14 ਜੂਨ (ਪੰਜਾਬੀ ਖਬਰਨਾਮਾ):ਲੋਕ ਸਭਾ ਚੋਣਾਂ ਜੰਗ ਜਿੱਤਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਮਿਲਣੀ ਪ੍ਰੋਗਰਾਮ ਕਰਵਾਉਣ ਜਾ ਰਹੇ ਹਨ। ਉਹ ਅੱਜ ਯਾਨੀ ਸ਼ੁੱਕਰਵਾਰ ਤੋਂ ਇਸ ਦੀ ਸ਼ੁਰੂਆਤ ਕਰਨਗੇ। ਇਸ ਪ੍ਰੋਗਰਾਮ ਤਹਿਤ ਉਹ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕਾਂਗਰਸ ਭਵਨ ਵਿੱਚ ਬੈਠਣਗੇ। ਇਸ ਦੌਰਾਨ ਜੇਕਰ ਕੋਈ ਉਨ੍ਹਾਂ ਦੇ ਨਾਲ ਮੁਲਾਕਤ ਕਰਨਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਜ਼ਰੂਰ ਮਿਲਣਗੇ।

ਇਸ ਪ੍ਰੋਗਰਾਮ ਵਿੱਚ ਉਹ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਸੁਣਨਗੇ। ਚੋਣਾਂ ਤੋਂ ਬਾਅਦ ਕਾਂਗਰਸ ਦੀ ਇਹ ਨਵੀਂ ਪਹਿਲ ਹੈ। ਇਸ ਵਾਰ ਰਾਜਾ ਵੜਿੰਗ ਨੇ ਲੁਧਿਆਣਾ ਤੋਂ ਲੋਕ ਸਭਾ ਚੋਣ ਲੜੀ ਸੀ, ਜਿਸ ਵਿੱਚ ਉਨ੍ਹਾਂ ਨੇ ਭਾਜਪਾ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਹਰਾਇਆ ਸੀ।

ਕਾਂਗਰਸ ਨੇ ਸੱਤ ਸੀਟਾਂ ਜਿੱਤੀਆਂ

ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਵਿੱਚ ਜੋਸ਼ ਹੈ। ਚੋਣਾਂ ‘ਚ ਕਾਂਗਰਸ ਸੂਬੇ ‘ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਸੂਬੇ ਦੀਆਂ 13 ਲੋਕ ਸਭਾ ਸੀਟਾਂ ‘ਚੋਂ ਕਾਂਗਰਸ ਨੇ 7 ‘ਤੇ ਜਿੱਤ ਹਾਸਲ ਕੀਤੀ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਤਿੰਨ, ਆਜ਼ਾਦ ਨੂੰ ਦੋ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਇੱਕ ਸੀਟ ਮਿਲੀ ਹੈ। ਭਾਜਪਾ ਚੋਣਾਂ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਹੈ। ਹਾਲਾਂਕਿ ਭਾਜਪਾ ਦੀ ਵੋਟ ਫੀਸਦ ਦੁੱਗਣਾ ਹੋ ਗਈ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਹ 9 ਫੀਸਦੀ ਦੇ ਕਰੀਬ ਸੀ, ਜੋ ਹੁਣ ਵਧ ਕੇ 19 ਫੀਸਦੀ ਤੋਂ ਵੱਧ ਹੋ ਗਿਆ ਹੈ।

ਜਲੰਧਰ ਜ਼ਿਮਨੀ ਚੋਣ ‘ਤੇ ਨਜ਼ਰ

ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੇ ਹੁਣ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ‘ਤੇ ਵੀ ਆਪਣੀ ਨਜ਼ਰ ਬਣਾ ਕੇ ਰੱਖੀ ਹੋਈ ਹੈ। ਪਾਰਟੀ ਦੇ ਸੀਨੀਅਰ ਆਗੂਆਂ ਨੇ ਜਲੰਧਰ ਵਿੱਚ ਚੋਣਾਂ ਸਬੰਧੀ ਮੀਟਿੰਗ ਕੀਤੀ ਹੈ। ਉਥੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਸਾਰੇ ਆਗੂ ਮੌਜੂਦ ਸਨ। ਜਲਦ ਹੀ ਪਾਰਟੀ ਜਲੰਧਰ ਤੋਂ ਉਮੀਦਵਾਰ ਦਾ ਐਲਾਨ ਹੋਵੇਗਾ। ਹਾਲਾਂਕਿ ਇਸ ਵਾਰ ਪਾਰਟੀ ਨੂੰ ਜਲੰਧਰ ਸੀਟ ਤੋਂ ਬਹੁਤ ਉਮੀਦਾਂ ਹਨ। ਕਿਉਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਲੋਕ ਸਭਾ ਸੀਟ ਤੋਂ ਜਿੱਤੇ ਹਨ। ਉਨ੍ਹਾਂ ਨੇ ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ। ਅਜਿਹੇ ‘ਚ ਪਾਰਟੀ ਦਾ ਮਨੋਬਲ ਵਧਿਆ ਹੈ। ਇਹ ਵੀ ਉਮੀਦ ਹੈ ਕਿ ਇਸ ਵਾਰ ਵੀ ਪਾਰਟੀ ਇਸ ਸੀਟ ‘ਤੇ ਜਿੱਤ ਹਾਸਲ ਕਰੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।