ਚੰਡੀਗੜ੍ਹ, 30 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਅੰਮ੍ਰਿਤਸਰ ਵਿੱਚ 26 ਜਨਵਰੀ ਨੂੰ ਅਕਾਸ਼ਦੀਪ ਸਿੰਘ ਨਾਂ ਦੇ ਨੌਜਵਾਨ ਵੱਲੋਂ ਡਾ. ਅੰਬੇਡਕਰ ਦੇ ਬੁੱਤ ਨਾਲ ਤੋੜ-ਭੰਨ ਕੀਤੀ ਗਈ ਸੀ, ਜਿਸ ਨੂੰ ਲੈ ਕੇ ਦਲਿਤ ਭਾਈਚਾਰੇ ਵਿੱਚ ਭਾਰੀ ਰੋਸ ਹੈ। ਦਲਿਤ ਭਾਈਚਾਰੇ ਦਾ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰੋਸ ਪ੍ਰਦਰਸ਼ਨ ਜਾਰੀ ਹੈ।
ਅੱਜ ਇਸੇ ਸਿਲਸਿਲੇ ਵਿੱਚ ਪੰਜਾਬ ਭਾਜਪਾ ਦਾ ਵਫਦ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ। ਜਦੋਂ ਭਾਜਪਾ ਵਫਦ ਰਾਜਪਾਲ ਕਟਾਰੀਆ ਨੂੰ ਮਿਲ ਕੇ ਬਾਹਰ ਆਇਆ ਤਾਂ ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕੀਤੀ। ਰਾਜਪਾਲ ਗੁਲਾਬ ਚੰਦ ਨਾਲ ਮੁਲਾਕਾਤ ਤੋਂ ਬਾਅਦ ਮਨੋਰੰਜਨ ਕਾਲੀਆ ਨੇ ਕਿਹਾ ਕਿ 26 ਜਨਵਰੀ ਨੂੰ ਬਾਬਾ ਸਾਹਿਬ ਅੰਬੇਡਕਰ ਸੰਬੰਧੀ ਜੋ ਮਾਮਲਾ ਆਇਆ ਸੀ, ਜਿਸ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ ਸੀ, ਇਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੋਵੇਗੀ। ਅਸੀਂ ਗਵਰਨਰ ਨੂੰ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਜ਼ਰੂਰੀ ਹੈ।
ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਇਹ ਦੋਸ਼ੀ ਦੁਬਈ ਵਿੱਚ ਸੀ ਅਤੇ ਜਦੋਂ ਉਹ ਵਾਪਸ ਆਇਆ ਤਾਂ ਉਸਨੇ ਕੇਸ ਰੱਖੇ। ਇਸੇ ਤਰ੍ਹਾਂ ਅੰਮ੍ਰਿਤਪਾਲ ਵੀ ਬਾਅਦ ਵਿਚ ਸਿੰਘ ਸਜਿਆ ਸੀ। ਜੇਕਰ ਇਸ ਪਿੱਛੇ ਏਜੰਸੀ ਨੂੰ ਦੇਖਿਆ ਜਾਵੇ ਤਾਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਦੋਂ ਤੋਂ ‘ਆਪ’ ਸਰਕਾਰ ਸੱਤਾ ਵਿੱਚ ਆਈ ਹੈ, ਪੁਲਿਸ ਆਪਣੀ ਚੁਸਤੀ ਗੁਆ ਚੁੱਕੀ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਸਾਬਕਾ ਸਾਂਸਦ ਸੁਸ਼ਿਲ ਕੁਮਾਰ ਰਿੰਕੂ ਨੇ ਕਿਹਾ ਕਿ ਇਹ ਬੁਰੀ ਘਟਨਾ ਸਾਹਮਣੇ ਆਈ ਹੈ, ਜੇਕਰ ਅਸੀਂ ਸ਼੍ਰੀ ਦਰਬਾਰ ਸਾਹਿਬ ਅਤੇ ਉਸ ਲਾਂਘੇ ਨੂੰ ਵੇਖੀਏ, ਉੱਥੇ ਉੱਚ ਪੱਧਰੀ ਨਿਗਰਾਨੀ ਰੱਖੀ ਗਈ ਹੈ ਅਤੇ ਸੀਸੀਟੀਵੀ ਮੌਜੂਦ ਹਨ। ਉਥੇ ਅਜਿਹੀ ਘਟਨਾ ਦਾ ਵਾਪਰਨਾ ਸਰਕਾਰ ਦੀ ਅਸਫਲਤਾ ਜਾਪਦੀ ਹੈ। ਇਹ ਮੁੱਖ ਮੰਤਰੀ ਦੀ ਨਿੱਜੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਅਤੇ ਇਸ ਮਾਮਲੇ ਦੀ ਜਾਂਚ ਪੰਜਾਬ ਤੋਂ ਬਾਹਰੋਂ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਸਿਸਟਮ ‘ਤੇ ਕੋਈ ਭਰੋਸਾ ਨਹੀਂ ਹੈ।
ਇਸ ਮੌਕੇ ਭਾਜਪਾ ਆਗੂ ਸੋਮਪ੍ਰਕਾਸ਼ ਨੇ ਕਿਹਾ ਕਿ ਇਹ ਘਟਨਾ ਸਾਹਮਣੇ ਆਉਣਾ ਨਿੰਦਣਯੋਗ ਹੈ, ਲੋਕ ਇਸ ਤੋਂ ਦੁਖੀ ਹਨ, ਅਸੀਂ ਇਸਦੀ ਨਿੰਦਾ ਕਰਦੇ ਹਾਂ ਅਤੇ ਦੇਸ਼ ਤੋਂ ਬਾਹਰੋਂ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਰਾਜਪਾਲ ਨੇ ਭਰੋਸਾ ਦਿੱਤਾ ਹੈ ਕਿ ਇਸਦੀ ਜਾਂਚ ਜ਼ਰੂਰ ਕੀਤੀ ਜਾਵੇਗੀ।
ਸੰਖੇਪ: ਪੰਜਾਬ ਵਿੱਚ ਡਾ. ਅੰਬੇਡਕਰ ਦੀ ਮੂਰਤੀ ਨੂੰ ਤੋੜਨ ਵਾਲੇ ਨੌਜਵਾਨ ਨੂੰ ਲੈ ਕੇ ਪੰਜਾਬ BJP ਨੇ ਤਿੱਖਾ ਜਵਾਬ ਦਿੱਤਾ ਹੈ। ਭਾਜਪਾ ਨੇ ਇਸ ਘਟਨਾ ਨੂੰ MP ਅੰਮ੍ਰਿਤਪਾਲ ਸਿੰਘ ਨਾਲ ਤੁਲਨਾ ਕੀਤੀ, ਜਿਨ੍ਹਾਂ ਦੀਆਂ ਕਈ ਰਾਜਨੀਤਿਕ ਅਤੇ ਸਮਾਜਿਕ ਕਾਰਵਾਈਆਂ ਨਾਲ ਵਿਵਾਦ ਜੁੜੇ ਰਹੇ ਹਨ। ਪੰਜਾਬ BJP ਦੇ ਅਧਿਕਾਰੀਆਂ ਨੇ ਮੂਰਤੀ ਦੀ ਭੰਨਤੋੜ ਦੀ ਸਖ਼ਤ ਨਿੰਦਾ ਕੀਤੀ ਅਤੇ ਇਸ ਮਾਮਲੇ ਵਿੱਚ ਜ਼ਿਆਦਾ ਕੜੀ ਕਾਰਵਾਈ ਦੀ ਮੰਗ ਕੀਤੀ।