30 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿਚ ਵੀ ਇਕ ਵੱਡਾ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਪਟਾਕੇ ਬਣਾਉਣ ਵਾਲੀ ਯੂਨਿਟ ਦੀ ਇਮਾਰਤ ਢਹਿ ਗਈ ਹੈ, ਜਿਸ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਧਮਾਕੇ ਕਾਰਨ ਹੋਇਆ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਖਦਸ਼ਾ ਹੈ ਕਿ ਮਲਬੇ ਹੇਠ ਹੋਰ ਵੀ ਕਈ ਲੋਕ ਦੱਬੇ ਹੋ ਸਕਦੇ ਹਨ। ਰਾਹਤ ਕਾਰਜ ਵੀ ਸ਼ੁਰੂ ਕਰ ਦਿੱਤੇ ਗਏ ਹਨ।
ਮੁਕਤਸਰ ਜ਼ਿਲ੍ਹੇ ਦੇ ਸਿੰਘੇਵਾਲਾ ਵਿੱਚ ਇਮਾਰਤ ਡਿੱਗਣ ਕਾਰਨ ਘੱਟੋ-ਘੱਟ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਰਾਤ 2 ਵਜੇ ਦੇ ਕਰੀਬ ਵਾਪਰੀ। ਕਰਮਚਾਰੀ ਹਰਿਆਣਾ ਰਾਜ ਦੀ ਸਰਹੱਦ ‘ਤੇ ਸਥਿਤ ਇਸ ਯੂਨਿਟ ਵਿੱਚ ਪਟਾਕੇ ਬਣਾਉਣ ਅਤੇ ਪੈਕ ਕਰਨ ਦਾ ਕੰਮ ਕਰ ਰਹੇ ਸਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਪ੍ਰਵਾਸੀ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
ਮੁਕਤਸਰ ਦੇ ਐਸਐਸਪੀ ਅਖਿਲ ਚੌਧਰੀ ਨੇ ਕਿਹਾ ਹੈ ਕਿ ਮਲਬੇ ਵਿੱਚੋਂ ਦੋ ਲਾਸ਼ਾਂ ਕੱਢ ਲਈਆਂ ਗਈਆਂ ਹਨ ਅਤੇ ਜ਼ਖਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲਗਭਗ 20 ਮਜ਼ਦੂਰਾਂ ਨੂੰ ਏਮਜ਼ ਯਾਨੀ ਕਿ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਬਠਿੰਡਾ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਕੁਝ ਮਜ਼ਦੂਰਾਂ ਦਾ ਇਲਾਜ ਮੁਕਤਸਰ ਦੇ ਹਸਪਤਾਲ ਵਿੱਚ ਵੀ ਕੀਤਾ ਜਾ ਰਿਹਾ ਹੈ।
ਓਥੇ ਹੀ ਸ਼ੁੱਕਰਵਾਰ ਨੂੰ ਜਲੰਧਰ ਦੇ ਸੋਢਲ ਚੌਕ ਨੇੜੇ ਇੱਕ ਸਾਈਕਲ ਦੀ ਦੁਕਾਨ ਵਿੱਚ ਇੱਕ ਵੱਡਾ ਧਮਾਕਾ ਹੋਇਆ। ਇਹ ਧਮਾਕਾ ਦੁਕਾਨ ਵਿੱਚ ਰੱਖੇ ਕੰਪ੍ਰੈਸਰ ਦੇ ਫਟਣ ਕਾਰਨ ਹੋਇਆ। ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਫੜਾ-ਦਫੜੀ ਮਚ ਗਈ ਅਤੇ ਲੋਕ ਡਰ ਕੇ ਬਾਹਰ ਆ ਗਏ।
ਖੁਸ਼ਕਿਸਮਤੀ ਇਹ ਸੀ ਕਿ ਹਾਦਸੇ ਸਮੇਂ ਦੁਕਾਨਦਾਰ ਦੁਕਾਨ ਵਿੱਚ ਮੌਜੂਦ ਨਹੀਂ ਸੀ। ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ, ਜਿਸ ਕਾਰਨ ਉਸਦੀ ਜਾਨ ਬਚ ਗਈ। ਧਮਾਕੇ ਕਾਰਨ ਦੁਕਾਨ ਦੀ ਛੱਤ ਉੱਡ ਗਈ ਅਤੇ ਕੰਪ੍ਰੈਸਰ ਲਗਭਗ 15 ਫੁੱਟ ਦੂਰ ਡਿੱਗ ਗਿਆ। ਇਸਦੀ ਮੋਟਰ ਇੱਕ ਦਰੱਖਤ ਨਾਲ ਲਟਕ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਲੋਕਾਂ ਨੂੰ ਦੋ ਗਲੀਆਂ ਦੂਰ ਮਹਿਸੂਸ ਹੋਈ ਅਤੇ ਡਰ ਦਾ ਮਾਹੌਲ ਬਣ ਗਿਆ। ਇੱਕ ਵਿਅਕਤੀ ਨੇ ਕਿਹਾ ਕਿ ਆਵਾਜ਼ ਸੁਣ ਕੇ ਅਜਿਹਾ ਮਹਿਸੂਸ ਹੋਇਆ ਜਿਵੇਂ ਅਸਮਾਨ ਤੋਂ ਬੰਬ ਡਿੱਗਿਆ ਹੋਵੇ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੁਕਾਨਦਾਰ ਕੰਪ੍ਰੈਸਰ ਨੂੰ ਚੱਲਦਾ ਛੱਡ ਕੇ ਚਲਾ ਗਿਆ ਸੀ, ਜਿਸ ਕਾਰਨ ਇਹ ਹਾਦਸਾ ਹੋਇਆ। ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ, ਪਰ ਦੁਕਾਨ ਨੂੰ ਬਹੁਤ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਨੂੰ ਲਗਭਗ 50 ਤੋਂ 70 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।
ਸੰਖੇਪ: ਪੰਜਾਬ ਵਿੱਚ ਵਾਪਰਿਆ ਜ਼ਬਰਦਸਤ ਧਮਾਕਾ, ਜਿਸ ਵਿੱਚ 5 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋਏ। ਪੁਲਿਸ ਜਾਂਚ ਕਰ ਰਹੀ ਹੈ।