਼ਿੰਦਗੀ ਲਈ ਖ਼ਤਰਾ ਹੈ ਤੇ ਇਹ ਸੂਬੇ ਦੀ ਸਿਹਤ ਪ੍ਰਣਾਲੀ ਦੀ ਅਸਫਲਤਾ ਨੂੰ ਦਰਸਾਉਂਦਾ ਹੈ। ਸੀਨੀਅਰ ਮੈਡੀਕਲ ਅਫਸਰ ਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਵਾਰ-ਵਾਰ ਸਿਹਤ ਵਿਭਾਗ ਨੂੰ ਲਿਖਤੀ ਸ਼ਿਕਾਇਤ ਤੇ ਬੇਨਤੀ ਕਰਨ ਦੇ ਬਾਵਜੂਦ ਟਰੇਂਡ ਸਟਾਫ ਦੀ ਨਿਯੁਕਤੀ ਨਹੀਂ ਕੀਤੀ ਗਈ। ਮਜਬੂਰੀ ’ਚ ਹਸਪਤਾਲ ਨੂੰ ਆਕਸੀਜਨ ਸਿਲੰਡਰਾਂ ‘ਤੇ ਨਿਰਭਰ ਰਹਿਣਾ ਪੈ ਰਿਹਾ ਹੈ, ਜੋ ਐਮਰਜੈਂਸੀ ਸਥਿਤੀ ’ਚ ਨਾ ਤਾਂ ਸਥਾਈ ਹੈ ਅਤੇ ਨਾ ਹੀ ਭਰੋਸੇਮੰਦ। ਕੋਰਟ ਨੂੰ ਦੱਸਿਆ ਗਿਆ ਕਿ ਹਾਲ ਹੀ ’ਚ ਜਲੰਧਰ ਦੇ ਸਿਵਲ ਹਸਪਤਾਲ ’ਚ ਆਕਸੀਜਨ ਪਲਾਂਟ ਦੀ ਕਥਿਤ ਅਸਫ਼ਲਤਾ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਹ ਘਟਨਾ ਦਰਸਾਉਂਦੀ ਹੈ ਕਿ ਸੂਬੇ ’ਚ ਲਗਾਤਾਰ ਲਾਪਰਵਾਹੀ ਤੇ ਜਵਾਬਦੇਹੀ ਦੀ ਕਮੀ ਹੈ। ਪਟੀਸ਼ਨ ’ਚ ਕੋਰਟ ਤੋਂ ਬੇਨਤੀ ਕੀਤੀ ਗਈ ਕਿ ਕਪੂਰਥਲਾ ਆਕਸੀਜਨ ਪਲਾਂਟ ਨੂੰ ਤੁਰੰਤ ਚਾਲੂ ਕਰ ਕੇ ਟਰੇਂਡ ਤਕਨੀਕੀ ਸਟਾਫ ਦੀ ਤਾਇਨਾਤੀ ਕੀਤੀ ਜਾਵੇ। ਪੰਜਾਬ ਭਰ ’ਚ ਸਾਰੇ ਆਕਸੀਜਨ ਜਨਰੇਸ਼ਨ ਪਲਾਂਟ ਦਾ ਆਡਿਟ ਕੀਤਾ ਜਾਵੇ। ਜ਼ਿੰਮੇਵਾਰ ਅਧਿਕਾਰੀਆਂ ‘ਤੇ ਕਾਰਵਾਈ ਕਰ ਕੇ ਭਵਿੱਖ ’ਚ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਪ੍ਰਣਾਲੀਗਤ ਸੁਧਾਰ ਕੀਤੇ ਜਾਣ।
